Sunday 26 February 2017

ਮਹਾਨ ਸਿੱਖ ਫਿਲਾਸਫਰ ਸਿਰਦਾਰ ਕਪੂਰ ਸਿੰਘ ਜੀ

      ‘‘ਹਜ਼ਾਰੋਂ ਸਾਲ ਨਰਗਿਸ, ਅਪਨੀ ਬੇ-ਨੂਰੀ ਪੇ ਰੋਤੀ ਹੈ। ਬੜੀ ਮੁਸ਼ਕਿਲ ਸੇ ਹੋਤਾ ਹੈ, ਚਮਨ ਮੇ ਦੀਦਾਵਰ ਪੈਦਾ।’’
ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦਾ ਨਾਂ, ਸਿੱਖ ਇਤਿਹਾਸ ਦੇ ਵਿਦਿਆਰਥੀਆਂ ਅਤੇ ਪੰਥ ਦਰਦੀ ਸਿੱਖਾਂ ਲਈ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। 20ਵੀਂ ਸਦੀ ਦਾ ਸਾਊਥ ਏਸ਼ੀਆ ਦਾ ਇਤਿਹਾਸ, ਸਿੱਖ ਕੌਮ ਦੇ ਨੁਕਤਾਨਿਗਾਹ ਤੋਂ ਜਾਗਰੂਪਤਾ, ਕੁਰਬਾਨੀਆਂ, ਬੇਵਕੂਫੀਆਂ, ਗੱਦਾਰੀਆਂ ਅਤੇ ਘੱਲੂਘਾਰਿਆਂ ਦਾ ਇਤਿਹਾਸ ਹੈ। ਸਿਰਦਾਰ ਕਪੂਰ ਸਿੰਘ ਨਾ-ਸਿਰਫ ਇਸ ਸਦੀ ਦੇ ਇਤਿਹਾਸ ਦੇ ‘ਗਵਾਹ’ ਹਨ ਬਲਕਿ ਉਪਰਲੇ ਪੱਧਰ ਦੇ ਇਸ ਦੇ ਪਾਤਰਾਂ ਵਿੱਚ ਵੀ ਸ਼ਾਮਲ ਹਨ। ਭਾਵੇਂਕਿ 1947 ਦੇ ਦੌਰ ਵਿੱਚ, ਅਕਾਲੀ ਲੀਡਰਾਂ ਦੀ Sant ji and Sirdar Kapoor Singh ji ਕਮ-ਅਕਲੀ ਦੀ ਵਜਾ ਕਰਕੇ ਸਿਰਦਾਰ ਸਾਹਿਬ ਇੱਕ ‘ਬੇਬੱਸ ਪਾਤਰ’ ਨਜ਼ਰ ਆਉਂਦੇ ਹਨ ਪਰ 1980 ਵਿਆਂ ਵਿੱਚ ਉਨਾਂ ਦੀ ਸੋਚ ਨੂੰ, ਪੰਥ ਨੇ ਪੂਰੀ ਤਰਾਂ ਆਪਣੇ ਰਾਜਸੀ ਨਿਸ਼ਾਨੇ ਵਜੋਂ ਅਪਣਾਇਆ। ਸਿਰਦਾਰ ਸਾਹਿਬ ਨੇ ਆਪਣੀ ਸ੍ਵੈ-ਜੀਵਨੀ ਦਾ ਨਾਮ ‘ਸਾਚੀ ਸਾਖੀ’ ਰੱਖਿਆ। 
ਇਸ ਪੁਸਤਕ ਨੂੰ ਖਾਲਿਸਤਾਨੀ ਸੰਘਰਸ਼ ਵਿੱਚ ‘ਕੇਸਰੀ ਪੁਸਤਕ’ ਦਾ ਉਵੇਂ ਹੀ ਰੁਤਬਾ ਹਾਸਲ ਹੋਇਆ ਹੈ ਜਿਵੇਂ ਕਦੀ ਮਾਓਵਾਦੀ ਕ੍ਰਾਂਤੀ ਵਿੱਚ ‘ਲਾਲ ਕਿਤਾਬ’ ਨੂੰ ਹੋਇਆ ਸੀ। ਸੱਚ ਦੀ ਦਾਸਤਾਨ ’ਤੇ ਅਧਾਰਿਤ ‘ਸਾਚੀ ਸਾਖੀ’ 20ਵੀਂ ਸਦੀ ਦੇ ਪਹਿਲੇ ਅੱਧ (15 ਅਗਸਤ, 1947 ਤੱਕ) ਤੱਕ ਦੇ ਬ੍ਰਿਟਿਸ਼ ਵਰਤਾਰੇ, ਕਾਂਗਰਸ ਦੀ ਹਿੰਦੂਤਵੀ ਸੋਚ, ਕਾਇਦੇ-ਆਜ਼ਮ ਜਿਨਾਹ ਦੀ ਸੈਕੂਲਰ ਸੋਚ ਦਾ ਗਾਂਧੀ – ਨਹਿਰੂ ਦੀ ਫਿਰਕੂ ਸੋਚ ਦੇ ਟਾਕਰੇ ’ਤੇ ‘ਇਸਲਾਮਿਕ ਸੋਚ’ ਵਿੱਚ ਬਦਲਣਾ ਅਤੇ ਕਾਂਗਰਸੀ ਲੀਡਰਸ਼ਿਪ ਦੇ ਸਿੱਖਾਂ ਨਾਲ ਕੀਤੇ ਕੌਲ-ਇਕਰਾਰਾਂ ਦਾ ਜ਼ਿਕਰ ਵੇਰਵੇ ਸਹਿਤ ਕਰਦੀ ਹੈ। ਇਸ ਪਹਿਲੀ ਅੱਧੀ ਸਦੀ ਦੌਰਾਨ ਦੀ ਅਕਾਲੀ ਲੀਡਰਸ਼ਿਪ (ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ ਆਦਿਕ) ਵਲੋਂ, ਸਿੱਖ ਕੌਮ ਦੀ ਮੁਕੰਮਲ ਅਜ਼ਾਦੀ (ਸਿੱਖ ਸਟੇਟ) ਲਈ ਬਾਰ-ਬਾਰ ਗਵਾਏ ਗਏ ਮੌਕਿਆਂ ਦਾ ਵੀ ਇਸ ਵਿੱਚ ਵੇਰਵੇ ਸਹਿਤ ਜ਼ਿਕਰ ਹੈ।
1947 ਦੇ ਦੌਰ ਤੋਂ ਬਾਅਦ, ਹਿੰਦੂ ਲੀਡਰਸ਼ਿਪ ਨੇ ਕਿਵੇਂ ਸਿੱਖ ਕੌਮ ਨੂੰ ਜ਼ਲੀਲ ਕਰਨ ਵਾਲਾ ਵਤੀਰਾ ਸਰਕਾਰੀ ਤੌਰ ’ਤੇ ਅਪਣਾਇਆ, ਉਸ ਦੀ ਵਿਸਤ੍ਰਿਤ ਕਹਾਣੀ ਇਹ ‘ਸਾਚੀ ਸਾਥੀ’, ਲਹੂ ਦੇ ਅੱਥਰੂ ਕੇਰਦਿਆਂ ਸੁਣਾ ਰਹੀ ਹੈ। ਇਹ ‘ਸਾਚੀ ਸਾਖੀ’ ਸ੍ਵੈ-ਜੀਵਨੀ ਵੀ ਹੈ, ਇਤਿਹਾਸ ਵੀ ਹੈ, ਆਪਣਿਆਂ ਤੇ ਗੈਰਾਂ ਦੀ ਬੇ-ਵਫਾਈ ਦਾ ਹੋਕਾ ਵੀ ਦਿੰਦੀ ਹੈ ਤੇ ਭਵਿੱਖ ਦੀਆਂ ਪੀੜੀਆਂ ਨੂੰ ਖਤਰੇ ਤੋਂ ਖਬਰਦਾਰ ਹੋਣ ਤੇ ਕੌਮੀ ਹੋਣੀ ਸਿਰਜਣ ਦੀ ਵੰਗਾਰ ਵੀ ਪਾਉਂਦੀ ਹੈ। ਇਹ ਸ੍ਵੈ-ਜੀਵਨੀ ਸਿਰਦਾਰ ਸਾਹਿਬ ਦੀ ਸਿਰਫ ਆਪਣੀ ਕਹਾਣੀ ਨਾ ਹੋ ਕੇ ਸਿੱਖ ਕੌਮ ਦੀ ‘ਕਿਉਂ ਕੀਤਾ ਵੇਸਾਹੁ’ ਦੀ ਤ੍ਰਾਸਦੀ ਦਾ ਬਿਆਨ ਵੀ ਹੈ। ਸਿਰਦਾਰ ਸਾਹਿਬ ਨੇ ਇਸ ਪੁਸਤਕ ਦੇ ਪਹਿਲੇ ਸਫੇ ’ਤੇ, ਗੁਰਬਾਣੀ ਦੀ ਇਹ ਤੁੱਕ ਅੰਕਿਤ ਕੀਤੀ -
‘ਸੰਤਨ ਕੀ ਸੁਣ ਸਾਚੀ ਸਾਖੀ,
ਸੋ ਬੋਲਹਿਂ ਜੋ ਪੇਖਹਿਂ ਆਂਖੀ।’
ਸਿਰਦਾਰ ਕਪੂਰ ਸਿੰਘ ਸਚਮੁੱਚ ਹੀ ਇੱਕ ‘ਸੰਤ ਬਿਰਤੀ, ਦਰਵੇਸ਼, ਸਿੱਖ ਸੋਚਵਾਨ ਸਨ, ਜਿਹੜੇ ਕਿਸੇ ਨਾਢੂ ਖਾਨ ਦੇ ਸਾਹਮਣੇ ਨਾ ਕਦੇ ਝੁਕੇ ਨਾ ਹੀ ਕਦੇ ਕਿਸੇ ਦੀ ਈਨ ਮੰਨੀ। ਸਿੱਖ ਦੇ ਸੰਤ-ਸਿਪਾਹੀ ਦੇ ਕਿਰਦਾਰ ਨੂੰ ਅਖੀਰਲੇ ਸਾਹ ਤੱਕ ਨਿਭਾਉਂਦਿਆਂ, ਉਨਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਪੰਥਕ ਅਜ਼ਾਦੀ ਦੇ ਰਸਤੇ ’ਤੇ ਤੁਰਨ ਲਈ ‘ਵਿਚਾਰਧਾਰਕ ਅਧਾਰ’ ਪ੍ਰਦਾਨ ਕੀਤਾ।
2 ਮਾਰਚ, 1909 ਨੂੰ, ਜ਼ਿਲਾ ਲੁਧਿਆਣਾ ਦੇ ਪਿੰਡ ਚੱਕ ਵਿੱਚ, ਸਰਦਾਰ ਦੀਦਾਰ ਸਿੰਘ ਦੇ ਘਰ ਉਨਾਂ ਦਾ ਜਨਮ ਹੋਇਆŒ। ਉਨਾਂ ਨੇ ਸਰਕਾਰੀ ਕਾਲਜ ਲਾਹੌਰ ਤੋਂ ਐਮ. ਏ. ਦੀ ਡਿਗਰੀ ‘ਫਸਟ’ ਰਹਿ ਕੇ ਹਾਸਲ ਕੀਤੀ ਅਤੇ ਫਿਰ ਉਚੇਰੀ ਸਿੱਖਿਆ ਲਈ ਕੈਂਬਰਿਜ਼ ਯੂਨੀਵਰਸਿਟੀ, ¦ਡਨ ਵਿੱਚ ਜਾ ਦਾਖਲ ਹੋਏ। ਉਹ ਫਿਲਾਸਫੀ ਦੇ ਧੁਰੰਧਰ ਵਿਦਵਾਨ ਤਾਂ ਬਣੇ ਹੀ, ਪਰ ਸੰਸਕ੍ਰਿਤ, ਅਰਬੀ, ਫਾਰਸੀ ਜ਼ੁਬਾਨਾਂ ’ਤੇ ਵੀ ਉਨਾਂ ਨੂੰ ਪੂਰੀ ਮੁਹਾਰਤ ਹਾਸਲ ਸੀ। ਉਨਾਂ ਦੀ ਅੰਗਰੇਜ਼ੀ ਲਿਖਤ, ਬਿਨਾਂ ਡਿਕਸ਼ਨਰੀ ਦੇ ਸਹਾਰੇ ਦੇ ਸਮਝੀ ਨਹੀਂ ਜਾ ਸਕਦੀ। ਉਸ ਵੇਲੇ ਕੈਂਬਰਿਜ਼ ਯੂਨੀਵਰਸਿਟੀ ਦਾ ਪ੍ਰੋਫੈਸਰ, ਜਗਤ ਪ੍ਰਸਿੱਧ ਫਿਲਾਸਫਰ ਬਰਟਰਨਡ ਰੱਸਲ, ਸਿਰਦਾਰ ਕਪੂਰ ਸਿੰਘ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ, ਉਨਾਂ ਨੂੰ ਕੈਂਬਰਿਜ਼ ਯੂਨੀਵਰਸਿਟੀ ਵਿੱਚ ‘ਅਧਿਆਪਕ’ ਬਣਾਉਣ ਦੀ ਪੇਸ਼ਕਸ਼ ਕੀਤੀ। ਪਰ ਸਿਰਦਾਰ ਸਾਹਿਬ ਨੇ ਇਸ ਦੌਰਾਨ ਆਈ. ਸੀ. ਐ¤ਸ. ਦਾ ਇਮਤਿਹਾਨ ਪਾਸ ਕਰ ਲਿਆ ਅਤੇ ਉਨਾਂ ਨੇ ਪੰਜਾਬ ਪਰਤ ਕੇ, ਆਪਣੇ ਲੋਕਾਂ ਵਿੱਚ ਵਿਚਰਨ ਨੂੰ ਹੀ ਪਹਿਲ ਦਿੱਤੀ।
ਉਨਾਂ ਨੇ ‘ਡਿਪਟੀ ਕਮਿਸ਼ਨਰ’ ਦੀ ਸੇਵਾ ਨੂੰ ਬੜੀ ਇਮਾਨਦਾਰੀ ਨਾਲ ਨਿਭਾਇਆ। 1940ਵਿਆਂ ਦੇ ਦੌਰ ਵਿੱਚ ਉਨਾਂ ਨੇ ਬ੍ਰਿਟਿਸ਼ ਸਾਮਰਾਜ ਵਲੋਂ ਸਮੇਂ-ਸਮੇਂ ਅਕਾਲੀ ਲੀਡਰਾਂ ਨੂੰ, ਸਿੱਖ ਕੌਮ ਲਈ ਕੁਝ ਕਰ ਸਕਣ ਦੇ ਸੁਨੇਹੇ ਪਹੁੰਚਾਏ ਪਰ ਅਕਾਲੀ ਲੀਡਰ ਆਪਣੀ ‘ਗਫਲਤ’ ਦੀ ਨੀਂਦੇ ਸੁੱਤੇ ਰਹੇ। 1947 ਦੀ ਦੇਸ਼ ਵੰਡ ਵੇਲੇ, ਸਿਰਦਾਰ ਸਾਹਿਬ ਪੰਜਾਬ ਦੇ ਜ਼ਿਲਾ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ। 10 ਅਕਤੂਬਰ, 1947 ਨੂੰ, ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਵਲੋਂ ਸਿੱਖ ਕੌਮ ਨੂੰ ‘ਜ਼ਰਾਇਮ ਪੇਸ਼ਾ’ ਐਲਾਨਣ ਵਾਲਾ ਸਰਕੂਲਰ ਜਾਰੀ ਕੀਤਾ ਗਿਆ। ਇਸ ਦਾ ਸਿਰਦਾਰ ਕਪੂਰ ਸਾਹਿਬ ਨੇ ਡੱਟ ਕੇ ਵਿਰੋਧ ਕੀਤਾ, ਜਿਸ ਕਰਕੇ ਉਨਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ। ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ, ਫਿਰਕੂ ਰੋਲ ਅਦਾ ਕਰਦਿਆਂ ਇਹ ਕਾਰਾ ਕਰਵਾਇਆ। ਸਿਰਦਾਰ ਸਾਹਿਬ ਨੇ, ਇਸ ਗੈਰ-ਕਾਨੂੰਨੀ ਕਾਰਵਾਈ ਦੇ ਖਿਲਾਫ ਹਾਈਕੋਰਟ, ਸੁਪਰੀਮ ਕੋਰਟ ਤੱਕ ਲੜਾਈ ਲੜੀ ਪਰ ਪੰਡਿਤ ਨਹਿਰੂ ਨੇ ਕੋਈ ਪੇਸ਼ ਨਾ ਜਾਣ ਦਿੱਤੀ। 1947 ਤੋਂ ਬਾਅਦ ਦੀ ਸਿੱਖਾਂ ਦੀ ਦਸ਼ਾ ਸਬੰਧੀ ਸਿਰਦਾਰ ਸਾਹਿਬ ਨੇ ‘ਸਾਚੀ ਸਾਖੀ’ ਵਿੱਚ ਐਲਾਨਿਆ -
‘ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ
ਗੁਰੂ ਰਾਖਾ ਭਾਈ, ਸਿਖੜੇ ਕਾ।’
ਇੱਥੇ ਤਿਕੜੀ ਤੋਂ ਮਤਲਬ ਪੰਡਤ ਨਹਿਰੂ-ਪ੍ਰਧਾਨ ਮੰਤਰੀ, ਪਟੇਲ – ਗ੍ਰਹਿ ਮੰਤਰੀ ਅਤੇ ਗੋਪੀ ਚੰਦ ਭਾਰਗਵ-ਗਵਰਨਰ ਪੰਜਾਬ ਹੈ।
