Thursday 2 February 2017

ਸ਼ੇਰ ਮੁਹੰਮਦ ਖ਼ਾਂ ਨਵਾਬ ਮਲੇਰਕੋਟਲਾ

ਵਜੀਰ ਖ਼ਾਂ ਦੇ ਪਾਸ ਬੈਠਾ ਹੈ, ਮਲੇਰਕੋਟਲੇ ਦਾ ਨਵਾਬ ‘ਸ਼ੇਰ ਮੁਹੰਮਦ ਖ਼ਾਂ` ਤੇ ਵਜ਼ੀਰ ਖ਼ਾਂ ਉਸ ਵੱਲ ਇਸ਼ਾਰਾ ਕਰ ਕੇ ਆਖਦਾ ਹੈ, “ਤੂੰ ਆਪਣੇ ਭਰਾ ਨਾਹਰ ਖ਼ਾਨ ਦੀ ਮੌਤ ਦਾ ਬਦਲਾ ਲੈਲਾ, ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਤੇਰੇ ਭਰਾ ਨੂੰ ਮਾਰਿਆ ਸੀ।
(ਨਾਹਰ ਖ਼ਾਂ ਚਮਕੌਰ ਦੀ ਗੜ੍ਹੀ ਵਿੱਚ ਪੌੜੀ ਲਗਾ ਕੇ ਚੜ੍ਹਿਆ ਸੀ ਤੇ ਗੁਰੂ ਸਾਹਿਬ ਨੇ ਉਸ ਨੂੰ ਮਾਰ ਦਿੱਤਾ ਸੀ) ਉਹ ਸ਼ੇਰ ਮੁਹੰਮਦ ਖ਼ਾਂ ਨੂੰ ਉਕਸਾ ਰਿਹਾ ਹੈ, ਕਿ ਆਪਣੇ ਭਰਾ ਅਤੇ ਆਪਣੇ ਬਾਪ ਦੀ ਮੌਤ ਦਾ ਵੀ ਬਦਲਾ ਇਹਨਾਂ ਬੱਚਿਆਂ ਤੋਂ ਲੈ ਲਾ (ਕਿਉਂਕਿ ਇਹਨਾਂ ਦੇ ਬਾਪ ਨੂੰ ਸਿੰਘਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੰਗ ਦੌਰਾਨ ਮਾਰ ਦਿੱਤਾ ਸੀ) ਵਜ਼ੀਰ ਖ਼ਾਂ ਕਹਿੰਦਾ ਹੈ, ਕਿ ਮੈਂ ਇਹ ਬੱਚੇ ਤੇਰੇ ਹਵਾਲੇ ਕਰਦਾ ਹਾਂ।
ਇਸ ਸਾਕੇ ਨੂੰ ਜੋਗੀ ਅੱਲ੍ਹਾ ਯਾਰ ਖ਼ਾਂ ਅੱਗੇ ਤੋਰਦਾ ਹੈ :
ਦੋ ਭਾਈ ਸ਼ੇਰ ਖ਼ਾਨ-ਓ-ਖ਼ਿਜ਼ਰ ਖ਼ਾਂ ਪਠਾਨ ਥੇ।
ਮਲੇਰ ਕੋਟਲਾ ਕੇ ਜੁ ਮਸ਼ਹੂਰ ਖ਼ਾਨ ਥੇ।
ਇਕ ਰੋਜ਼ ਆ ਕੇ ਰਣ ਮੇਂ ਲੜੇ ਕੁਛ ਜਵਾਨ ਥੇ।
ਗੋਬਿੰਦ ਇਨ ਕੇ ਬਾਪ ਕੀ ਲੇ ਬੈਠੇ ਜਾਨ ਥੇ।
ਨਾਜ਼ਿਮ ਨੇ ਸੁੱਚਾ ਨੰਦ ਨੇ ਉਨ ਸੇ ਕਹਾ ਕਿ ਲੋ।
ਬਦਲਾ ਪਿਦਰ ਕਾ ਇਨਕੇ ਲਹੂ ਕੋ ਬਹਾ ਕੇ ਲੋ।
ਆਪਣੇ ਭਰਾ ਅਤੇ ਬਾਪ ਦੀ ਮੌਤ ਦਾ ਬਦਲਾ ਲੈ ਲਉ, ਆਹ ਬੱਚੇ ਮੈਂ ਤੇਰੇ ਹਵਾਲੇ ਕਰਦਾ ਹਾਂ।
ਹੁਣ ਨਵਾਬ ਵਜ਼ੀਰ ਖ਼ਾਂ ਦੀ ਸਾਰੀ ਗੱਲ ਸੁਣ ਕੇ ਨਵਾਬ ਮਲੇਰਕੋਟਲਾ ‘ਸ਼ੇਰ ਮੁਹੰਮਦ ਖ਼ਾਂ` ਕੀ ਆਖਦਾ ਹੈ :-
ਕਹਨੇ ਲਗੇ ਵੁਹ ਤੁਮ ਤੋ ਨਿਹਾਯਤ ਜਲੀਲ ਹੋ।
ਨਾਮਰਦੀ ਕੀ ਬਤਾਤੇ ਜਰੀ ਕੋ ਸਬੀਲ ਹੋ।
ਕਹਿੰਦਾ ! ਉਏ ਤੁਸੀਂ ਕਾਹਦੇ ਸਰਦਾਰ ਹੋ, ਬੜੇ ਘਟੀਆ ਇਨਸਾਨ ਜੇ ਤੁਸੀਂ ਨਾਮਰਦੀ ਦੀਆਂ ਬਾਤਾਂ ਪਏ ਕਰਦੇ ਹੋ.....?
