Saturday 25 February 2017

ਪਰ ਚਮਕੀਲਾ ਨਹੀਂ ਹਟਿਆ ਤੇ...

26 ਅਪ੍ਰੈਲ 1986 ਦਾ ਦਿਨ ਸੀ - ਐਸ਼ ਅਸ਼ੋਕ ਭੌਰਾ

ਜਿਵੇਂ ਲੱਤਾਂ ਤੋਂ ਬਿਨਾ ਕੋਈ ਘਿਸਰ ਕੇ ਤੁਰ ਰਿਹਾ ਹੋਵੇ , ਅਸੀਂ ਮਸਾਂ ਉਥੇ ਪਹੁੰਚੇ ਜਿਥੇ ਪੰਥਕ ਕਮੇਟੀ ਕੋਲ ਪੇਸ਼ੀ ਸੀ। ਚਮਕੀਲਾ ਅੱਗੇ ਹੱਥ ਜੋੜ ਫਤਹਿ ਬੁਲਾ ਕੇ ਬਹਿ ਗਿਆ ਤੇ ਅਸੀਂ ਪਿੱਛੇ। ਦੋ ਕੁ ਪਲ ਚੁੱਪ ਪਸਰੀ ਰਹੀ ਤੇ ਫਿਰ ਵੱਸਣ ਸਿੰਘ ਜਫਰਵਾਲ ਬੋਲ ਪਿਆ, " ਅੱਛਾ ਤੂੰ ਆ ਚਮਕੀਲਾ ! ਤੈਥੋਂ ਬੰਦਿਆ ਵਾਂਗ ਨੀ ਗਾ ਹੁੰਦਾ ? ਇਥੇ ਕਿਵੇਂ ਆਈਐ ? "

ਇਥੇ ਵਿਚਾਰਾ ਸ਼ਬਦ ਚਮਕੀਲੇ ਤੇ ਪੂਰਾ ਢੁਕਵਾਂ ਲੱਗ ਰਿਹਾ ਸੀ। ਉਹਦੀਆਂ ਲੱਤਾਂ ਦੀ ਕੰਬਣੀ ਮੈਂ ਮਹਿਸੂਸ ਕਰ ਰਿਹਾ ਸਾਂ ਤੇ ਅੰਦਰੋਂ ਮੈਨੂੰ ਵੀ ਇਹ ਲੱਗਣ ਲੱਗ ਪਿਆ ਸੀ ਕਿ ਬਚਾਉਣ ਤਾਂ ਇਹਨੂੰ ਆਏ ਸਾਂ ਪਰ ਰੋੜ੍ਹ ਅੱਜ ਸਾਰੇ ਦਿੱਤੇ ਜਾਣਗੇ। ਚਮਕੀਲਾ ਹੱਥ ਜੋੜ ਕੇ ਬਿਨਾ ਕੁਝ ਬੋਲਿਆ ਬੈਠਾ ਰਿਹਾ ਪਰ ਅਗਲੇ ਪਲ ਹਾਲਾਤ ਇਕ ਦਮ ਮੋੜ ਕੱਟ ਗਏ।  ਮਾਨੋਚਾਹਲ ਨੂੰ ਮੈਂ ਪਹਿਲੀ ਵਾਰ ਦੇਖ ਰਿਹਾ ਸਾਂ ਪਰ ਆਸ ਦੇ ਉਲਟ। ਉਹ ਮੈਨੂੰ ਨਰਮ ਤੇ ਦਿਆਲੂ ਲੱਗਣ ਲੱਗਾ ਜਦੋਂ ਉਸ ਨੇ ਅਗਲਾ ਸੁਆਲ ਕੀਤਾ, "ਤਲਵਾਰ ਮੈਂ ਕਲਗੀਧਰ ਦੀ ਹਾਂ " ਵਾਲਾ ਗੀਤ ਤੂੰ ਗਾਇਐ ? ਅਸੀਂ ਅਨੰਦਪੁਰ ਸੁਣਿਆ ਸੀ ਹੋਲੇ ਮਹੱਲੇ ਤੇ। ਹੋਰ ਅਸੀਂ ਤਾਂ ਕੁਝ ਨੀ ਆਪ ਸੁਣਿਆ ਤੇਰਾ। ...ਲੋਕ ਦੱਸਦੇ ਆ ਪਈ ਚੰਗਾ ਨੀ ਗਾ ਰਿਹਾ।  ਤਲਵਾਰ ਵਰਗੇ ਗੀਤ ਗਾ ਲਿਆ ਕਰ।