ਸਿਰਦਾਰ ਸਾਹਿਬ, ਨੂੰ ‘ਅਣਖੀ ਸਿੱਖ’ ਹੋਣ ਦੀ ਸਜ਼ਾ, ਉਨਾਂ ਨੂੰ ਨੌਕਰੀਓਂ ਕੱਢ ਕੇ, ‘ਹਿੰਦੂ ਰਾਜਿਆਂ’ ਨੇ ਦਿੱਤੀ। ਇਸ ਧੱਕੇਸ਼ਾਹੀ ਵਿਰੁੱਧ, ਸਿਰਦਾਰ ਸਾਹਿਬ ਨੇ ਪੂਰਾ ਜਿਹਾਦ ਕੀਤਾ। ਉਨਾਂ ਨੇ 1962ਦੀਆਂ ਚੋਣਾਂ ਵਿੱਚ ਲੁਧਿਆਣਾ ਪਾਰਲੀਮਾਨੀ ਹਲਕੇ ਤੋਂ ਚੋਣ ਜਿੱਤੀ ਅਤੇ ਪਾਰਲੀਮੈਂਟ ਮੈਂਬਰ ਬਣੇ। 1962 ਤੋਂ 1964 ਤੱਕ (27 ਮਈ, 1964 ਨੂੰ ਨਹਿਰੂ ਦੀ ਮੌਤ ਹੋ ਗਈ ਸੀ) ਉਨਾਂ ਨੇ ਪਾਰਲੀਮੈਂਟ ਵਿੱਚ ਕਈ ਵਾਰ ਨਹਿਰੂ ਨੂੰ ਵੰਗਾਰਿਆ। ਖਾਸ ਕਰ, ਚੀਨ ਦੀ ਲੜਾਈ ਦੌਰਾਨ, ਸਿਰਦਾਰ ਸਾਹਿਬ ਦੀ ਪਾਰਲੀਮੈਂਟ ਵਿੱਚ ਸਪੀਚ ਇੱਕ ਇਤਿਹਾਸਕ ਦਸਤਾਵੇਜ਼ ਹੈ। 1 ਨਵੰਬਰ, 1966 ਨੂੰ ‘ਪੰਜਾਬ ਪੁਨਰਗਠਨ ਐਕਟ’ ਹੇਠ, ਪੰਜਾਬੀ ਸੂਬਾ ਹੋਂਦ ਵਿੱਚ ਆਇਆ। ਇਸ ਬਿੱਲ ਦੌਰਾਨ ਬਹਿਸ ਵਿੱਚ ਸਿਰਦਾਰ ਸਾਹਿਬ ਨੇ, ਇਸ ਬਿੱਲ ਨੂੰ ‘ਗੰਦਾ ਅੰਡਾ’ ਆਖਿਆ ਜਿਹੜਾ ਕਿ ਸਿੱਖ ਕੌਮ ਨਾਲ ਅੱਗੋਂ ਘੋਰ ਅਨਿਆਂ ਦਾ ਕਾਰਨ ਬਣਿਆ ਹੈ। ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਦੀ ਕਮਾਂਡ ਹੇਠ ਇਹ ਬਿੱਲ ਐਕਟ ਬਣਿਆ। ਉਦੋਂ ਸਿਰਦਾਰ ਕਪੂਰ ਸਿੰਘ, ਮਾਸਟਰ ਤਾਰਾ ਸਿੰਘ ਅਕਾਲੀ ਦਲ ਵਿੱਚ ਸਨ।
ਪਰ ਬਹੁਗਿਣਤੀ ਸਿੱਖ ਕੌਮ ਤੇ ਮੈਂਬਰ ਸੰਤ ਫਤਿਹ ਸਿੰਘ ਦੇ ਨਾਲ ਸਨ, ਜਿਸ ਨੇ ਇਸ ਬਿੱਲ ਦਾ ਸਵਾਗਤ ਕੀਤਾ ਅਤੇ ਆਪ ਇੰਗਲੈਂਡ ਦੀ ਸੈਰ ਕਰਨ ਤੁਰ ਗਿਆ। ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਅਤੇ 80 ਪੰਜਾਬ ਦੇ ਪਾਣੀਆਂ ਤੇ ਗੈਰ-ਸੰਵਿਧਾਨਕ ਤਰੀਕੇ ਨਾਲ ‘ਭਾਖੜਾ ਬਿਆਸ ਮੈਨੇਜਮੈਂਟ ਬੋਰਡ’ ਦਾ ਕੰਟਰੋਲ ਅਸਥਾਪਤ ਕਰਦੀਆਂ ਹਨ ਅਤੇ ਇਸ ਤਰਾਂ ਨਾਨ-ਰਾਇਪੇਰੀਅਨ ਸਟੇਟਾਂ (ਰਾਜਸਥਾਨ, ਹਰਿਆਣਾ ਆਦਿਕ) ਪੰਜਾਬ ਦੇ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਲੁੱਟ ਰਹੀਆਂ ਹਨ।
1969 ਵਿੱਚ ਸਿਰਦਾਰ ਕਪੂਰ ਸਿੰਘ, ਸਮਰਾਲਾ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਪਰ ਉਨਾਂ ਨੂੰ ਅਕਾਲੀਆਂ ਨੇ ‘ਵਜ਼ਾਰਤ’ ਦਾ ਅਹੁਦਾ ਨਾ ਦਿੱਤਾ। 1967 ਵਿੱਚ ਮਾਸਟਰ ਤਾਰਾ ਸਿੰਘ ਦੀ ਮੌਤ ਤੋਂ ਬਾਅਦ, ਦੋਵੇਂ ਅਕਾਲੀ ਦਲਾਂ (ਮਾਸਟਰ ਤੇ ਸੰਤ ਦਲ) ਦਾ ਏਕਾ ਹੋ ਗਿਆ ਸੀ ਅਤੇ ਸਿਰਦਾਰ ਕਪੂਰ ਸਿੰਘ ਨੇ ਨਾ-ਸਿਰਫ ਸਮਝੌਤਾ ਡਾਕੂਮੈਂਟ ਹੀ ਲਿਖਿਆ ਸੀ ਬਲਕਿ ਉਨਾਂ ਨੂੰ ਅਕਾਲੀ ਦਲ ਦਾ ਸੀਨੀਅਰ ਮੀਤ-ਪ੍ਰਧਾਨ ਵੀ ਬਣਾਇਆ ਗਿਆ ਸੀ। ਇਸ ਸਮਝੌਤਾ ਡਾਕੂਮੈਂਟ ਵਿੱਚ ਪੰਥ ਦਾ ਰਾਜਸੀ ਨਿਸ਼ਾਨਾ ‘ਖਾਲਸਾ ਜੀ ਕੇ ਬੋਲਬਾਲੇ’ ਮਿੱਥਿਆ ਗਿਆ ਸੀ। ਜਦੋਂ ਸਿਰਦਾਰ ਕਪੂਰ ਸਿੰਘ ਨੇ, ਅਕਾਲੀ ਲੀਡਰਾਂ ਨੂੰ ਇਹ ਸਮਝੌਤਾ ਯਾਦ ਕਰਵਾਇਆ ਤਾਂ ਪਾਰਟੀ ਵਿਰੋਧੀ ਕਾਰਵਾਈ ਦਾ ਦੋਸ਼ ਲਾ ਕੇ, ਉਨਾਂ ਨੂੰ ਅਕਾਲੀ ਪਾਰਟੀ ’ਚੋਂ ਕੱਢ ਦਿੱਤਾ ਗਿਆ। ਸਿਰਦਾਰ ਦਰਸ਼ਨ ਸਿੰਘ ਫੇਰੂਮਾਨ ਵਲੋਂ ‘ਸਿੱਖ ਹੋਮਲੈਂਡ’ ਦੇ ਮੁੱਦੇ ’ਤੇ ਮਰਨ ਵਰਤ ਰੱਖ ਕੇ ‘ਸ਼ਹੀਦੀ’ ਪਾਉਣ ਦੇ ਮੌਕੇ, ਸਿਰਦਾਰ ਸਾਹਿਬ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਕੀਤਾ ਗਿਆ ਭਾਸ਼ਣ ਵੀ ਇੱਕ ਯਾਦਗਾਰੀ ਭਾਸ਼ਣ ਹੈ। ਉਨਾਂ ਆਪਣੇ ਭਾਸ਼ਣ ਵਿੱਚ ਕਿਹਾ -‘ਮੈਂ ਇਸ ਸ਼ਹੀਦ ਮਰਦ, ਸਿੰਘਾਊ ਜ਼ਜਬੇ ਨਾਲ ਭਰਪੂਰ ਇਸ ਸਿੱਖ ਨੂੰ ਅੱਜ ਇਥੇ ਨਮਸਕਾਰ ਕਰਦਾ ਹਾਂ ਕਿਉਂ ਜੋ ਉਹ ਸਿੱਖ ਹੋਮਲੈਂਡ ਦਾ ਪਹਿਲਾ ਸ਼ਹੀਦ ਹੈ…।’ ਇਸ ਤੋਂ ਪਹਿਲਾਂ 14 ਜੁਲਾਈ, 1965 ਨੂੰ ਲੁਧਿਆਣੇ ਵਿੱਚ ਹੋਈ ‘ਨਲਵਾ ਅਕਾਲੀ ਕਾਨਫਰੰਸ’ ਮੌਕੇ ਪਾਸ ਕੀਤਾ ਗਿਆ ‘ਸਿੱਖ ਹੋਮਲੈਂਡ ਦਾ ਮਤਾ’ ਸਿਰਦਾਰ ਕਪੂਰ ਸਿੰਘ ਦੀ ਲਿਖਤ ਹੀ ਸੀ।
1973 ਵਿੱਚ, ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਪਾਸ ਕੀਤਾ ਗਿਆ ‘ਅਨੰਦਪੁਰ ਸਾਹਿਬ ਦਾ ਮਤਾ’ ਵੀ ਸਿਰਦਾਰ ਕਪੂਰ ਸਿੰਘ ਦੀ ਪੂਰੀ ਮੋਹਰ ਛਾਪ ਕਬੂਲਦਾ ਹੈ। 13 ਅਪ੍ਰੈਲ, 1978 ਨੂੰ ਸ੍ਰੀ ਅੰਮ੍ਰਿਤਸਰ ਵਿੱਚ ਨਰਕਧਾਰੀਆਂ ਵਲੋਂ ਸਿੱਖਾਂ ਦੇ ਖੂਨ ਨਾਲ ਖੇਡੀ ਗਈ ਹੋਲੀ ਦੇ ਜਵਾਬ ਵਿੱਚ 10 ਜੂਨ, 1978 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਰਕਧਾਰੀਆਂ ਦੇ ਖਿਲਾਫ ਜਾਰੀ ਕੀਤਾ ਗਿਆ ਹੁਕਮਨਾਮਾ ਅਤੇ ਇਸ ਸਬੰਧੀ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵਲੋਂ ਜਾਰੀ ਵਾਈਟ ਪੇਪਰ (ਦੇਅ ਮੈਸੇਕਰ ਸਿੱਖਜ਼ – ਵਾਈਟ ਪੇਪਰ ਬਾਈ ਸਿੱਖ ਰੀਲੀਜੀਅਸ ਪਾਰਲੀਮੈਂਟ) ਦੀ ਸ਼ਬਦਾਵਲੀ ਵੀ ਸਿਰਦਾਰ ਸਾਹਿਬ ਦੀ ਹੀ ਦੇਣ ਸੀ।
ਸਿਰਦਾਰ ਕਪੂਰ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਕਈ ਪੁਸਤਕਾਂ ਲਿਖਣ ਤੋਂ ਇਲਾਵਾ ਸਮੇਂ-ਸਮੇਂ ਪ੍ਰਮੁੱਖ ਰਸਾਲਿਆਂ, ਅਖਬਾਰਾਂ ਲਈ ਲੇਖ ਵੀ ਲਿਖੇ। ਉਨਾਂ ਦੀਆਂ ਪ੍ਰਸਿੱਧ ਪੁਸਤਕਾਂ ਵਿੱਚ ਪ੍ਰਾਸ਼ਰ-ਪ੍ਰਸ਼ਨਾ, ਹਸ਼ੀਸ਼ (ਕਵਿਤਾਵਾਂ), ਸਪਤ-ਸਿੰ੍ਰਗ, ਬਹ-ਵਿਸਥਾਰ, ਪੁੰਡਰੀਕ, ਮਨਸੂਰ ਅੱਲ-ਹਲਾਜ, ਸਿਖਇਜ਼ਮ ਫਾਰ ਮਾਡਰਨ ਮੈਨ, ਮੀ ਜੂਡੀਸ, ਸੇਕਰਡ ਰਾਈਟਿੰਗਜ਼ ਆਫ ਦੀ ਸਿਖਜ਼ (ਜਿਸ ਨੂੰ ਯੂਨਾਇਟਿਡ ਨੇਸ਼ਨਜ਼ ਦੀ ਸੰਸਥਾ ਯੂਨੈਸਕੋ ਵਲੋਂ ਪ੍ਰਕਾਸ਼ਿਤ ਕੀਤਾ ਗਿਆ), ਕੰਟਰੀਬਿਊਸ਼ਨਜ਼ ਆਫ ਗੁਰੂ ਨਾਨਕ, ਦੀ ਆਵਰ ਆਫ ਸਵੋਰਡ, ਗੁਰੂ ਅਰਜਨ ਐਂਡ ਹਿਜ਼ ਸੁਖਮਨੀ ਆਦਿ ਸ਼ਾਮਲ ਹਨ।
1978 ਤੋਂ ਬਾਅਦ, ਚੰਡੀਗੜ ਵਿੱਚ ਹੋਏ ਵੱਖ-ਵੱਖ ਸੈਮੀਨਾਰਾਂ, ਜਿਨਾਂ ਦਾ ਵਿਸ਼ਾ ਸੀ – ‘ਖਾਲਿਸਤਾਨ, ਕਿਉਂ ਨਹੀਂ’ (ਖਾਲਿਸਤਾਨ-ਵਾਈ ਨਾਟ) ਵਿੱਚ ਸਿਰਦਾਰ ਕਪੂਰ ਸਿੰਘ ਨੇ, ਪੰਥ ਦੀ ਆਜ਼ਾਦੀ ਲਈ ਨੌਜਵਾਨਾਂ ਨੂੰ ‘ਕੁਝ ਕਰ ਗੁਜ਼ਰਨ’ ਦਾ ਸੱਦਾ ਦਿੱਤਾ। ਦਲ ਖਾਲਸਾ ਦੇ ਮੁਖੀ ਸਰਦਾਰ ਗਜਿੰਦਰ ਸਿੰਘ ਵਰਗੇ ਨੌਜਵਾਨ, ਮਜ਼ਬੂਤੀ ਨਾਲ ਅਜ਼ਾਦੀ ਦੇ ਰਸਤੇ ’ਤੇ ਕੇਸਰੀ ਨਿਸ਼ਾਨ ਲੈ ਕੇ ਅੱਗੇ ਵਧੇ। 1980ਵਿਆਂ ਵਿੱਚ, ਭਾਈ ਅਮਰੀਕ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਯਤਨਾਂ ਨਾਲ, ਸਿਰਦਾਰ ਕਪੂਰ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਮੇਲ ਹੋਇਆ ਭਾਵੇਂ ਕਿ ਉਦੋਂ ਸਿਰਦਾਰ ਸਾਹਿਬ ਦੀ ਸਿਹਤ, ਖਰਾਬੀ ਦੇ ਰਸਤੇ ’ਤੇ ਪੈ ਚੁੱਕੀ ਸੀ। ਸਿਰਦਾਰ ਕਪੂਰ ਸਿੰਘ ਨੇ ਜਿਥੇ ਸੰਤਾਂ ਦੀ ਇਮਾਨਦਾਰੀ ਤੇ ਸਿਰੜ ਦੀ ਤਾਰੀਫ਼ ਕੀਤੀ ਉਥੇ ਅਕਾਲੀਆਂ ਦੀ ਬਦਨੀਤੀ ਤੋਂ ਉਨਾਂ ਨੂੰ ਖਬਰਦਾਰ ਵੀ ਕੀਤਾ। 1980ਵਿਆਂ ਦੇ ਸਿੱਖ ਜੋਸ਼ ਤੇ ਉਭਾਰ ਤੋਂ ਸਿਰਦਾਰ ਸਾਹਿਬ ਬਾਗੋਬਾਗ ਹੋਏ, ਕਿਹਾ ਕਰਦੇ ਸਨ – ‘ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ, ਗੁਰੂ ਬਹੁੜੀ ਕਰੇਗਾ। ਪਰ ਇਨਾਂ ਅਕਾਲੀ ਲੀਡਰਾਂ ਤੋਂ ਪਹਿਲਾਂ ਪੰਥ ਦਾ ਖਹਿੜਾ ਛੁਡਾਓ।’
ਜੂਨ-1984 ਤੇ ਨਵੰਬਰ – 1984 ਦੇ ਘੱਲੂਘਾਰਿਆਂ ਦੀ ਪੀੜ ਨੂੰ ਸਿਰਦਾਰ ਸਾਹਿਬ ਨੇ ਬੜੀ ਸ਼ਿੱਦਤ ਤੇ ਬੇਚੈਨੀ ਨਾਲ ਹੰਢਾਇਆ। ਭਾਵੁਕ ਹੁੰਦਿਆਂ ਉਨਾਂ ਦੀ ਅੱਖਾਂ ’ਚੋਂ ਹੰਝੂ ਤ੍ਰਿਪ-ਤ੍ਰਿਪ ਵਗਦੇ ਸਨ। ਉਹ ਜੋਸ਼ ਅਤੇ ਜ਼ਜਬੇ ਦੇ ਆਵੇਸ਼ ਵਿੱਚ, ਬਿਮਾਰ ਹਾਲਤ ਵਿੱਚ ਮੰਜੀ ’ਤੇ ਬੈਠੇ, ਮੁਲਾਕਾਤ ਲਈ ਆਉਣ ਵਾਲਿਆਂ ਨੂੰ ਕਹਿੰਦੇ ਸਨ – ‘ਜੇ ਇਤਿਹਾਸ ਵਿੱਚ ਇਹ ਵਰਨਣ ਆਏ ਕਿ ਇੱਕ ਛੋਟੀ ਜਿਹੀ ਸਿੱਖ ਕੌਮ ਸੀ, ਜਿਹੜੀ ਕਿ ਆਪਣੀ ਅਜ਼ਾਦੀ ਲਈ ਲੜਦੀ ਹੋਈ, ਸਾਰੀ ਦੀ ਸਾਰੀ ਕੁਰਬਾਨ ਹੋ ਗਈ, ਉਸ ਦਾ ਹਰ ਬੱਚਾ, ਬੁੱਢਾ, ਮਾਈ-ਭਾਈ ਸਭ ਸ਼ਹੀਦ ਹੋ ਗਏ ਤਾਂ ਇਹ ਬੜੇ ਫਖਰ ਦੀ ਗੱਲ ਹੋਵੇਗੀ। ਪਰ ਹਿੰਦੂਆਂ ਦੀ ਗੁਲਾਮੀ ਹੇਠ ਜਿਉਣਾ ਤਾਂ ਕੁੰਭੀ ਨਰਕ ਵਿੱਚ ਸੁੱਟੇ ਜਾਣ ਦੇ ਬਰਾਬਰ ਹੈ।’
ਸਮੁੱਚੀ ਸਿੱਖ ਕੌਮ ਦਾ ਦਰਦ ਆਪਣੇ ਸੀਨੇ ਵਿੱਚ ਲੈ ਕੇ, ਕੌਮੀ ਅਜ਼ਾਦੀ ਲਈ ਤਾਂਘਦਿਆਂ, 13 ਅਗਸਤ, 1986 ਨੂੰ ਇਹ ਅਣਖੀ ਰੂਹ, ਗੁਰੂ ਚਰਨਾਂ ਵਿੱਚ ਜਾ ਬਿਰਾਜੀ। ਸਿੱਖ ਦੀ ਸਿੱਖੀ ਕੇਸਾਂ-ਸਵਾਸਾਂ ਨਾਲ ਨਿਭੀ। 28 ਮਿਲੀਅਨ ਸਿੱਖ ਕੌਮ, ਕੀ ਆਪਣੇ ਆਪ ਨੂੰ ਪੁੱਛੇਗੀ ਕਿ ‘ਅਜ਼ਾਦੀ’ ਦੇ ਪੈਮਾਨੇ ਅਨੁਸਾਰ ਅੱਜ ਅਸੀਂ ਕਿੱਥੇ ਖੜੇ ਹਾਂ?
                   ‘ਅੱਜ ਯਾਦ ਆਇਆ ਮੈਨੂੰ ਉਹ ਸੱਜਣ, ਜਿਹਦੇ ਮਗਰ ਉਲਾਂਭੜਾ ਜੱਗ ਦਾ ਏ।’