(ਸ਼ੇਰ ਮੁਹੰਮਦ ਖ਼ਾਨ ਦੀ ਇਹ ਗੱਲ ਸੁਣ ਕੇ ਵਜ਼ੀਰ ਖ਼ਾਨ ਨੂੰ ਵੀ ਸ਼ਰਮ ਆਈ, ਉਸ ਨੂੰ ਵੀ ਅਹਿਸਾਸ ਹੋਇਆ ਕਿ ਗੁਰੂ ਦੇ ਮਾਸੂਮ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਤੇ ਉਸ ਨੇ ਉਨ੍ਹਾਂ ਨੂੰ ਛੱਡ ਦੇਣ ਦਾ ਹੁਕਮ ਦੇ ਦਿੱਤਾ, ਇਸ ਸਮੇਂ ਵਜ਼ੀਰ ਖ਼ਾਨ ਦਾ ਦੀਵਾਨ ਸੁੱਚਾ ਨੰਦ ਵੀ ਹਾਜ਼ਿਰ ਸੀ, ਉਸ ਨੇ ਵਜ਼ੀਰ ਖ਼ਾਨ ਨੂੰ ਬੱਚਿਆਂ ਨੂੰ ਛੱਡ ਦੇਣ ਤੋਂ ਵਰਜਿਆ ਤੇ ਕਿਹਾ......ਕਿ......‘ਇਹ ਸੱਪ ਦੇ ਬੱਚੇ ਹਨ ਤੇ ਸੱਪ ਦੇ ਬੱਚੇ ਵੱਡੇ ਹੋ ਕੇ ਵੀ ਸੱਪ ਹੀ ਬਣਨਗੇ, ਇਨ੍ਹਾਂ ਨੂੰ ਖ਼ਤਮ ਕਰਨਾ ਹੀ ਬੇਹਤਰ ਹੈ।’ ਇਸ ‘ਤੇ ਵਜ਼ੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚਿਣ ਦੇਣ ਦਾ ਹੁਕਮ ਦੇ ਦਿੱਤਾ ---ਹਰਜਿੰਦਰ ਸਿੰਘ ਦਿਲਗੀਰ)
ਸੁੱਚਾ ਨੰਦ ਕੀ ਅਸੀਂ ਤੈਨੂੰ ਮੁਖਤਿਅਾਰਨਾਮਾ ਦਿੱਤਾ ਹੈ....? ਜੋ ਤੂੰ ਐਵੇਂ ਸਾਡੇ ਵਲੋਂ ਬੋਲੀ ਜਾ ਰਿਹਾ ਏਂ।
ਮੁਖ਼ਤਾਰ ਤੁਮ ਹਮਾਰੇ ਹੋ ਯਾ ਤੁਮ ਵਕੀਲ ਹੋ?
ਨਾਹਕ ਬਯਾਨ ਕਰਤੇ ਜੋ ਬੋਦੀ ਦਲੀਲ ਹੋ।
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਫ਼ੂਜ਼ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ।
ਨਵਾਬ ਮਲੇਰਕੋਟਲਾ ਕਹਿਣ ਲੱਗਾ ਕਿ ਸੁੱਚਾ ਨੰਦ ਕਿਉਂ ਥੋਥੀਆਂ ਦਲੀਲਾਂ ਦੇ ਰਿਹਾ ਏਂ.....?