ਚਮਕੀਲੇ ਚ ਜਿਵੇਂ ਜਾਨ ਪੈ ਗਈ ਹੋਵੇ। ਬੋਲ ਢਿੱਡ ਚੋਂ ਮਸਾਂ ਨਿਕਲੇ ਜਦੋਂ ਉਸ ਨੇ ਆਪਣੀ ਕਾਪੀ ਬਾਬਾ ਮਾਨੋਚਾਹਲ ਅੱਗੇ ਕੀਤੀ, " ਜੀ ਆਹ ਵੇਖ ਲਵੋ, ਹੁਣ ਮੈਂ ਧਾਰਮਿਕ ਗੀਤ ਹੀ ਗਾਇਆ ਕਰਾਂਗਾ। "

-ਅਸੀਂ ਤਾਂ ਤੇਰੀ ਕਾਪੀ ਕੀ ਦੇਖਣੀ ਆ। ਤੂੰ ਗੀਤ ਗਾਉਣ ਤੋਂ ਪਹਿਲਾ ਆਪਣੀ ਭੈਣ ਨੂੰ ਵਿਖਾ ਲਿਆ ਕਰ। ਉਹੀ ਤੇਰਾ ਸੈਂਸਰ ਬੋਰਡ ਆ।

-ਹਾਂਜੀ ਠੀਕ ਆ। ਅੱਗਿਉਂ ਮੈਂ ਕੋਈ ਗਲਤੀ ਨਹੀਂ ਕਰਾਂਗਾ।

-ਪੱਕਾ ??

-ਜੀ ਬਿਲਕੁਲ।

ਉਹਨੇ ਸਲਿੱਪ ਤੇ ਕੁਝ ਲਿਖਿਆ ਤੇ ਉਹ ਹਰਜੀਤ ਦੇ ਹੱਥ ਕਰ ਕੇ ਕਿਹਾ, " ਜਾਉ ਫਿਰ ਸਿੰਘਾਂ ਨੂੰ ਫਿਰ ਸ਼ਿਕਾਇਤ ਨਹੀਂ ਆਉਣੀ ਚਾਹੀਦੀ।

ਤੇ ਉਥੋਂ ਅਸੀਂ ਫਿਰ ਇੱਕ ਹੋਰ ਪਾਸੇ ਚਲੇ ਗਏ। ਪੰਜ-ਸੱਤ ਮਿੰਟ ਤੁਰਦਿਆਂ ਹਰਜੀਤ ਨੇ ਚਮਕੀਲੇ ਨੂੰ ਕਿਹਾ, "ਛੱਡ ਚਿੰਤਾ। ਕਰ ਤਾ ਬਾਬਿਆਂ ਨੇ ਮੁਆਫ। ਉਹ ਜਾਣਦਾ ਹੋਵੇਗਾ ਕਿ ਸਲਿੱਪ ਤੇ ਕੀ ਲਿਖਿਆ ਹੈ।

ਤੇ ਅੱਗੇ ਜਿਸ ਕਮਰੇ ਵਿਚ ਅਸੀਂ ਗਏ, ਉਥੇ ਕੁਝ ਸਿੰਘ ਸਨ। ਉਹਨਾਂ ਕੋਲ ਚਮਕੀਲੇ ਦਾ ਜਿਵੇਂ ਗੰਗਾ ਦੇ ਪੰਡਿਤਾਂ ਵਾਂਗ ਪੂਰਾ ਹਿਸਾਬ-ਕਿਤਾਬ ਹੋਵੇ। ਉਹ ਹੱਸ ਪਏ, "ਬੱਲੇ ਚਮਕੀਲਿਆ। ਹੁਣ ਬਚ ਗਿਆ ਤੂੰ, ਪਹਿਲਾ ਮੌਕਾ ਨੀ ਮਿਲਿਆ ਤੇ ਅੱਜ ਖਾਲਸੇ ਦੀਆਂ ਸਰਕਾਰਾਂ ਨੇ ਬਖਸ਼ ਤਾ।  ਹੁਣ ਧਿਆਨ ਨਾਲ ਗਾਵੀਂ।"

             .....ਪਰ ਚਮਕੀਲਾ ਨਹੀਂ ਹਟਿਆ ਤੇ ਖਾਲਸੇ ਨੇ ਮਹਿਸਮਪੁਰ ਉਸਦਾ ਅਖਾੜਾ ਲਾ ਤਾ   

No comments:

Post a Comment