ਬੜੀ ਬਚਿੱਤਰ ਕਥਾ ਹੈ ਸ੍ਰੀ ਦਸਮੇਸ਼ ਜੀ ਦੀ - Dr. Taaran Singh (ਡ: ਤਾਰਨ ਸਿੰਘ)

ਨਾਟਕ ਸਦਾ ਹੀ ਰਮਜ਼ ਵਾਲੀ ਘਟਨਾ ਹੁੰਦੀ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਅੰਤ ਨਾਟਕ ਦੇਖੇ। ਆਪ ਨੇ ਅਨੰਤ ਸਮੇਂ ਵਿਚ ਨਾਟਕ ਬ੍ਰਿਤਾਂਤ ਵੇਖੇ। ਆਪ ਨੇ ਆਪਣੇ ਤੋਂ ਪਹਿਲਾਂ ਹੋ-ਵਾਪਰ ਚੁੱਕੇ- ਬੇਅੰਤ ਯੁਗਾਂ ਦੇ ਨਾਟਕ ਦੇਖੇ ਅਤੇ ਅੱਗੋਂ ਆਉਣ ਵਾਲੇ ਵੀ ਕਈ ਨਾਟਕ ਵੇਖੇ। ਆਪ ਨੇ ਆਤਮ-ਕਥਾ ਨੂੰ ਵੀ ਨਾਟਕ ਦੇ ਰੂਪ ਵਿਚ ਹੀ ਵੇਖਿਆ। ਪਰ ਇਸ ਸਭ ਕੁਝ ਨੂੰ ਆਪ ਨੇ ਬਚਿੱਤ੍ਰ ਨਾਟਕ ਮੰਨਿਆ ਤੇ ਵੇਖਿਆ। ਆਪ ਨੇ ਜੀਵਨ-ਸਾਰ ਨੂੰ 'ਬਚਿੱਤ੍ਰ -ਨਾਟਕ' ਦਾ ਨਾਮ ਦਿੱਤਾ।

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਬਚਿਤ੍ਰ ਨਾਟਕ' ਦੀ ਆਦਿ ਜੁਗਾਦਿ ਤੋਂ ਤੁਰੀ ਆ ਰਹੀ ਲੜੀ ਨੂੰ ਵੇਖਿਆ। 'ਜਾਪ' ਤੇ 'ਅਕਾਲ ਉਸਤਤਿ' ਵਿਚ ਅਦ੍ਵੈਤ ਬ੍ਰਹਮ ਦੇ ਬਚਿਤ੍ਰ ਨਾਟਕ ਨੂੰ ਦਰਸਾਇਆ। ਬਚਿਤ੍ਰ ਨਾਟਕ ਵਿਚ ਸੂਰਜਬੰਸੀ ਤੇ ਚੰਦਰਬੰਸੀ ਰਾਜਿਆਂ ਦੇ ਬਚਿਤ੍ਰ ਨਾਟਕ ਨੂੰ ਦਰਸਾਇਆ। ਫਿਰ ਬੇਦੀ ਤੇ ਸੋਢੀ ਬੰਸ ਦੀ ਕਥਾ ਸੁਣਾਈ। ਫਿਰ ਆਤਮ-ਕਥਾ ਦਾ ਬਚਿਤ੍ਰ ਨਾਟਕ ਦਰਸਾਇਆ।

ਬ੍ਰਹਮ ਦੇ ਸੱਤ ਅਤੇ ਰੁਦਰ ਦੇ ਦੋ ਅਵਤਾਰਾਂ ਦਾ ਰੂਪ ਨਾਟਕ ਦਰਸਾਇਆ ਹੈ, ਚੰਡੀ ਚਰਿਤ੍ਰ ਦੇ ਮਹਾਨ ਬਚਿਤ੍ਰ ਨਾਟਕ ਨੂੰ 'ਦਸਮ ਗ੍ਰੰਥ' ਵਿਚ ਪੰਜ ਵਾਰੀ ਸਾਕਾਰ ਕੀਤਾ ਹੈ। 'ਗਿਆਨ ਪ੍ਰਬੋਧ' ਵਿਚ ਬੇਅੰਤ ਰਾਜਿਆਂ ਦੀ ਯਗ-ਕਥਾ ਦੇ ਬਚਿਤ੍ਰ ਨਾਟਕ ਨੂੰ ਰੂਪਮਾਨ ਕੀਤਾ ਹੈ। ਤ੍ਰਿਆ ਚਰਿੱਤ੍ਰ ਵੀ ੪੦੪ ਬਚਿਤ੍ਰ ਨਾਟਕ ਹੀ ਹਨ। ਆਪ ਦੀ ਪ੍ਰਤਿਭਾ ਪ੍ਰਮੁੱਖ ਤੌਰ ਤੇ ਨਾਟਕੀ ਸੀ। ਸਾਰੇ ਜੀਵਨ ਨੂੰ ਆਪ ਨੇ ਬਚਿਤ੍ਰ ਨਾਟਕ ਸਮਝ ਕੇ ਜੀਵਿਆ ਹੈ।

ਬਚਿਤ੍ਰ ਨਾਟਕ ਦਾ ਭਾਵ ਇਹੋ ਹੈ ਕਿ ਹਰ ਕਥਾ ਵਿਚ ਕੋਈ ਗੋਹਜ-ਭੇਦ ਹੈ। ਘਟਨਾ ਸਥਾਨਕ ਤੇ ਸਮਈ ਵੀ ਹੈ ਪਰ ਅਨੰਤ ਕਾਲ ਲਈ ਉਸ ਵਿਚ ਕੋਈ ਸੰਦੇਸ਼ ਵੀ ਹੁੰਦਾ ਹੈ।

ਜਿਵੇਂ ਪਹਿਲੇ ਸਾਰੇ ਗੁਰੂ ਸਾਹਿਬ 'ਬਚਿਤ੍ਰ ਨਾਟਕ' ਖੇਡ ਖੇਡ ਕੇ ਜੀਵਨ-ਜਾਚ ਸਿਖਾਉਂਦੇ ਰਹੇ ਸਨ, ਤਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਅਨੇਕ ਬਚਿਤ੍ਰ ਨਾਟਕ ਖੇਡਦੇ ਰਹੇ ਹਨ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਾਂਧੇ, ਮੁੱਲਾਂ, ਸੱਜਣ, ਭੂਮੀਏ, ਨਾਲ ਨਾਟਕ ਖੇਡੇ। ਹਰਿਦੁਆਰ, ਕੁਰੂਕਸ਼ੇਤਰ ਤੇ ਕਾਮਰੂਪ ਵਿਚ ਬਚਿਤ੍ਰ ਨਾਟਕ ਖੇਡੇ, ਸ਼ਿਵਨਾਭ ਤੇ ਕੌਡੇ ਨਾਲ ਨਾਟਕ ਖੇਡੇ। ਮੱਕੇ ਤੇ ਬਗ਼ਦਾਦ ਵਿਖੇ ਨਾਟਕ ਖੇਡੇ। ਹਸਨ-ਅਬਦਾਲ ਵਿਚ ਵਲੀ ਕੰਧਾਰੀ ਨਾਲ, ਅਚਲ ਵਿਚ ਜੋਗੀਆਂ ਨਾਲ, ਮੁਲਤਾਨ ਵਿਚ ਪੀਰਾਂ ਨਾਲ ਬਚਿਤ੍ਰ ਨਾਟਕ ਦਾ ਵਿਵਹਾਰ ਕੀਤਾ। 

ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਲਹਿਣਾ ਜੀ ਦੀ ਪ੍ਰੀਖਿਆ ਕਰਦਿਆਂ ਬਚਿਤ੍ਰ ਨਾਟਕ ਖੇਡੇ, ਜਿਨ੍ਹਾਂ ਵਿਚ ਰਮਜ਼ਾਂ ਸਨ ਅਤੇ ਉਹ ਰਮਜ਼ਾਂ ਸਦਾ ਲਈ ਸਾਰਥਕ ਹਨ। ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੀ ਪ੍ਰੀਖਿਆ ਕਰਦਿਆਂ ਕੁਝ ਬਚਿਤ੍ਰ ਨਾਟਕ ਖੇਡੇ ਜਿਨ੍ਹਾਂ ਦੀਆਂ ਰਮਜ਼ਾਂ ਸਦਾ ਲਈ ਸਾਰਥਕ ਹਨ। ਫਿਰ ਸ਼੍ਰੀ ਗੁਰੂ ਅਮਰਦਾਸ ਜੀ ਨੇ ਥੜ੍ਹੇ ਬਣਵਾ ਕੇ ਤਖ਼ਤ ਦੇ ਦਿੱਤਾ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਤੱਤੀ ਲੋਹ ਤੇ ਬਚਿਤ੍ਰ ਨਾਟਕ ਖੇਡ ਕੇ ਦੱਸਿਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪਾ ਕੇ ਬਚਿਤ੍ਰ ਨਾਟਕ ਦਰਸਾਏ ਅਤੇ ੫੨ ਰਾਜਿਆਂ ਨੂੰ ਬੰਦੀ ਵਿਚੋਂ ਕੱਢ ਕੇ ਬੰਦੀ ਛੋੜ ਦਾ ਨਾਟਕ ਰਚਿਆ। ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਸਾਰਾ ਜੀਵਨ ਦੀਰਘ ਜਾਮੇ ਦਾ ਨਾਟਕ ਖੇਡਦੇ ਰਹੇ। ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦ੍ਰਿਸ਼ਟਿ ਨਾਲ ਖਲ-ਮੂਰਖਾਂ ਨੂੰ ਪੰਡਿਤ ਕਰਦੇ ਰਹੇ। ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 'ਵੱਡਾ ਸਾਕਾ' ਕਰਕੇ ਸੰਸਾਰ ਦਾ ਅਲੌਕਿਕ ਨਾਟਕ ਖੇਡਿਆ। ਇਸੇ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਸਾਰਾ ਜੀਵਨ -ਨਾਟਕ ਵੇਖਦੇ ਤੇ ਖੇਡਦੇ ਰਹੇ ਅਤੇ ਮਨੁੱਖਤਾ ਨੂੰ ਬੜੀਆਂ ਡੂੰਘੀਆਂ ਰਮਜ਼ਾਂ ਸਮਝਾਉਂਦੇ ਰਹੇ। ਅਸੀਂ ਉਨ੍ਹਾਂ ਨਾਟਕਾਂ ਦਾ ਮੁੜ ਅਭਿਨੈ ਕਰਦੇ ਹਾਂ।

੨.
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ। ਪੀਰ ਭੀਖਣਸ਼ਾਹ 'ਪਸਚਮ ਦਿਸਿ ਕੋ ਦ੍ਰਿਸਟੀ ਫੇਰ' ਨੇ ਨਮਾਜ਼ ਅਦਾ ਕੀਤੀ ਅਤੇ ਸਣੇ ਆਪਣੇ ਮੁਰੀਦਾਂ ਦੇ ਗੁਰੂ ਦਰਸ਼ਨ ਲਈ ਤੁਰ ਪਿਆ -

ਲਈ ਕੁਰਾਨ ਮੁਸੱਲਾ ਧਾਰੇ।
ਦ੍ਵੈ ਮੁਰੀਦ ਸੋ ਚਲੇ ਪਿਛਾਰੇ।
ਸਨੇ ਸਨੇ ਗਮਨ ਮਗ ਜਾਹਿੰ।
ਨਿਸ ਬਿਸਰਾਮਹਿ ਦਿਵਸ ਚਲਾਹਿੰ।
(ਗੁ: ਪ੍ਰ: ਸੂ: ਗ੍ਰੰਥ, ਰਾ: ੧੨, ਅੰਸ ੧੪)