ਦੇਖੋ, ਨਵਾਬ ਮਲੇਰਕੋਟਲਾ ਇਹ ਨਹੀਂ ਕਹਿ ਰਿਹਾ, ਕਿ ਦਸਵੇਂ ਪਾਤਸ਼ਾਹ ਪ੍ਰਤੀ ਉਸ ਦੇ ਮਨ ਵਿੱਚ ਈਰਖਾ ਜਾਂ ਵਿਰੋਧ ਨਹੀਂ ਹੈ, ਉਸ ਦੇ ਮਨ ਵਿੱਚ ਅੱਜ ਵੀ ਦਸਵੇਂ ਪਾਤਸ਼ਾਹ ਦੇ ਕੋਲੋਂ ਬਦਲਾ ਲੈਣ ਦੀ ਭਾਵਨਾ ਹੈ, ਪਰ ਉਹ ਕਹਿੰਦਾ ਹੈ, ਕਿ ਮੈਂ ਇਹ ਪਾਪ ਨਹੀਂ ਕਰ ਸਕਦਾ, ਮੈਂ ਆਪਣਾ ਬਦਲਾ ਬੱਚਿਆਂ ਦੇ ਪਿਤਾ ਕੋਲੋਂ ਲੈਣਾ ਹੈ, ਮੇਰਾ ਇਹਨਾ ਬੱਚਿਆਂ ਨੇ ਕੀ ਵਿਗਾੜਿਆ ਹੈ ਜੋ ਮੈਂ ਇਹਨਾਂ ਤੇ ਪਾਪ ਕਰਾਂ।
ਨਵਾਬ ਮਲੇਰਕੋਟਲਾ ‘ਹਾਅ` ਦਾ ਨਾਅਰਾ ਮਾਰਦਾ ਹੋਇਆ ਉਠ ਪਿਆ ਅਤੇ ਇਹ ਕਹਿੰਦਾ ਹੋਇਆ ਬਾਹਰ ਚਲਾ ਗਿਆ “ਇਹ ਪਾਪ ਹੈ, ਇਹ ਪਾਪ ਹੈ। “ ਪਰ ਜਿਥੇ ਧਰਮ ਦੇ ਨਾਮ ਤੇ ਫੋਕੀ ਈਰਖਾ, ਦਵੈਸ਼ ਦੇ ਝੱਪੇ ਕੰਨਾ ਵਿੱਚ ਆਏ ਹੋਣ, ਉਥੇ ਨਵਾਬ ਮਲੇਰਕੋਟਲਾ ਦੇ ਸੱਚ ਦੀ ਅਵਾਜ ਕਿਸ ਨੇ ਸੁਨਣੀ ਸੀ।
ਇਤਿਹਾਸ ਗਵਾਹ ਹੈ ਕਿ ਨਵਾਬ ਮਲੇਰਕੋਟਲਾ ਨੇ ਇਥੇ ਹਾਅ ਦਾ ਨਾਹਰਾ ਮਾਰ ਕੇ ਹੀ ਬਸ ਨਹੀਂ ਕੀਤੀ।
ਉਸ ਨੇ ਬਾਦਸ਼ਾਹ ਔਰੰਗਜੇਬ ਨੂੰ ਇੱਕ ਚਿੱਠੀ ਵੀ ਲਿਖੀ, ਚਿੱਠੀ ਵਿੱਚ ਲਿਖਿਆ ਹੈ ਕਿ “ਐ ਬਾਦਸ਼ਾਹ ਸਲਾਮਤ! ਨਵਾਬ ਵਜ਼ੀਰ ਖ਼ਾਂ ਨੂੰ ਇਹ ਪਾਪ ਕਰਨ ਤੋਂ ਰੋਕਿਆ ਜਾਵੇ, ਉਸ ਨੂੰ ਇਹ ਪਾਪ ਕਰਨ ਤੋਂ ਬਚਾਇਆ ਜਾਵੇ।
“ ਪਰ ਕੌਣ ਸੁਣਦਾ ਸੀ ਸੱਚ ਦੀ ਅਵਾਜ ਨੂੰ, ਕਿਸੇ ਨੇ ਨਹੀਂ ਸੁਣੀ, ਨਵਾਬ ਮਲੇਰਕੋਟਲਾ ਦਾ ਹਾਅ ਦਾ ਨਾਅਰਾ ਅਤੇ ਕੀਤੀ ਹੋਈ ਕੋਸ਼ਿਸ਼ ਸਫਲ ਨਾ ਹੋ ਸਕੀ।