ਅਤੇ - 'ਪੁਰਿ ਪਟਣੇ ਦੇ ਪਹੁੰਚੇ ਪਾਸ।'

ਬੜੇ ਜਤਨ ਮਗਰੋਂ ਗੁਰ-ਦਰਸ਼ਨ ਪ੍ਰਾਪਤ ਹੋਇਆ ਤੇ ਇਹ ਨਾਟਕ ਰਚਿਆ ਗਿਆ।

ਉਸ ਨੇ ਦੋ ਘੜੇ ਚੁੱਕੇ ਹੋਏ ਸਨ।
ਸ਼ਾਹਿ ਭੀਖ ਘਟਕਾ ਜਬ ਦੋਨੋਂ।
ਕਰੀ ਸਮੀਪ ਹੋਇ ਕਰ ਨਮੋਂ।
ਸ੍ਰੀ ਗੁਰ ਦੋਨਹੁ ਹਾਥ ਪਸਾਰੇ।
ਘਟੀ ਸਪਰਸ਼ਨ ਕੋ ਤਿਸ ਬਾਰੇ।
ਤਊ ਨ ਪਹੁੰਚੇ ਜਾਇ ਤਹਾਂ ਲੌਂ।
ਪਰੇ ਅੰਕੁ ਮੈਂ ਛੁਵੈਂ ਕਹਾਂ ਲੌਂ।
ਸ਼ਾਹੁ ਭੀਖ ਕੇ ਮਨ ਕੀ ਜਾਨਿ।
ਕਰੀ ਵਧਾਵਨ ਬਾਹੁ ਮਹਾਨ।
ਦੋਨੋਂ ਦ੍ਵੈ ਘਟ ਕਾ ਪਰ ਲਾਏ।
ਸੰਗਤਿ ਖਰੀ ਨ ਕਿਨਹੁੰ ਲਖਾਏ।
(ਰਾ: ੧੨, ਅੰਸ ੧੬)

ਬਾਲਕ ਗੁਰੂ ਜੀ ਨੇ ਭੀਖਣਸ਼ਾਹ ਨੂੰ ਇਸ ਨਿੱਕੇ ਜਿਹੇ ਬਚਿਤ੍ਰ ਨਾਟਕ ਦੁਆਰਾ ਰਮਜ਼ ਸਮਝਾ ਦਿੱਤੀ ਅਤੇ ਉਸ ਨੂੰ ਰਮਜ਼ ਸਮਝ ਆਈ। ਗੁਰੂ ਆਪਣਾ ਪੰਥ ਚਲਾਵੇਗਾ ਅਤੇ ਨਾ ਹੀ ਹਿੰਦੂ ਮੱਤ ਨਾਸ਼ ਹੋਵੇਗਾ, ਨਾ ਹੀ ਇਸਲਾਮ। ਗੁਰੂ ਦੋਹਾਂ ਦੀ ਰੱਖਿਆ ਕਰੇਗਾ।

ਉਪਰ ਦੱਸੇ ਨਾਟਕ ਦੀ ਭਾਵਨਾ ਨੂੰ ਸਾਖਿਆਤ ਕਰਨ ਲਈ ਆਪ ਨੇ ਇਕ ਬਚਿਤ੍ਰ ਨਾਟਕ ਦਾ ਰੂਪ ਧਾਰਨ ਕੀਤਾ। ਐਸਾ ਨਾਟਕ ਕਿਸੇ ਨਹੀਂ ਸੀ ਦੇਖਿਆ। ਆਪ ਨੇ ਨੀਲੇ ਘੋੜੇ ਦੀ ਸਵਾਰੀ ਕੀਤੀ। ਚਿੱਟਾ ਬਾਜ਼ ਹੱਥ ਤੇ ਬਿਠਾਇਆ ਅਤੇ ਸੋਹਣੀ ਕਲਗੀ ਸਿਰ ਤੇ ਸਜਾਈ। ਸੰਸਾਰ ਦੇ ਬਚਿਤ੍ਰ ਨਾਟਕੀ ਬ੍ਰਹਿਮੰਡ 'ਤੇ ਇਹ ਨਾਇਕ-ਸਰੂਪ ਬੜਾ ਹੀ ਬਚਿਤ੍ਰ ਸੀ ਪਰ ਇਸ ਵਿਚ ਸਦਾ ਲਈ ਡੂੰਘੀ ਰਮਜ਼ ਸੀ। ਆਪ ਦਾ ਘੋੜਾ ਸ਼ਕਤੀ ਦਾ ਪ੍ਰਤੀਕ ਹੈ ਜਿਸ ਦੁਆਰਾ ਸਾਰੇ ਯੋਧੇ ਅਨਿਆਂ ਦਾ ਨਾਸ਼ ਕਰਦੇ ਰਹੇ ਹਨ। ਪਰ ਆਪ ਦੀ ਨਿਵੈਰਤਾ ਦੀ ਸਾਖੀ ਨੀਲਾ ਰੰਗ ਹੈ। ਆਪ ਦਾ ਨੀਲਾ ਘੋੜਾ ਵਿਸ਼ਾਲਤਾ ਤੇ ਨਿਰਵੈਰਤਾ ਦਾ ਸ਼ਕਤੀਮਾਨ ਚਿੰਨ੍ਹ ਹੈ। ਨੀਲਾਹਟ ਵਿਚ ਸਾਗਰ ਤੇ ਗਗਨ ਦੀ ਵਿਸ਼ਾਲਤਾ ਦਮਕਦੀ ਹੈ, ਇਹ ਬ੍ਰਹਮ ਗਿਆਨੀ ਦੀ ਨੀਲਾਹਟ ਹੈ। ਇਹ ਨੀਲਾਹਟ ਹੀ 'ਅਕਾਲ ਉਸਤਤਿ' ਵਿਚ ਸਾਖਿਆਤ ਕੀਤੀ ਹੈ ਜਿਸ ਦੁਆਰਾ ਆਪ ਨੇ ਸਾਰੇ ਸੰਸਾਰ ਦੇ ਧਰਮਾਂ ਤੇ ਸਾਰੀਆਂ ਕੌਮਾਂ ਨੂੰ ਇਕੋ ਜਿੰਨਾ ਪਿਆਰ ਤੇ ਸਤਿਕਾਰ ਦਿੱਤਾ ਹੈ। ਇਸ ਰੰਗ ਨੇ ਸਿੱਖਾਂ ਨੂੰ ਛੋਹਿਆ ਤੇ ਗੁਰੂ-ਮੁੱਖ ਵਿਚੋਂ ਇਹ ਮਾਨਵੀ ਰੰਗਤ ਦਾ ਸੁਨੇਹਾ ਨਿਕਲਿਆ -

ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ॥
ਕਰਤਾ ਕਰੀਮ ਸੋਈ ਰਾਜਕ ਰਹੀਮ ਓਈ
ਦੂਸਰੋ ਨ ਭੇਦ ਕੋਦੀ ਭੂਲ ਭ੍ਰਮ ਮਾਨਬੋ ॥
(ਅਕਾਲ ਉਸਤਤਿ ੮੫)

ਅਤੇ: -

ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ
ਮਾਨਸ ਸਬੈ ਏਕ ਪੈ ਅਨੇਕ ਕੋ ਭਰਮਾਉ ਹੈ ॥
ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੱਦੂ
ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ ॥
(ਅਕਾਲ ਉਸਤਤਿ ੮੬)

ਆਪ ਦਾ 'ਚਿੱਟਾ ਬਾਜ਼' ਵੀ ਇਸੇ ਰਮਜ਼ ਦਾ ਲਖਾਇਕ ਸੀ ਜਿਸ ਦਾ ਲਖਾਇਕ 'ਨੀਲਾ ਘੋੜਾ' ਸੀ - ਬਾਜ ਦੀ 'ਸ਼ਕਤੀ' ਦੀ ਸਿਖ਼ਰ ਅਤੇ ਚਿੱਟਾ ਰੰਗ ਉਸ ਸ਼ਕਤੀ ਦੀ ਸੁਲ੍ਹਾ ਕੁਲ ਵਰਤੋਂ ਦਾ ਲਖਾਇਕ ਹੈ। ਆਪ ਜੀ ਦੀ ਕਲਗੀ ਵਿਚ ਮੀਰੀ ਤੇ ਪੀਰੀ ਦਾ ਸੁਮੇਲ ਹੈ। ਇਹਨਾਂ ਚਿੰਨ੍ਹਾਂ ਵਿਚ ਜੋ ਨਾਟਕ ਆਪ ਨੇ ਖੇਡਿਆ, ਉਸ ਨੇ ਹੀ ਖ਼ਾਲਸੇ ਨੂੰ ਮੀਰੀ-ਪੀਰੀ, ਰਾਜ-ਜੋਗ ਤੇ ਸੰਤ-ਸਿਪਾਹੀ ਦਾ ਚਿੰਨ੍ਹ ਬਣਾ ਦਿੱਤਾ। ਖ਼ਾਲਸਾ ਆਪਣਾ ਬਚਿਤ੍ਰ ਨਾਟਕ ਦਿਖਾਉਣ ਲੱਗਾ। ਸੰਸਾਰ ਦੇ ਰੰਗ-ਮੰਚ ਤੇ ਉਸ ਦੇ ਬਚਿੱਤ੍ਰ ਨਾਟਕ ਨੂੰ ਅਨੇਕ ਥਾਈਂ ਸੰਸਾਰ ਨੇ ਦੇਖਿਆ ਤੇ ਹੁਣ ਤੀਕ ਇਸ ਨਾਟਕ ਨੂੰ ਸੰਸਾਰ ਦੇਖ ਰਿਹਾ ਹੈ। ਸਾਰਾ ਸਿੱਖ ਇਤਿਹਾਸ ਇਸ ਨਾਟਕ ਦਾ ਅਭਿਨੈ ਹੈ।
੪.
ਸੰਸਾਰ ਦਾ ਅਤਿਅੰਤ ਬਚਿਤ੍ਰ ਨਾਟਕ ਆਪ ਨੇ ੧੬੯੯ ਈਸਵੀ ਨੂੰ ਖੇਡਿਆ। ਭਾਰੀ ਸੰਗਤ ਕੇਸਗੜ੍ਹ ਸਜੀ ਹੋਈ ਸੀ। ਗੁਰੂ ਜੀ ਨੇ ਤਲਵਾਰ ਖਿੱਚ ਲਈ -

ਖੜਗ ਖੈਂਚ ਕਰ ਲੀਨਸਿ ਚਮਕਤਿ।
ਬਹਿਰਤਿ ਮਨਹੁ ਦਾਮਨੀ ਦਮਕਤਿ।
ਘਨਸੁਰ ਸਮ ਬੋਲੇ ਗੁਨਖਾਨੀ।
ਸਭਿ ਸੰਗਤਿ ਗੁਰ ਪ੍ਰਿਯਾ ਮਹਾਨੀ।
ਅਤਿ ਪ੍ਰਿਯ ਸਿਖ ਅਹੈ ਕੋ ਮੇਰਾ?
ਅਪਨੋ ਸੀਸ ਦੇਹਿ ਇਸ ਬੇਰਾ।
ਖਾਰਜ ਪਰਯੋ ਅਟਕ ਇਸ ਕਾਲਾ।
ਪੁਰਬਹਿ ਸਿਰ ਦੇ ਅਬਹਿ ਬਿਸਾਲਾ।
(ਗੁ: ਪ੍ਰ: ਸੂ: ਗ੍ਰੰਥ, ਰੁਤ ੩, ਅੰਸੁ ੭੦)

ਪੰਜਾਂ ਸਿਖਾਂ ਨੇ ਵਾਰੋ-ਵਾਰੀ ਸਿਰ ਪੇਸ਼ ਕਰ ਦਿੱਤਾ। ਹਰ ਇਕ ਨੂੰ ਤੰਬੂ ਵਿਚ ਲੈ ਗਏ ਅਤੇ ਅੱਗੇ ਇਹ ਨਾਟਕ ਰਚਿਆ
ਉਹ ਤਾਂ ਨਾਟਕ ਸੀ ਬਚਿਤ੍ਰ। ਆਪ ਅੰਤ ਤੇ ਉਹਨਾਂ ਪੰਜਾਂ ਨੂੰ ਹੀ ਸਜਾ ਕੇ, ਨੀਲਾ ਬਾਣਾ ਪੁਆ ਕੇ ਬਾਹਰ ਲੈ ਆਏ ਤੇ ਕਿਹਾ -

ਮਮ ਸਰੂਪ ਤੁਮ ਅਬ ਭਏ
ਹੌਂ ਭਾ ਤੁਮਹਿੰ ਸਰੂਪ।
ਬ੍ਰਹਮ ਗਿਆਨ ਦਿਢ ਰਿਦੈ ਹ੍ਵੈ
ਪਦ ਅਤਿ ਲੀਨਿ ਅਨੂਪ।
ਤੇ ਉਹਨਾਂ ਨੂੰ ਕਿਹਾ ਕਿ -
'ਸੀਭ ਕੀ ਰਾਖ ਲੀਨਿ ਪਤਿ ਮਹਾ।
ਧਰਿ ਧੀਰਜ ਊਚੋ ਪਦ ਲਹਾ।'

ਇਹ ਸਿੱਖ ਦੀ ਪਰਖ ਦਾ ਬਚਿਤ੍ਰ ਨਾਟਕ ਹੈ। ਇਸ ਤਰ੍ਹਾਂ ਆਪ ਨੇ ਚੰਡੀ ਵਿਚੋਂ ਖਾਲਸਾ ਪੈਦਾ ਕਰ ਦਿੱਤਾ। ਇਹੋ ਰਮਜ਼ ਹੈ ਖਾਲਸੇ ਦੀ।
ਇਸ ਨਾਟਕ ਨੂੰ ਜਾਰੀ ਰਖਦਿਆਂ, ਆਪ ਨੇ ਅੰਮ੍ਰਿਤ ਤਿਆਰ ਕੀਤਾ। ਪੰਜਾਂ ਪਿਆਰਿਆਂ ਨੂੰ ਛਕਾਇਆ ਤੇ ਫਿਰ ਆਪ ਛਕਿਆ! ਇਹ ਵੀ ਕਿੰਨੀ ਵਡੀ ਰਮਜ਼ ਹੈ।

ਤਿਹ ਛਿਨ ਇਕ ਬਾਸਨ ਮੰਗਵਾਵਾ।
ਸਤੁਦ੍ਰਵ ਕੇ ਜਲ ਸੁਚਿ ਅਨੁਵਾਵਾ।
ਨਿਜ ਆਗੇ ਰਖਵਾਰਨਿ ਕੀਯੋ।
ਜੋ ਕ੍ਰਿਪਾਨ ਸ੍ਰੀ ਦੇਵੀ ਦੀਯੋ।
ਤਾਂ ਮੈਂ ਲਗੇ ਫੇਰਨੇ ਸੁਆਮੀ।
ਬਦਨ ਬਦਤਿ ਬਾਨੀ ਅਭਿਰਾਮੀ।
ਦਇਆ ਸਿੰਘ ਤੇ ਆਦਿਕ ਜੇਈ।
ਪੰਚਹੁ ਖਰ ਆਗਰੇ ਕਰਿ ਤੇਈ।
(ਰੁਤ ੩, ਅੰਸੂ ੧੯)

ਮਾਤਾ ਜੀ ਨੇ ਉਸ 'ਨੀਰ ਬਿਖੈ ਪਾਈ ਮਧੁਰਾਈ' ਪਤਾਸੇ ਪਾ ਕੇ ਖ਼ਾਲਸੇ ਨੂੰ ਮਿੱਠਾ ਬਣਾ ਦਿੱਤਾ, ਇਹ ਵੀ ਨਾਟਕ ਹੈ।

ਖ਼ਾਲਸਾ ਪ੍ਰਗਟ ਹੋ ਗਿਆ -

ਵਾਹਿਗੁਰੂ ਜੀ ਕਾ ਭਯੋ ਖਾਲਸਾ ਸੁ ਨੀਕਾ,
ਵਾਹਿਗੁਰੂ ਜੀ ਕੀ ਮਿਲ ਫਤੇ ਸੋ ਬੁਲਾਈ ਹੈ।
ਪੀਰ ਪਾਤਿਸ਼ਾਹ ਕਰਾਮਾਤੀ ਜੇ ਅਪਰ ਪੰਥ,
ਹਿੰਦੂ ਕਿ ਤੁਰਕ ਹੂੰ ਕੀ ਕਾਨ ਕੋ ਮਿਟਾਈ ਹੈ।
ਤੀਸਰਾ ਮਜਬ ਜਗ ਦੇਖ ਕੇ ਅਜਬ ਮਹਾਂ,
ਬੈਰੀ ਕੇ ਗਜਬ ਪਰਯੋ ਛੀਨੈ ਠਕੁਰਾਈ ਹੈ।
ਧਰਮ ਸਥਾਪਨੇ ਕੋ ਪਾਪਨ ਕੇ ਖਾਪਨੇ ਕੋ
ਗੁਰੂ ਜਾਪਨੇ ਕੋ ਨਈ ਰੀਤਿ ਯੋਂ ਚਲਾਈ ਹੈ।
(ਗੁ: ਪ੍ਰ: ਸੂ: ਗ੍ਰੰਥ)

ਗੁਰੂ ਜੀ ਨੇ ਇਸੇ ਖ਼ਾਲਸੇ ਨੂਮ 'ਖ਼ਾਲਸਾ ਗੁਰੂ ਹੈ, ਗੁਰੂ ਖ਼ਾਲਸਾ ਕਹੋਂ ਮੈਂ' ਆਪਣਾ ਇਸ਼ਟ ਗੁਰੂ ਸਥਾਪਨ ਕਰ ਦਿੱਤਾ। ਇਹ ਹੀ ਤਾਂ ਬਚਿਤ੍ਰ ਨਾਟਕ ਹੈ।

ਸਤਿਗੁਰੂ ਜੀ ਨੇ ਪੰਜ ਪਿਆਰੇ ਸਜਾਏ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਮਾਰ ਦਿੱਤੇ ਅਤੇ ਦਇਆ, ਧਰਮ, ਮੋਹਕਮ, ਹਿੰਮਤ ਤੇ ਸਾਹਿਬੀ ਦੇ ਗੁਣ ਪ੍ਰਵੇਸ਼ ਕਰਕੇ ਸਿੱਖਾਂ ਨੂੰ ਸਿੰਘ (ਸ਼ੇਰ) ਬਣਾ ਦਿੱਤਾ। ਪੰਚ ਰੁਸਾ ਦਿੱਤੇ ਅਤੇ ਪੰਚ ਮਨਾ ਲਏ। ਕਾਇਰਤਾ ਤੇ ਬੇਗ਼ੈਰਤੀ ਨੂੰ ਆਪ ਨੇ ਮਾਰ ਦਿੱਤਾ ਅਤੇ ਬੀਰਤਾ ਤੇ ਗ਼ੈਰਤ ਨੂੰ ਜਨਮ ਦਿੱਤਾ।

'ਸਿੰਘ' ਦੇ ਘਰ ਚਾਰ ਪੁੱਤਰ ਜਨਮੇ, ਅਜੀਤ, ਜੁਝਾਰ, ਜ਼ੋਰਾਵਰ, ਫ਼ਤਿਹ। 'ਸਿੰਘ' ਦੇ ਪੰਜ ਹੀ ਸਾਥੀ ਹਨ - 'ਦਇਆ, ਧਰਮ, ਮੋਹਕਮ, ਸਾਹਿਬ ਤੇ ਹਿੰਮਤ'। ਫ਼ਤਿਹ ਤੇ ਸਾਹਿਬੀ ਫਲ ਰੂਪ ਹਨ, ਪਹਿਲੇ ਗੁਣਾਂ ਦੇ। ੪੦ ਮੁਕਤੇ ਉਹ ਹੀ ਦੋ ਫ਼ੌਜਾਂ ਹਨ ਜਿਨ੍ਹਾਂ ਦਾ ਗੁਰੂ ਜੀ ਨੇ ਅਬਿਬੇਕ ਅਤੇ ਬਿਬੇਕ ਦੀਆਂ ਫ਼ੌਜਾਂ ਦੇ ਤੌਰ ਤੇ ਰੁਦਰ-ਅਵਤਾਰ ਵਿਚ ਬਿਆਨ ਕੀਤਾ ਹੋਇਆ ਹੈ। ਅਬਿਬੇਕ ਹੀ ਬੇਦਾਵਾ ਹੈ ਅਤੇ ਬਿਬੇਕ ਹੀ ਮੁਕਤੀ ਹੈ।

੫.
ਗੁਰੂ ਜੀ ਨੇ ਖ਼ਾਲਸੇ ਨੂੰ ਅੰਮ੍ਰਿਤਪਾਨ ਕਰਾ ਦਿੱਤਾ ਅਤੇ ਰਹਿਤ ਸਮਝਾ ਦਿੱਤੀ -
ਧਰੋ ਸਦਾ ਸਿੰਘ ਮਨ, ਵੇਸਵਾ ਸੋਂ ਰਮਨ ਨਹਿੰ
ਕੀਜੈ ਕਬਿ ਸ਼ੰਕ ਕਰਿ।
ਸੁਚ ਸੋਂ ਰਹਨਿ ਉਠ ਪ੍ਰਾਤ ਮੇਂ ਸੁਨਾਨੋ ਤਨ
ਸ਼ਸਤ੍ਰਨ ਤੇ ਛੂਛੇ ਨਹੀਨ ਰਹੁ ਰਿਪੁ ਭੰਗ ਕਰਿ।
ਕੇਸ ਕੱਛ ਕਰਦ ਗੁਰੂ ਕੀ ਤੀਨ ਮੁਦ੍ਰਾ ਇਹ
ਪਾਸ ਤੇ ਨ ਦੂਰ ਕਰਹੁ, ਸਦਾ ਅੰਗ ਸੰਗ ਧਰਿ।
(ਰ: ੩, ਅੰ: ੨੦)

ਖ਼ਾਲਸੇ ਨੂੰ ਸੰਤ-ਸਿਪਾਹੀ ਦਾ ਆਚਰਨ ਸਮਝਾ ਦਿੱਤਾ। ਹਿਦਾਇਤ ਕਰ ਦਿੱਤੀ ਕਿ ਉਸ ਨੇ ਅੰਮ੍ਰਿਤ ਵਰਗਾ ਮਿੱਠਾ, ਪਵਿੱਤਰ, ਸੀਤਲ ਤੇ ਸਵੱਛ ਹੋਣਾ ਹੈ। ਅੰਮ੍ਰਿਤ ਲੱਛਣ ਹੀ ਖ਼ਾਲਸੇ ਦੇ ਲੱਛਣ ਹੋਣੇ ਚਾਹੀਦੇ ਹਨ।

ਪਰ ਨਾਲ ਇਕ ਬਚਿੱਤਰ ਨਾਟਕ ਕਰਕੇ ਦੱਸਿਆ। ਕਿਸੇ ਗਧੇ ਨੂੰ ਸ਼ੇਰ ਦੀ ਖੱਲ ਪੁਆ ਦਿੱਤੀ ਅਤੇ ਖੇਤਾਂ ਵਿਚ ਛੱਡ ਦਿੱਤਾ। ਪਹਿਲਾਂ ਤਾਂ ਲੋਕੀਂ ਬੜੇ ਡਰੇ, ਕੋਈ ਖੇਤ ਵੱਲ ਜਾਵੇ ਨਹੀਂ, ਪਰ ਕੁਝ ਸਮੇਂ ਮਗਰੋਂ ਖੋਤਾ ਘੁਮਿਆਰ ਦੇ ਘਰ ਅੱਗੇ ਆ ਖੜੋਤਾ। ਉਸ ਦੀ ਜਾਤ ਪਛਾਣੀ ਗਈ। ਲੋਕਾਂ ਨੇ ਮਾਰ ਮੁਕਾਇਆ। ਇਹ ਨਾਟਕ ਖੇਡ ਕੇ ਖ਼ਾਲਸੇ ਨੂੰ ਦੱਸਿਆ ਕਿ ਜਦੋਂ ਤੀਕ ਤੁਸੀਂ ਨਿਆਰੇ ਰਹੋਗੇ ਤੁਹਾਨੂੰ ਸਾਰਾ ਤੇਜ ਪ੍ਰਾਪਤ ਰਹੇਗਾ, ਜਦੋਂ ਤੀਕ ਤੁਹਾਡੇ ਵਿਚ ਅੰਮ੍ਰਿਤ ਆਚਰਨ ਰਹੇਗਾ, ਤਦੋਂ ਤੀਕ ਤੁਹਾਡਾ ਸਤਿਕਾਰ ਰਹੇਗਾ, ਪਰ ਜਦੋਂ ਤੁਸੀਂ ਪਾਖੰਡੀ ਰਹਿ ਗਏ ਤਦ ਨਾ ਮੈਂ ਤੁਹਾਡਾ ਇਤਬਾਰ ਕਰਾਂਗਾ ਅਤੇ ਨਾ ਹੀ ਲੋਕ ਤੁਹਾਡਾ ਸਤਿਕਾਰ ਕਰਨਗੇ। ਤੁਹਾਡਾ ਹਾਲ ਇਸੇ ਖੋਤੇ ਵਾਲਾ ਹੋਵੇਗਾ, ਜਿਸ ਨੇ ਸ਼ੇਰ ਦੀ ਖੱਲ ਪਾਈ ਹੋਈ ਸੀ ਪਰ ਜਿਸ ਪਾਸ ਸ਼ੇਰ ਦਾ ਆਚਰਨ ਨਹੀਂ ਸੀ।

ਇਹ ਦ੍ਰਿਸ਼ਟਾਂਤ ਤੁਮਹਿੰ ਦਿਖਰਾਯੋ।
ਜਾਤਿ ਪਾਤਿ ਮਹਿੰ ਰਾਸਭ ਜੈਸੇ।
ਬਸੀ ਕੁਲਾਲ ਲਾਜ ਮੇਂ ਤੈਸੇ।
ਤਿਸ ਤੇ ਸਤਿਗੁਰ ਲਏ ਨਿਕਾਸ।
ਬਖਸ਼ੇ ਸਗਲ ਪਦਾਰਥ ਪਾਸ।
ਸ੍ਰੀ ਅਸਧੁਜ ਕੋ ਦੇ ਕਰਿ ਬਾਣਾ।
ਸਭਿ ਤੇ ਊਚੇ ਕਰੇ ਸੁ ਤਾਣਾ।
ਹਲਤਿ ਬਿਖੇ ਸ਼ੁਭ ਭੋਗ ਬਿਸਾਲੇ।
ਪਲਤ ਬਿਖੇ ਮੈਂ ਕਰੋ ਸੰਭਾਲੇ।
ਉਤਮ ਪਦ ਮੈਂ ਤਬ ਪਹੁੰਚਾਊਂ।
ਜਮ ਬਸ ਪਰਬੇ ਤੇ ਛੁਟਕਾਊਂ।
ਜਿਮ ਰਾਸ਼ਭ ਪਰਿ ਕੇਹਰਿ ਖਾਨਾ।
ਬਿਨ ਡਰ ਕਰਯੋ ਖੇਤ ਗਨ ਬਾਨਾ।
ਪੁਨ ਹਲਾਲ ਕੇ ਪ੍ਰਵਿਸ਼ਣੋ ਜਾਈ।
ਲਾਦ ਗੁਨ ਕੋ ਲਸ਼ਟ ਲਗਾਈ।
ਤਿਮ ਹੁਇ ਸਿੰਘ ਜਾਤਿ ਮੈ ਪਰੈ।
ਤਜਹਿ ਸ਼ਸਤ੍ਰ ਭੈ ਕੋਇ ਨ ਧਰੈ।
ਹਲਤ ਕਾਰ ਕੋ ਕਰਤਿ ਗਵਾਵੈ।
ਪਲਤਿ ਸਹਾਇਕ ਕੋਇ ਨ ਪਾਵੈ।
ਤਜਹਿ ਸ਼ਸਤ੍ਰ ਭੈ ਕਰਹਿ ਨ ਕੋਈ।
ਭਯੋ ਗਧੇ ਕੋ ਗਧਾ ਸੋਈ।
ਯਾਂ ਤੇ ਸ੍ਰੀ ਅਕਾਲ ਕੋ ਬਾਨਾ।
ਦੇ ਮੈਂ ਕੀਨੇ ਸਿੰਘ ਸਮਾਨਾ।
ਇਸ ਕੇ ਧਰੇ ਸਦਾ ਸੁਖ ਹੋਈ।
ਤਯਾਗੋ ਦੋਨਹੁ ਲੋਕ ਨ ਢੋਈ।
(ਗੁ: ਪ੍ਰ: ਸੂ: ਗ੍ਰੰਥ, ਰੁਤ ੩, ਅੰਸੁ ੨)

੬.
ਸ੍ਰੀ ਗੁਰੂ ਜੀ ਨੇ ਸਾਰਾ ਜੀਵਨ ਬੜੇ ਅਲੌਕਿਕ ਤੇ ਬਚਿੱਤਰ ਨਾਟਕ ਖੇਡੇ। ਹੋਲੇ ਮਹੱਲੇ ਦੇ ਨਾਟਕ ਦਿਖਾਏ। ਕੜਾਹ ਪ੍ਰਸ਼ਾਦਿ ਦੀ ਦੇਗ਼ ਲੁਟਵਾਈ। ਆਪ ਤਾਂ ਉਦੋਂ ਵੀ ਨਾਟਕ ਹੀ ਖੇਡਦੇ ਰਹੇ ਜਦੋਂ ਬਾਹਰ ਮੁਗ਼ਲ ਸੈਨਾ ਨੇ ਘੇਰੇ ਘੱਤੇ ਹੋਏ ਸਨ, ਬਲਦਾਂ 'ਤੇ ਚਿੱਤਰ ਤੇ ਲਿੱਦ ਲੱਦ ਕੇ ਕਿਲ੍ਹੇ ਵਿਚੋਂ ਬਾਹਰ ਕੱਢ ਦਿੱਤੇ ਅਤੇ ਸ਼ਾਹੀ ਸੈਨਾ ਨੇ ਲੁੱਟ ਲਏ। ਕੀ ਪ੍ਰਾਪਤ ਹੋਇਆ? ਆਪ ਨੇ ੪੦ ਮੁਕਤਿਆ ਦਾ ਨਾਟਕ ਵੇਖਿਆ ਤੇ ਵਿਖਾਇਆ, ਆਪ ਉੱਚ ਦੇ ਪੀਰ ਹੋ ਕੇ ਨਾਟਕ ਖੇਡਿਆ ਆਦਿ। ਬਚਿੱਤਰ ਨਾਟਕ ਹੀ ਆਪ ਦੇ ਜੀਵਨ ਦਾ ਸਾਰ ਹੈ। ਆਪ ਨੇ ਗੰਗਾ ਦੇ ਕੰਢੇ 'ਤੇ ਜਨਮ ਧਾਰਿਆ ', ਫਿਰ ਆਪ ਜਮਨਾ ਦੇ ਕੰਢੇ ਤੇ ਰਹੇ ਅਤੇ ਦਸਮ ਗ੍ਰੰਥ ਜੀ ਦੀ ਸਾਹਿਤ ਰਚਨਾ ਕੀਤੀ -ਫਿਰ ਆਪ ਗੋਦਾਵਰੀ ਦੇ ਤੱਟ 'ਤੇ ਜਾ ਰਹੇ। ਇਹ ਤ੍ਰਿਬੇਣੀ ਦਾ ਵਾਸ ਵੀ ਇਕ ਬਚਿੱਤ੍ਰ ਨਾਟਕ ਹੈ । ਜੁਗਾਂ ਜੁਗਾਂਤਰਾਂ ਤੋਂ ਆਪ ਬਚਿੱਤਰ ਨਾਟਕ ਖੇਡ ਰਹੇ ਸਨ, ਇਹ ਸਾਰੀ ਕਥਾ ਆਪ ਜੀ ਦੀ ਹੀ ਕਥਾ ਹੈ।੭.
ਜਦੋਂ ਕੁਝ ਸਾਲ ਦੇਹਧਾਰੀ ਜੀਵਨ ਰਹਿ ਗਿਆ, ਆਪ ਦੱਖਣ ਵਿਚ ਜਾ ਬਿਰਾਜੇ ਤੇ ਬੰਦੇ ਨੂੰ ਜਾ ਘੱਲਿਆ । ਨਾਂਦੇੜ ਆਪ ਦਾ ਹੀ ਕਿਸੇ ਜੁਗ ਦਾ ਪੁਰਾਤਨ ਅਸਥਾਨ ਸੀ। ਆਪ ਭਾਰਤ ਦੇ ਚੱਪੇ-ਚੱਪੇ ਵਿਚ ਫਿਰ ਰਹੇ ਸਨ, ਉੱਥੇ ਜਿੱਥੇ ਪੰਡ ਰਾਜਿਆਂ ਨੇ ਯੋਗ ਕਮਾਇਆ ਸੀ, ਉੱਥੇ ਵੀ ਆਪ ਹੀ ਵਿਚਰੇ ਸਨ - ਫਿਰ ਆਪ ਉੱਥੇ ਗੋਦਾਵਰੀ ਤੱਟ 'ਤੇ ਜਾ ਬਿਰਾਜੇ ਜਿੱਥੇ ਰਾਮ ਜੀ ਨੇ ਬਨਵਾਸ ਗੁਜ਼ਾਰਿਆ ਸੀ। ਦੱਖਣ ਵਿਚ ਗਏ ਤੇ ਗੁਰਦੁਆਰਾ ਮਾਲਟੇਕਰੀ ਤੋਂ ਆਪਣੇ ਹੀ ਪੁਰਾਣੇ ਦੱਬੇ ਹੋਏ ਖ਼ਜ਼ਾਨੇ ਜਾ ਕੱਢੇ ਅਤੇ ਪਠਾਣਾਂ ਨੂੰ ਤਨਖ਼ਾਹ ਬਖ਼ਸ਼ੀ। ਸੋ ਇਹ ਸਾਰਾ ਦੇਸ਼ ਪਿਛਲੇ ਕਈ ਰੂਪਾਂ ਤੇ ਜਨਮਾਂ ਵਿਚ ਆਪ ਫਿਰ ਚੁੱਕੇ ਸਨ, ਆਪ ਆਪਣੇ ਪੁਰਾਣੇ ਥਹੁ ਮੁੜ ਵੇਖਦੇ ਫਿਰਦੇ ਸਨ। ਇਹ ਬਚਿੱਤਰ ਲੀਲ੍ਹਾ ਸੀ - ਹੋਰ ਕੀ?