ਨਵਾਬ ਮਲੇਰਕੋਟਲਾ ਵਲੋਂ ਮਾਰਿਆ ਹਾਅ ਦਾ ਨਾਅਰਾ ਸਮੁੱਚੀ ਸਿੱਖ ਕੌਮ ਨੂੰ ਹਮੇਸ਼ਾ ਲਈ ਕਰਜ਼ਾਈ ਕਰ ਗਿਆ, ਗੁਰੂ ਨਾਨਕ ਦੇ ਘਰ ਦੇ ਪ੍ਰੇਮੀ ਸਿੰਘ ਸੂਰਬੀਰਾਂ ਨੇ ਇਹ ਕਰਜ਼ਾ ਉਤਾਰਨ ਦੀ ਕੋਸ਼ਿਸ਼ ਜ਼ਰੂਰ ਕੀਤੀ, ਪਰ ਕੁੱਝ ਕਿਸ਼ਤਾਂ ਹੀ ਉਤਾਰ ਸਕੇ, ਜਦੋਂ 12 ਰਿਆਸਤਾਂ ਬਣੀਆ ਸਨ, ਤਾਂ ਸਿੱਖਾਂ ਨੇ ਨਵਾਬ ਮਲੇਰਕੋਟਲਾ ਦੀ ਰਿਆਸਤ ਨੂੰ ਕਦੀ ਵੀ ਛੇੜਣ ਦਾ ਯਤਨ ਨਹੀਂ ਸੀ ਕੀਤਾ ਅਤੇ ਕਰਜ਼ੇ ਦੀ ਕਿਸ਼ਤ ਉਤਾਰਦੇ ਰਹੇ।
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਆਇਆ, ਪਰ ਨਵਾਬ ਮਲੇਰਕੋਟਲੇ ਦੀ ਰਿਆਸਤ ਨੂੰ ਸਲਾਮਤ ਰੱਖਿਆ ਗਿਆ, ਕਾਰਨ ਉਹੀ ਹਾਅ ਦੇ ਨਾਹਰੇ ਪ੍ਰਤੀ ਅਹਿਸਾਨਮੰਦ ਹੋਣਾ ਹੀ ਸੀ।
.....ਜਦੋਂ 1947 ਈ. ਵਿੱਚ ਏਨੀ ਕਤਲੋਗਾਰਤ ਹੋਈ ਸੀ, ਤਾਂ ਇਤਿਹਾਸ ਗਵਾਹ ਹੈ, ਕਿ ਸਿੱਖਾਂ ਨੇ 1947 ਈ. ਵਿੱਚ ਵੀ ਆਪਣੀ ਕਿਸ਼ਤ ਉਤਾਰੀ ਤੇ ਮਲੇਰਕੋਟਲੇ ਦੀ ਹਿਫ਼ਾਜਤ ਕੀਤੀ ਤੇ ਮਲੇਰਕੋਟਲੇ ਦੇ ਕਿਸੇ ਵੀ ਮੁਸਲਮਾਨ ਨੂੰ ਕੁੱਝ ਵੀ ਨਹੀਂ ਆਖਿਆ ਗਿਆ।
ਅੱਜ ਵੀ ਪੰਜਾਬ ਵਿੱਚ ਮੁਸਲਮਾਨਾਂ ਦੀ ਸਭ ਤੋਂ ਵੱਡੀ ਅਬਾਦੀ ਸੁੱਖ ਸਾਂਦ ਨਾਲ ਮਲੇਰਕਲੇ ਵਿੱਚ ਵੱਸ ਰਹੀ ਹੈ, ਕਿਉਂਕਿ ਸਿੱਖ ਕੌਮ ਅਕ੍ਰਿਤਘਣ ਨਹੀਂ ਹੈ, ਇਸ ਲਈ ਇਹ ਕੌਮ ਨਵਾਬ ਮਲੇਰਕੋਟਲੇ ਦਾ ਕਰਜ਼ਾ ਨਹੀਂ ਉਤਾਰ ਸਕਦੀ, ਪਰ ਹਾਂ! ਕਿਸ਼ਤਾਂ ਜਰੂਰ ਉਤਾਰ ਰਹੀ ਹੈ। ਪਰ ਪੂਰਾ ਕਰਜ਼ਾ ਕਦੀ ਵੀ ਨਹੀਂ ਉਤਰ ਸਕਦਾ

No comments:

Post a Comment