ਆਪ ਦਾ ਸਸਕਾਰ ਕੀ ਹੋਣਾ ਸੀ, ਆਪ ਸਣ-ਦੇਹ ਤੁਰ ਗਏ, ਜਿਵੇਂ ਈਸਾ ਦੇ ਰੂਪ ਵਿਚ, ਫਿਰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ, ਫਿਰ ਗੁਰੂ ਅਰਜਨ ਦੇਵ ਜੀ ਦੇ ਰੂਪ ਵਿਚ, ਆਪ ਸਣ-ਦੇਹ ਹੀ (੍ਰੲਸੁਰਰੲਚਟੋਿਨ) ਉਠ ਸਿਧਾਂਦੇ ਰਹੇ ਸਨ। ਪਰਮਾਤਮਾ ਦੀ ਦੇਹ ਕਿਹੜੀ ਹੁੰਦੀ ਹੈ ਅਤੇ ਉਸਦਾ ਸਸਕਾਰ ਕੀ ਹੋਣਾ ਹੁੰਦਾ ਹੈ। ਪਰਮਾਤਮਾ ਤਾਂ ਬਸ ਇਹੋ ਹੈ- ਕਦੇ ਦ੍ਰਿਸ਼ਟਮਾਨ ਹੋ ਜਾਂਦਾ ਹੈ, ਕਦੇ ਅਦ੍ਰਿਸ਼ਟ ਹੋ ਜਾਂਦਾ ਹੈ, ਨਾ ਜੰਦਾ ਹੈ, ਨਾ ਮਰਦਾ ਹੈ।

ਇਹੋ ਹੀ ਹਾਲ ਥਾਵਾਂ ਦਾ ਵੀ ਹੈ। ਜਿੱਥੇ ਪੰਜਾਂ ਸਾਹਿਬ ਹੈ ਇੱਥੇ ਹੀ ਪਹਿਲਾਂ ਬੋਧੀ ਮੰਦਰ ਰਿਹਾ ਸੀ। ਹੋਰ ਕੋਈ ਕੀ ਜਾਣਦਾ ਹੈ ਕਿ ਇਹ ਛੱਪੜੀਆਂ ਜਿਹੜੀਆਂ ਅੰਮ੍ਰਿਤ ਸਰੋਵਰ ਬਣੀਆਂ, ਪਹਿਲਾਂ ਕਿੰਨੀ ਵਾਰੀ ਅੰਮ੍ਰਿਤ ਸਰੋਵਰ ਬਣ ਚੁੱਕਿਆਂ ਸਨ, ਕਿੰਨੀ ਵਾਰੀ ਅਲੋਪ ਹੋਈਆਂ ਸਨ ਅਤੇ ਅਗੋਂ ਕਿੰਨੀ ਵਾਰੀ ਉਪਜਣ ਅਤੇ ਅਲੋਪ ਹੋਣਗੀਆਂ।

ਕੁਝ ਵੀ ਸੰਸਾਰ ਵਿਚ ਪਹਿਲੀ ਵਾਰੀ ਨਹੀਂ ਹੋ ਰਿਹਾ। ਬੇਅੰਤ ਵਾਰੀ ਹੋ ਚੁੱਕਾ ਹੈ ਅਤੇ ਬੇਅੰਤ ਵਾਰੀ ਹੋਵੇਗਾ। ਖ਼ਾਲਸਾ ਬੇਅੰਤ ਵਾਰੀ ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਸਾਜ ਚੁੱਕੇ ਸਨ ਅਤੇ ਬੇਅੰਤ ਵਾਰੀ ਸਾਜਣਗੇ। ਬੇਅੰਤ ਵਾਰੀ ਖ਼ਾਲਸਾ ਅਲੋਪ ਵੀ ਹੋਇਆ ਹੈ ਅਤੇ ਬੇਅੰਤ ਵਾਰੀ ਪ੍ਰਗਟ ਹੋਇਆ ਹੈ। ਇਹੋ ਹੈ ਵਿਆਖਿਆ ਸਾਰੇ ਦਸਮ ਗ੍ਰੰਥ ਦੇ ਚੰਡੀ ਚਰਿੱਤਾਂ ਦੀ ਅਤੇ ਇਹੋ ਕਥਾ ਹੈ ਅਵਤਾਰਾਂ ਦੀ। (ਬਿਸ਼ਨ ਦੇ ੨੪, ਬ੍ਰਹਮਾ ਦੇ ੭ ਅਤੇ ਰੁਦਰ ਦੇ ੨) । ਇਹ ਸਾਰੇ ਇਕੋ ਦੇ ਹੀ ਅਵਤਾਰ ਹਨ ਜੋ ਵੱਖ-ਵੱਖ ਰੂਪ ਵਟਾਉਂਦੇ ਰਹੇ।
ਇਹੋ ਅਵਤਾਰਾਂ ਦੇ ਨਾਟਕ ਇੱਥੇ ਅਲੋਪ ਹੋ ਕੇ ਕਿਸੇ ਹੋਰ ਪਾਤਾਲ ਆਕਾਸ਼ 'ਤੇ ਹੋਣ ਲੱਗਦੇ ਹਨ। ਚੱਕਰ ਚੱਲਦਾ ਰਹਿੰਦਾ ਹੈ।

ਬੜੀ ਬਚਿੱਤਰ ਕਥਾ ਹੈ ਸ੍ਰੀ ਦਸਮੇਸ਼ ਜੀ ਦੀ।

ਭਾਵਨਾ ਬਿਹੀਨ ਦੀਨ ਕੈਸੇ ਕੈ ਤਰਤ ਹੈ - ਗਿ.ਸੰਤ ਸਿੰਘ ਮਸਕੀਨ

ਦੈਵੀ ਗੁਣਾਂ ਵਿਚੋਂ ਸ਼ਰਧਾ ਸਿਰਮੌਰ ਹੈ। ਧਰਮ ਸ਼ਰਧਾ ਭਾਵਨਾ ਤੇ ਖੜ੍ਹਾ ਹੈ।   “ਭਾਵਤਯੀ ਵਿਦਯਤੇ ਦੇਵਾ। ”  ਭਾਵਨਾ ਨਾਲ ਹੀ ਦੇਵ ਪਰਗਟ ਹੁੰਦਾ ਹੈ। ਭਾਵਨਾ ਹੀ ਹਿਰਦੇ ਵਿਚ ਭਗਵਾਨ ਨੂੰ ਰੂਪਾਂਤਰਿਤ ਕਰਦੀ ਹੈ। ਭਗਤੀ ਭਾਵਨਾ ਤੇ ਖੜ੍ਹੀ ਹੈ। ਲਗਾਤਾਰ ਸਤਿਸੰਗ ਵਿਚ ਇਕਸਾਰ ਸਰਵਣ ਕਰਨ ਤੋਂ ਹੀ ਭਾਵਨਾ ਪ੍ਰਾਪਤ ਹੁੰਦੀ ਹੈ।


 ਸਾਧਸੰਗਤਿ ਬਿਨਾ ਭਾਉ ਨਹੀਂ ਊਪਜੈ ਭਾਵ ਬਿਨੁ ਭਗਤਿ ਨਹੀਂ ਹੋਇ ਤੇਰੀ॥ (ਗੁ. ਗ੍ਰੰ. ਸਾਹਿਬ)


 ਭਾਵਨਾ ਬਿਹੀਨ ਦੀਨ ਕੈਸੇ ਕੈ ਤਰਤ ਹੈ॥ (ਸ੍ਰੀ ਦਸਮ ਗ੍ਰੰਥ )


ਧਰਮ ਦੀ ਸਾਰੀ ਕਲਾ ਪ੍ਰਭੂ ਦੇ ਗੁਣਾਂ ਦੀ ਛਵ, ਤੇ ਦੈਵੀ ਸ਼ਕਤੀਆਂ ਭਾਵਨਾ ਦੀ ਝੋਲੀ ਵਿਚ ਹੀ ਸਮਾਉਂਦੀਆਂ ਹਨ। ਕਹਿੰਦੇ ਨੇ ਸ਼ੇਰਨੀ ਦਾ ਦੁੱਧ ਕੇਵਲ ਸੋਨੇ ਦੇ ਬਰਤਨ ਵਿਚ ਰਹਿੰਦਾ ਹੈ। ਨਾਮ ਦੀ ਮਿਠਾਸ, ਪ੍ਰਭੂ ਦਾ ਆਨੰਦ, ਭਾਵਨਾ ਦੇ ਬਰਤਨ ਵਿਚ ਹੀ ਸਮਾ ਸਕਦਾ ਹੈ। ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾ ਕੇ ਜ਼ਖਮੀ ਕਰਨਾ ਯਾ ਪੂਰਨ ਤੌਰ ਤੇ ਭਾਵਨਾ ਨੂੰ ਤੋੜ ਦੇਣਾ ਕਤਲ ਤੁੱਲ ਅਪਰਾਧ ਹੈ। ਕਿਸੇ ਦੇ ਸ਼ਰੀਰ ਨੂੰ ਖਤਮ ਕਰਨ ਵਾਲੇ ਨੂੰ ਕਾਤਿਲ ਕਿਹਾ ਜਾਂਦਾ ਹੈ, ਪਰ ਉਹ ਮਹਾਂ ਕਾਤਿਲ ਹੈ, ਜੋ ਕਿਸੇ ਦੀ ਭਾਵਨਾ ਨੂੰ ਤੋੜ ਕੇ ਧਾਰਮਿਕ ਜੀਵਨ ਨੂੰ ਸਮਾਪਤ ਕਰ ਦਿੰਦਾ ਹੈ। ਇਹ ਦੋ ਤਰ੍ਹਾਂ ਦੇ ਕਾਤਿਲ ਪ੍ਰਿਥਵੀ ਤੇ ਮੌਜੂਦ ਰਹਿੰਦੇ ਹਨ। ਹਰ ਦੇਸ਼ ਦਾ ਕਾਨੂੰਨ ਯਤਨਸ਼ੀਲ ਰਹਿੰਦਾ ਹੈ, ਕਿ ਕੋਈ ਕਾਤਿਲ ਕਿਸੇ ਦਾ ਕਤਲ ਕਰਨ ਵਿਚ ਸਫਲ ਨਾਂ ਹੋਵੇ। ਸੂਝਵਾਨ ਬ੍ਰਹਮਨਿਸ਼ਟ, ਸ਼ਰਧਾ ਭਰਪੂਰ ਹਿਰਦੇ ਅਤੇ ਧਰਮ ਕਲਾ ਨੂੰ ਸਾਹਿਤਕ ਰੂਪ ਦੇਣ ਵਾਲੇ ਵਿਦਵਾਨ ਹਰ ਵਕਤ ਯਤਨਸ਼ੀਲ ਰਹਿਣੇ ਚਾਹੀਦੇ ਹਨ, ਤਾਂ ਕਿ ਕੋਈ ਕੋਰਾ ਹਿਰਦਾ ਠੋਸ ਅੱਖਰਾਂ ਦੇ ਨਾਲ ਭਾਵਨਾ ਦੇ ਸ਼ੀਸ਼ੇ ਨੂੰ ਤੋੜ ਨਾ ਸਕੇ। ਭਾਵਨਾ ਅਤੀ ਕੋਮਲ ਹੁੰਦੀ ਹੈ ਅਤੇ ਭਾਵਨਾ-ਬਿਹੀਨ ਅਤੀ ਕਠੋਰ। ਫੁੱਲ ਕੋਮਲ ਹੁੰਦੇ ਨੇ, ਕੰਡੇ ਸਖਤ ਤੇ ਚੁੱਭਵੇਂ ਹੁੰਦੇ ਹਨ। ਕੁੱਝ ਸਮੇਂ ਤੋਂ ਇਹ ਕੰਡੇ ਦਸਮ ਗ੍ਰੰਥ ਦੇ ਫੁੱਲਾਂ ਦੇ ਬਗੀਚੇ ਨੂੰ ਤੋੜਨ ਤੇ ਚੀਰਨ ਵਿਚ ਅਗਰਸਰ ਹਨ। ਸਿਰਫ ਇਕ ਵਿਸ਼ੇ ਨੂੰ ਹੀ ਆਧਾਰ ਬਣਾ ਕੇ ਤਰਕ ਦਾ ਬੇ-ਬੁਨਿਆਦ ਜਾਲ ਤਣਿਆ ਹੈ।


ਸਮੂੰਹ ਜੀਵਾਂ ਦੀ ਉਤਪਤੀ ਕਾਰਨ ਪ੍ਰਮਾਤਮਾ ਨੇ ਕਾਮ ਬਣਾਇਆ ਹੈ। ਜੀਵਨ ਵਿਚ ਲੋਭ ਹੋ ਸਕਦਾ ਹੈ। ਜੀਵਨ ਤੇ ਕਾਮ ਤੋਂ ਹੋਇਆ ਹੈ। ਬੇਸ਼ੱਕ ਜੀਵਨ ਦੀ ਚੱਲ ਰਹੀ ਰੌ ਵਿਚ ਮੋਹ, ਅਹੰਕਾਰ ਤੇ ਕ੍ਰੋਧ ਮੁਸ਼ਕਲ ਖੜ੍ਹ ਕਰ ਸਕਦਾ ਹੈ,ਪਰ ਜਨਮ ਤੇ ਹੋਇਆ ਹੀ ਕਾਮ ਤੋਂ ਹੈ। ਦੋ ਹੀ ਪ੍ਰਬਲ ਰਸ ਹਨ- 1.ਨਾਮ ਰਸ 2. ਕਾਮ ਰਸ। ਨਾਮ ਦਾ ਜਪ ਮਨੁੱਖ ਦੇ ਅੰਦਰੋਂ ਰਾਮ ਨੂੰ ਜਨਮ ਦੇਂਦਾ ਹੈ। ਔਰ ਕਾਮ ਦੀ ਕ੍ਰਿਆ ਸੰਤਾਨ ਨੂੰ ਜਨਮ ਦੇਂਦੀ ਹੈ। ਲੋਭ, ਮੋਹ, ਅਹੰਕਾਰ ਤੇ ਕ੍ਰੋਧ ਦੇ ਉਪਰ ਹਰ ਰੋਜ਼ ਧਰਮ ਮੰਦਰਾਂ ਵਿਚ ਖੁੱਲ੍ਹ ਕੇ ਕਥਾ ਕਹਾਣੀਆਂ ਹੁੰਦੀਆਂ ਹਨ। ਲੇਖਣੀ ਅਤੇ ਕਾਵਿ-ਕਲਾ ਦੇ ਰਾਹੀਂ ਭੀ ਜਾਣੂ ਕਰਾਇਆ ਜਾਂਦਾ ਹੈ, ਤਾਂ ਕਿ ਮਨੁੱਖ ਅਹੰਕਾਰ, ਲੋਭ, ਮੋਹ ਤੇ ਕ੍ਰੋਧ ਦੀ ਮਾਰੂ ਮਾਰ ਤੋਂ ਬਚ ਸਕੇ। ਬਹੁਤਾਤ ਵਿਚ ਵੱਡੇ ਵੱਡੇ ਬ੍ਰਹਮ ਗਿਆਨੀ, ਸਾਹਿਤਕਾਰ ਤੇ ਕਥਾ-ਵਾਚਕ ਕਾਮ ਬਾਰੇ ਖਾਮੋਸ਼ ਨੇ। ਔਰ ਕਾਮ ਦੀ ਵਰਤੋਂ ਸੰਤਾਨ ਪੈਦਾ ਕਰਨ ਲਈ ਨਾਂ ਹੋ ਰਹੀ ਹੋਣ ਕਰਕੇ, ਇਸਦੀ ਦੁਰਵਰਤੋਂ ਮਨੁੱਖ ਨੂੰ ਸ਼ੈਤਾਨ ਬਨਾਉਣ ਲਈ ਸਮਰਥ ਹੋ ਰਹੀ ਹੈ। ਇਸਦੀ ਅਗਿਆਨਤਾ ਕਰਕੇ ਹੀ ਬਹੁਤੀ ਮਨੁੱਖਤਾ ਕਾਮ ਦੇ ਉਸਾਰੂ ਤੇ ਮਾਰੂ ਅੰਜਾਮ ਤੋਂ ਖਾਲੀ ਹੈ। ਜਨਮ ਕਾਮ ਤੋਂ ਹੈ। ਜੀਵਨ ਵਿਚੋਂ ਕਾਮ ਨੂੰ ਕੱਢਣਾ ਗੈਰ-ਪ੍ਰਾਕ੍ਰਿਤਕ ਹੈ, ਔਰ ਇਸ ਵਿਚ ਮਨੁੱਖਤਾ ਨੂੰ ਸਫਲਤਾ ਕਤਈ ਨਹੀਂ ਹੋ ਸਕਦੀ। ਸੁੰਦਰ ਫੁੱਲਾਂ ਦੇ ਬੀਜ ਕਰੂਪ ਤੇ ਕਠੋਰ ਹੁੰਦੇ ਹਨ। ਬੀਜ ਦੀ ਕਰੂਪਤਾ ਤੇ ਕਠੋਰਤਾ ਨੂੰ ਦੇਖ ਕੇ ਦਲ ਮਲ ਦੇਈਏ ਤਾਂ ਸੁੰਦਰ ਫੁੱਲਾਂ ਤੇ ਕੋਮਲਤਾ ਤੋਂ ਵਾਂਝੇ ਰਹਿ ਜਾਵਾਂਗੇ। ਭਾਵੇਂ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਕਠੋਰ ਬੀਜ ਹਨ, ਪਰ ਇੰਹਨਾਂ ਦੀ ਸਹੀ ਵਰਤੋਂ ਕਰਕੇ ਜੀਵਨ ਨੂੰ ਸਿਰਫ ਮਹਾਨ ਹੀ ਨਹੀਂ ਬਲਕਿ ਭਗਵਾਨ ਬਣਾਇਆ ਜਾ ਸਕਦਾ ਹੈ। ਲੋਭ, ਮੋਹ, ਅਹੰਕਾਰ ਤੇ ਕ੍ਰੋਧ ਦੇ ਵਿਸ਼ੇ ਤੇ ਰਿਸ਼ੀਆਂ ਮੁਨੀਆਂ ਨੇ ਆਪਣੀ ਲਿਖਤ ਰਾਹੀਂ ਬਹੁਤ ਜਾਣਕਾਰੀ ਮਨੁੱਤਾ ਦੀ ਝੋਲੀ ਵਿਚ ਪਾਈ ਹੈ। ਅਵਤਾਰਾਂ ਨੇ ਵੀ ਭਰਪੂਰ ਯੋਗਦਾਨ ਦਿੱਤਾ ਹੈ। ਲੇਕਿਨ ਇਕ ਬੀਜ ਜੋ ਸਾਰੇ ਬੀਜਾਂ ਦਾ ਮੂਲ-ਬੀਜ ਸੀ, ਉਸ ਸਬੰਧੀ ਖਾਮੋਸ਼ ਰਹੇ ਯਾ ਮੱਧਮ ਆਵਾਜ਼ ਵਿਚ ਬੋਲੇ। ਉਹ ਮੂਲ-ਬੀਜ ਕਾਮ ਸੀ। ਰਿਸ਼ੀ ਵਾਤਸਾਇਨ ਨੇ ਕੋਈ ਤਿੰਨ ਹਜ਼ਾਰ ਸਾਲ ਪਹਿਲੇ ਕਾਮ ਦੇ ਵਿਸ਼ਟ ਦੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਸੀ।


 ਅਹੰਕਾਰ, ਲੋਭ, ਮੋਹ, ਤੇ ਕ੍ਰੋਧ ਤੱਕ ਮਨੁੱਖ ਸ਼ਰੇਆਮ ਪ੍ਰਗਟ ਕਰਦਾ ਹੈ। ਕਾਮ ਕ੍ਰਿਤ ਨੂੰ ਪਸ਼ੂ ਹੀ ਸ਼ਰੇਆਮ ਪ੍ਰਗਟ ਕਰਦੇ ਹਨ। ਮਨੁੱਖਤਾ ਨੇ ਆਪਣੇ ਆਦਿ ਕਾਲ ਤੋਂ ਹੀ ਇਸ ਨੂੰ ਪੜਦੇ ਵਿਚ ਰੱਖਿਆ ਹੈ। ਕ੍ਰਿਤ ਪੜਦੇ ਵਿਚ ਹੋਣ ਕਰਕੇ ਵਿਚਾਰ ਵੀ ਪੜਦੇ ਵਿਚ ਹੋ ਗਏ, ਇਸ ਲਈ ਵਿਚਾਰ ਵਿਟਾਂਦਰੇ ਨੂੰ ਅਸ਼ਲੀਲ ਸਮਝਿਆ ਗਿਆ। ਕ੍ਰਿਤ ਪੜਦੇ ਵਿਚ ਜਾਇਜ਼ ਹੈ, ਕਿਉਂਕਿ ਮਨੁੱਖ ਮਨੁੱਖ ਹੈ-ਪਸ਼ੂ ਨਹੀਂ ਹੈ। ਪਰ ਵਿਚਾਰ ਨੂੰ ਪੜਦੇ ਵਿਚ ਰੱਖ ਕੇ ਮਨੁੱਖਤਾ ਗੁਮਰਾਹ ਹੋ ਗਈ। ਅੱਜ ਜਿਤਨਾਂ ਅਸ਼ਲੀਲ ਸਾਹਿਤ ਮਨੁੱਤਾ ਦੀ ਝੋਲੀ ਵਿਚ ਪਿਆ ਹੈ, ਇਹ ਪਹਿਲੇ ਨਹੀਂ ਸੀ। ਇਸ ਵਾਸਤੇ ਕਾਮ ਦੀ ਦੁਰਵਰਤੋਂ ਨੇ ਘਰ-ਬਾਰ ਪਰਿਵਾਰ ਤੋੜ ਕੇ ਰੱਖ ਦਿੱਤੇ। ਦੁਰਾਚਾਰੀ ਤੇ ਗਨਕਾ ਹੋਣਾ ਕਾਬਲੇ-ਕਾਬੂਲ ਹੋ ਗਿਆ। ਕਾਮ ਮਨੁੱਖ ਨੂੰ ਬਲਾਤਕਾਰੀ ਤੇ ਇਸਤ੍ਰੀ ਨੂੰ ਗਨਕਾ ਨਾ ਬਣਾਵੇ, ਇਸ ਵਿਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲੇਖਣੀ ਨੇ ਅਤੁੱਟ ਯੋਗਦਾਨ ਪਾਇਆ ਹੈ। ਇਸਤ੍ਰੀ ਕਿਵੇਂ ਤੇ ਕਿਉਂ ਗਨਕਾ ਬਣਦੀ ਹੈ?, ਔਰ ਪੁਰਸ਼ ਵਿਭਚਾਰੀ ਤੇ ਬਲਾਤਕਾਰੀ ਕਿਉਂ ਤੇ ਕਿਵੇਂ ਬਣਦੇ ਹਨ?, ਇਸ ਦੀ ਬਾਰੀਕੀ ਤੇ ਵਿਸਤਾਰ ਸਹਿਤ ਵੀਚਾਰ ਦਸਮ ਗ੍ਰੰਥ ਵਿਚ ਮਿਲਦੀ ਹੈ, ਜਿਸ ਉਪਰ ਉਲਟੀ ਦ੍ਰਿਸ਼ਟੀ ਰੱਖਣ ਵਾਲਿਆ ਨੇ ਕਿੰਤੂ-ਪ੍ਰੰਤੂ ਕੀਤੇ ਹਨ। ਕਾਮ ਇਕ ਐਸਾ ਬੀਜ ਹੈ, ਇਸ ਦਾ ਉਤੰਗ ਵੇਗ ਕਾਮ ਰਸ ਨੂੰ ਜਨਮ ਦੇਂਦਾ ਹੈ, ਔਰ ਰਾਮ ਰਸਕ ਦਾ ਕਾਮ ਨਿਵਾਣ ਵੱਲ ਚੱਲ ਕੇ ਇਕ ਸੁੰਦਰ ਸੁਸ਼ੀਲ ਧਾਰਮਿਕ ਸੰਤਾਨ ਨੂੰ ਜਨਮ ਦੇਂਦਾ ਹੈ।


       -  ਗਿ.ਸੰਤ ਸਿੰਘ ਮਸਕੀਨ

‘ਅਬ ਵਾਰ ਦੁਰਗਾ ਕੀ ਲਿਖਯਤੇ’ ਅਰਥਾਤ ‘ਚੰਡੀ ਦੀ ਵਾਰ’ - ਡਾ. ਗੁਰਨਾਮ ਕੌਰ

ਯੁੱਧ ਸਬੰਧੀ ਕਾਵਿ ਨੂੰ ‘ਵਾਰ’ ਕਹਿੰਦੇ ਹਨ। ਅਜਿਹਾ ਕਾਵਿ ਜਿਸ ਵਿਚ ਯੋਧਿਆਂ ਦੀ ਸੂਰਬੀਰਤਾ ਦਾ ਵਰਣਨ ਕੀਤਾ ਹੋਵੇ। ਅਜਿਹੀ ਰਚਨਾ ਨੂੰ ਵੀ ਵਾਰ ਕਹਿੰਦੇ ਹਨ ਜਿਸ ਵਿਚ ਕਵਿਤਾ ਦੀ ਇਕ ਖਾਸ ਵਿਧੀ ‘ਪਉੜੀ’ ਛੰਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਨਮੂਨਾ ਸ੍ਰੀ ਗੁਰੂ ਗੰ੍ਰਥ ਸਾਹਿਬ ਵਿਚ ਵਾਰ ਆਸਾ ਕੀ, ਮਾਝ ਦੀ ਵਾਰ ਅਤੇ ਹੋਰ ਰਾਗਾਂ ਵਿਚ ਵਾਰਾਂ ਹਨ। ਇਨ੍ਹਾਂ ਵਾਰਾਂ ਉਤੇ ਵੀ ਲਿਖਿਆ ਹੈ ਕਿ ਪੰਜਾਬੀ ਸਭਿਆਚਾਰ ਵਿਚ ਪ੍ਰਚੱਲਤ ਕਿਸ ਵਾਰ ਦੀ ਧੁੰਨੀ ਤੇ ਗਾਉਣਾ ਹੈ ਜਿਵੇਂ “ਟੁੰਡੇ ਅਸਰਾਜੇ ਕੀ ਧੁੰਨੀ ਗਾਵਣਾ”। ਇਹ ਪ੍ਰਚਲਤ ਵਾਰਾਂ ਵੀ ਬੀਰ-ਰਸ ਨਾਲ ਭਰਭੂਰ ਹਨ। ਚੰਡੀ ਦੀ ਵਾਰ ਜਾਂ ਦੁਰਗਾ ਦੀ ਵਾਰ ਦਾ ਸਬੰਧ ਵੀ ਬੀਰ-ਰਸ ਨਾਲ ਹੈ।  

 ਜੋਨ ਡੋਸਨ ਅਨੁਸਾਰ “ਇਹ ਸ਼ਿਵ ਜੀ ਦੀ ਪਤਨੀ ਅਤੇ ਹਿਮਾਵਤ (ਹਿਮਾਲਿਆ) ਦੀ ਧੀ ਹੈ। ਮਹਾਂਭਾਰਤ ਵਿਚ ਇਸ ਦੇ ਕਈ ਨਾਵਾਂ ਅਤੇ ਅਨੇਕ ਵਿਲੱਖਣ ਲਛਣਾਂ ਸਮੇਤ ਵਰਨਣ ਕੀਤਾ ਗਿਆ ਹੈ, ਪਰ ਪੁਰਾਣਾ ਅਤੇ ਪਿਛਲੇਰੀਆਂ ਰਚਨਾਵਾਂ ਵਿਚ ਇਸ ਦੀ ਵਿਸ਼ੇਸ਼ਤਾ ਵਧੇਰੇ ਰੂਪਮਾਨ ਹੋਈ ਹੈ। ਸ਼ਕਤੀ ਅਰਥਾਤ ਸ਼ਿਵਜੀ ਦੇ ਇਸਤ੍ਰੀ ਸ਼ਕਤੀ ਦੇ ਰੂਪ ਵਿਚ ਇਸ ਦੇ ਦੋ ਸਰੂਪ ਹਨ, ਇਕ ਸਨਿਮਰ ਅਤੇ ਦੂਸਰਾ ਭਿਅੰਕਰ ਇਸ ਦੇ ਦੂਸਰੇ ਸਰੂਪ ਦੀ ਵਿਸ਼ੇਸ ਕਰਕੇ ਅਰਾਧਨਾ ਕੀਤੀ ਜਾਂਦੀ ਹੈ। ਇਸ ਦੇ ਅਨੇਕਾਂ ਨਾਂ ਹਨ ਜਿਹੜੇ ਇਸ ਦੇ ਭਿੰਨ ਭਿੰਨ ਰੂਪਾਂ, ਗੁਣਾਂ ਅਤੇ ਕਰਮਾਂ ਨਾਲ ਸਬੰਧ ਰਖਦੇ ਹਨ, ਪਰ ਇਹ ਨਾਂ ਹਮੇਸ਼ਾ ਠੀਕ ਅਤੇ ਨਿਖੜਵੇਂ ਰੂਪ ਵਿਚ ਪ੍ਰਯੋਗ ਨਹੀਂ ਕੀਤੇ ਜਾਂਦੇ। ਆਪਣੇ ਸਨਿਮਰ ਰੂਪ ਵਿਚ ਇਹ ਦੇਵੀ ਉਮਾ ‘ਪ੍ਰਕਾਸ਼’, ਸੁੰਦਰਤਾ ਦੀ ਮੂਰਤੀ ਗੌਰੀ, ‘ਪੀਲੇ ਰੰਗ ਵਾਲੀ’ ਜਾਂ ‘ਪ੍ਰਤਿਭਾ ਵਾਲੀ’, ਪਾਰਬਤੀ ‘ਪਹਾੜਨ’ ਅਤੇ ਕੁਝ ਦੇ ਨਾਂ ਵਜੋਂ ਹੈਮਵਤੀ ਜਗਨ ਮਾਤਾ, ਸੰਸਾਰ ਦੀ ਮਾਂ’ ਅਤੇ ਭਵਾਨੀ ਹੈ। ਭਿਅੰਕਰ ਰੂਪ ਵਿਚ ਇਹ ਦੁਰਗਾ ਅਪਹੁੰਚ, ਕਾਲੀ ਤੇ ਸ਼ਯਾਮਾ, ‘ਕਾਲੇ ਰੰਗ ਦੀ’ ਅਤੇ ਚੰਡਿਕਾ; ਭਿਅੰਕਰ ਅਤੇ ਭੈਰਵੀ ਵਿਕਰਾਲ ਹੈ। “ਚੰਡੀ ਮਾਹਾਤਮਯ” ਜਿਸ ਵਿਚ ਦੇਵੀ ਦੀਆਂ ਰਾਖਸ਼ਾਂ ਉਤੇ ਹੋਈਆਂ ਜਿੱਤਾਂ ਦਾ ਵਰਣਨ ਕੀਤਾ ਗਿਆ ਹੈ ਉਸ ਵਿਚ ਇਸ ਦਾ ਨਿਮਨ ਲਿਖਤ ਨਾਵਾਂ ਅਧੀਨ ਵਰਣਨ ਮਿਲਦਾ ਹੈ। “ਦੁਰਗਾ, ਜਦੋਂ ਇਸ ਨੂੰ ਰਾਖ਼ਸ਼ਾਂ ਦਾ ਦੂਤ ਮਿਲਿਆ…… ਆਦਿ”।

 ਸਿੱਖ ਧਰਮ ਦੇ ਬਾਨੀ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਸਮਾਜਕ ਬਰਾਬਰੀ, ਧਰਮ ਦੀ ਬਹਾਲੀ, ਮਨੁੱਖੀ ਸਵੈਮਾਨ ਅਤੇ ਉਸ ਦੀ ਮੁੱਢਲੀ ਆਜ਼ਾਦੀ ਦੀ ਬਹਾਲੀ ਦਾ ਜੋ ਕਾਰਜ ਅਰੰਭ ਕੀਤਾ ਸੀ ਉਸ ਮਿਸ਼ਨ ਦੀ ਪੂਰਤੀ ਲਈ ਸਭ ਤੋਂ ਜ਼ਰੂਰੀ ਅਤੇ ਅਹਿਮ ਲੋੜ ਸੀ ਮਾਨਵ ਮਾਨਸਿਕਤਾ ਨੂੰ ਬਦਲਣ ਦੀ। ਸਦੀਆਂ ਤੋਂ ਵਰਣ-ਆਸ਼ਰਮੀ ਊਚ-ਨੀਚ, ਯੋਗ ਅਤੇ ਤਿਆਗ ਦੀ ਭਾਂਜਵਾਦੀ ਰੁਚੀ, ਕਰਮ-ਕਾਂਡੀ ਵਹਿਮ ਰਾਹੀਂ ਮਸ਼ਰੂਤ ਹੋ ਚੁੱਕੀ ਮਾਨਸਿਕਤਾ ਨੂੰ ਬਦਲਣਾ ਕੋਈ ਸੌਖਾ ਕੰਮ ਨਹੀਂ ਸੀ। ਇਹ ਕਾਰਜ਼ ਇਕ ਜਾਮੇ ਵਿਚ ਪੂਰਾ ਨਹੀਂ ਹੋ ਸਕਦਾ ਇਸ ਦਾ ਅਨੁਭਵ ਗੁਰੁ ਨਾਨਕ ਦੇਵ ਜੀ ਨੂੰ ਆਪਣੀ ਦਿਬ-ਦ੍ਰਿਸ਼ਟੀ ਰਾਹੀ ਹੋ ਗਿਆ ਹੋਇਆ ਸੀ। ਇਸੇ ਲਈ ਉਹਨਾਂ ਨੇ ਆਪਣੀ ਜੋਤਿ ਭਾਈ ਲਹਿਣੇ ਵਿਚ ਰੱਖ ਕੇ ਉਸ ਨੂੰ ਗੁਰੁ ਅੰਗਦ ਦੇਵ ਥਾਪਿਆ। ਇਸ ਮਿਸ਼ਨ ਦੀ ਪੂਰਤੀ ਹਿੱਤ ਨੌਂ ਗੁਰੁ ਸਾਹਿਬਾਨ ਨੇ ਆਪਣਾ ਆਪਣਾ ਯੋਗਦਾਨ ਪਾਇਆ। ਪੰਚਮ ਪਾਤਿਸ਼ਾਹ ਗੁਰੁ ਅਰਜਨ ਦੇਵ ਜੀ ਅਤੇ ਨੌਂਵੀ ਨਾਨਕ ਜੋਤਿ ਗੁਰੁ ਤੇਗ ਬਹਾਦਰ ਜੀ ਨੂੰ ਸ਼ਹੀਦੀ ਦੇਣੀ ਪਈ। ਛੇਵੀਂ ਜੋਤਿ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸੰਤ ਅਤੇ ਸਿਪਾਹੀ ਨੂੰ ਇਕ ਕਰ ਦਿਤਾ। ਮਨੁੱਖ ਦੇ ਸੰਪੂਰਨ ਵਿਕਾਸ ਲਈ ਇਹ ਜਰੂਰੀ ਸੀ। ਇਸੇ ਕਾਰਜ ਦੀ ਪੂਰਤੀ ਲਈ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਦੀ ਰਚਨਾ ਕੀਤੀ। ਦਸਵੀਂ ਜੋਤਿ ਗੁਰੁ ਗੋਬਿੰਦ ਸਿੰਘ ਜੀ ਨੇ ਇਸ ਕਾਰਜ ਨੂੰ ਸੰਪੂਰਨਤਾ ਬਖਸ਼ਣ ਹਿੱਤ ਇਹ ਜੋਰਦਾਰ ਮੁਹਿੰਮ ਚਲਾਈ। ਇੱਕ ਵਿਦਵਾਨ ਅਨੁਸਾਰ, “ਗੁਰੁ ਸਾਹਿਬ ਜਾਣਦੇ ਸਨ ਕਿ ਕੌਮਾਂ ਦੇ ਮਨਾਂ, ਸੁਭਾਵਾਂ, ਰੁਚੀਆਂ ਅਤੇ ਆਚਰਨ ਨੂੰ ਘੜਨ ਅਤੇ ਖਾਸ ਸੰਚੇ ਵਿਚ ਢਾਲਣ ਦੇ ਕੰਮ ਵਿਚ ਸਾਹਿਤ, ਖਾਸ ਕਰਕੇ ਕਵਿਤਾ ਦੇ ਰੂਪ ਵਿਚਲਾ ਸਾਹਿਤ ਬਹੁਤ ਗੁਣਕਾਰੀ ਹੁੰਦਾ ਹੈ। ਇਸ ਵਾਸਤੇ ਕੌਮ ਉਸਾਰੀ ਦੇ ਪ੍ਰੋਗਰਾਮ ਵਿਚ ਆਪ ਨੇ ਪਹਿਲਾ ਨੰਬਰ ਸਾਹਿਤ ਦੀ ਰਚਨਾ ਨੂੰ ਦਿੱਤਾ। ਆਪ ਨੇ ਸੰਸਕ੍ਰਿਤ ਦੇ ਪੁਰਾਤਨ ਗ੍ਰੰਥ ਪੜ੍ਹੇ ਅਤੇ ਵਿਚਾਰੇ। ਫੇਰ ਆਪ ਨੇ ਪੁਰਾਣਾਂ, ਰਾਮਾਇਣ, ਮਹਾਂਭਾਰਤ ਆਦਿ ਦੇ ਸੂਰਮਿਆਂ ਦੀਆਂ ਕਥਾਵਾਂ ਦਾ ਉਲਥਾ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਮਹਾਨ ਕੰਮ ਵਿਚ ਛੇਤੀ ਸਫਲਤਾ ਪ੍ਰਾਪਤ ਕਰਨ ਦੀ ਖਤਾਰ ਆਪ ਨੇ ਦੇਸ਼ ਭਰ ਦੇ ਕਵੀਆਂ ਨੂੰ ਸੱਦਾ ਦਿੱਤਾ ਅਤੇ ਆਪਣੇ ਦਰਬਾਰ ਵਿਚ ਰੱਖਿਆ। ਇਨ੍ਹਾਂ ਵਿਚੋਂ ਉਘੇ ਕਵੀਆਂ ਦੀ ਗਿਣਤੀ 52 ਸੀ। ਸਿੱਖ ਧਰਮ ਦੀ ਖੁਸ਼ਬੋ ਸਾਰੇ ਹਿੰਦੁਸਤਾਨ ਵਿਚ ਦੂਰ ਦੂਰ ਤਕ ਫੈਲ ਚੁੱਕੀ ਸੀ। ਮੁਗਲੀਆ ਹਕੂਮਤ ਦੇ ਜ਼ੁਲਮ ਪਰਜਾ ਤੇ ਦਿਨੋ ਦਿਨ ਵਧਦੇ ਜਾਂਦੇ ਸੀ। ਕੋਮਲ ਕਵੀ ਰੂਹਾਂ ਆਪਣੇ ਆਪ ਗੁਰੁ ਦਰਬਾਰ ਵੱਲ ਖਿਚੀਆਂ ਆ ਰਹੀਆਂ ਸਨ। ਭਾਈ ਨੰਦ ਲਾਲ ਵਰਗੇ ਮਹਾਨ ਕਵੀਆਂ ਦਾ ਗੁਰੁ ਚਰਨਾਂ ਵਿਚ ਆਉਣਾ ਇਸੇ ਖੁਸ਼ਬੋ ਦਾ ਕ੍ਰਿਸ਼ਮਾ ਸੀ।

 ਦਸਮ ਪਾਤਿਸ਼ਾਹ ਹਜ਼ੂਰ ਤੱਕ ਪਹੁੰਚਦਿਆਂ ਮਾਨਵ ਮਾਨਸਿਕਤਾ ਵਿਚ ਏਨਾ ਕੁ ਬਦਲਾਅ ਆ ਚੁੱਕਾ ਸੀ ਕਿ ਉਸ ਨੂੰ ਤਿਆਰ-ਬਰ-ਤਿਆਰ ਸੰਤ ਅਤੇ ਸਿਪਾਹੀ ਦੇ ਸਿਖਰਲੇ ਸਰੂਪ ਖਾਲਸਾ ਵਿਚ ਤਬਦੀਲ ਕੀਤਾ ਜਾ ਸਕੇ। ਔਰੰਗਜ਼ੇਬੀ ਦਮਨਕਾਰੀ ਸ਼ਕਤੀਆਂ ਦਾ ਬੋਝ ਧਰਤੀ ਤੇ ਵਧਦਾ ਜਾਂਦਾ ਸੀ ਜਿਨ੍ਹਾਂ ਨੂੰ ਹਥਿਆਰਬੰਦ ਟੱਕਰ ਦੇਣੀ ਜ਼ਰੂਰੀ ਹੋ ਗਈ ਸੀ। ਇਹ ਨੌਵੀਂ ਨਾਨਕ ਜੋਤਿ ਗੁਰੂ ਤੇਗ ਬਹਾਦਰ ਜੀ ਦੀ ‘ਧਰਮ ਹੇਤਿ’ ਦਿੱਤੀ ਸ਼ਹੀਦੀ ਨੇ ਸਾਬਤ ਕਰ ਦਿੱਤਾ ਸੀ। ਗੁਰੂ ਮਹਾਰਾਜ ਨੇ ਸਿੱਖ ਨੂੰ ਸਿੰਘ ਸਜਾਉਣ ਦੇ ਆ ਚੁੱਕੇ ਵਕਤ ਨੂੰ ਅਨੁਭਵ ਕਰ ਲਿਆ ਸੀ। ਇਸ ਲਈ ਉਹਨਾਂ ਨੇ ਕੌਂਮ ਉਸਾਰੀ ਦੇ ਪ੍ਰੋਗਰਾਮ ਦੀ ਪੂਰਤੀ ਵਾਸਤੇ ਖਾਲਸਾ ਸਾਜਣ ਦਾ ਨਿਸ਼ਚਾ ਕਰ ਲਿਆ। ਦਸ਼ਮੇਸ਼ ਦੇ ਦਰਬਾਰ ਵਿਚ ਹਰ ਤਰ੍ਹਾਂ ਦੇ ਵਿਦਵਾਨ ਸਨ। “ਕੁਝ ਵਿਦਵਾਨ ਪੰਡਤਾਂ ਦਾ ਕਹਿਣਾ ਸੀ ਕਿ ਦੁਰਗਾ ਦੇਵੀ ਨੂੰ ਖੁਸ਼ ਕਰਨ ਲਈ ਹਵਨ-ਜੱਗ ਕੀਤਾ ਜਾਵੇ ਅਤੇ ਉਸ ਤੋਂ ਵਰ ਮੰਗਿਆ ਜਾਵੇ ਤਾਂ ਉਹ ਸਾਰੇ ਕਸ਼ਟ ਦੂਰ ਕਰ ਦੇਵੇਗੀ”। ਗੁਰਮਤਿ ਸਿਧਾਂਤ ਇਕ ਅਕਾਲ ਪੁਰਖ ਦੀ ਅਰਾਧਨਾਂ ਤੋਂ ਬਿਨਾਂ ਹੋਰ ਕਿਸੇ ਵੀ ਦੇਵੀ ਦੇਵਤੇ ਦੀ ਪੂਜਾ-ਅਰਚਨਾ ਨੂੰ ਨਹੀਂ ਮੰਨਦਾ ਅਤੇ ਨਾ ਹੀ ਅਵਤਾਰਵਾਦ ਵਿਚ ਵਿਸ਼ਵਾਸ਼ ਰੱਖਦਾ ਹੈ। ਇਹ ਸਿਧਾਂਤ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਨਹੀਂ ਮਿਲਦਾ ਸਗੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਵਿਚ ਵੀ ਸਥਾਪਤ ਹੈ। ਗੁਰੂ ਮਹਾਰਾਜ ਅਨੁਸਾਰ ਅਰਾਧਨਾ ਤਾਂ ਸਿਰਫ ਉਸ ਇਕ ਦੀ ਕੀਤੀ ਜਾਣੀ ਹੈ ਜੋ:

  ਨਾਮ ਠਾਮ ਨ ਜਾਤਿ ਜਾਕਰ ਰੂਪ ਰੰਗ ਨ ਰੇਖ

  ਆਦਿ ਪੁਰਖ ਉਦਾਰ ਮੂਰਤਿ, ਅਜੋਨਿ ਆਦਿ ਅਸੇਖ।

  ਦੇਸ ਅਉਰ ਨ ਭੇਸ ਜਾਕਰ, ਰੂਪ ਰੇਖ ਨ ਰਾਗ।

  ਜੱਤ੍ਰ ਤੱਤ੍ਰ ਦਿਸਾ ਵਿਸਾ, ਹੁਇ ਫੈਲਿਓ ਅਨੁਰਾਗ॥2॥76॥ (ਜਾਪੁ ਸਾਹਿਬ)

    ਅਤੇ 

  ਬਿਨ ਕਰਤਾਰ ਨ ਕਿਰਤਮ ਮਾਨੋਂ (ਸ਼ਬਦ ਹਜ਼ਾਰੇ)

 ਦੇਵੀ-ਦੇਵਤਿਆਂ ਦੇ ਪਰਗਟ ਹੋਣ ਫਿਰ ਭਗਤਾਂ ਦੀ ਸਹਾਇਤਾ ਕਰਨ ਦੇ ਸਿਧਾਂਤ ਦੀ ਨਿਰਾਰਥਕਤਾ ਨੂੰ ਸਪਸ਼ਟ ਸਾਹਮਣੇ ਲਿਆਉਣ ਵਾਸਤੇ ਗੁਰੂ ਸਾਹਿਬ ਨੇ ਯੋਜਨਾ ਬਣਾਈ। ਪੰਡਤ ਕੇਸ਼ੋਰਾਮ ਨੂੰ ਬਨਾਰਸ ਤੋਂ ਸਦ ਕੇ ਹਵਨ ਕਰਨ ਲਈ ਕਿਹਾ ਗਿਆ ਤਾਂ ਕਿ ਉਹ ਦੇਵੀ ਦੁਰਗਾ ਨੂੰ ਪਰਗਟ ਕਰੇ। ਪੰਡਤ ਨੇ ਖੂਬ ਸਮੱਗਰੀ ਬਾਲੀ ਅਤੇ ਹਜ਼ਾਰਾਂ ਮੰਤ੍ਰ ਪੜ੍ਹੇ। ਦੇਵੀ ਦੇ ਮਿੰਨਤਾ ਤਰਲੇ ਕੀਤੇ ਪਰ ਉਹ ਪਰਗਟ ਨਾ ਹੋਈ। ਪੰਡਤ ਕੇਸ਼ੋ ਦਾਸ ਖਿਸਕ ਗਿਆ। ਗੁਰੁ ਜੀ ਨੇ ਰਹਿੰਦੀ ਸਮੱਗਰੀ ਹਵਨ ਦੀ ਅੱਗ ਵਿਚ ਸੁੱਟ ਦਿੱਤੀ ਅਤੇ ਅੱਗ ਦੇ ਮੱਚਦੇ ਭਾਂਬੜਾਂ ਵਿਚ ਤਲਵਾਰ ਸੂਤ ਕੇ ਬਾਂਹ ਉਚੀ ਕਰਕੇ ਹਿਲਾਈ ਅਤੇ ਲਲਕਾਰ ਕੇ ਕਿਹਾ, “ਤਾਕਤ ਦੀ ਸੱਚੀ ਦੇਵੀ ਇਹ ਜੇ! ੀੲਹ ਕਰਾਮਾਤਾਂ ਕਰ ਵਿਖਾਏਗੀ। ਇਹ ਤੁਹਾਡੀਆਂ ਮੁਸੀਬਤਾਂ ਦੂਰ ਕਰੇਗੀ, ਇਹ ਤੁਹਾਨੂੰ ਤੁਹਾਡੇ ਆਪਣੇ ਦੇਸ਼ ਵਿਚ ਤਾਕਤ ਤੇ ਆਜ਼ਾਦੀ ਦੇਵੇਗੀ, ਘਰਾਂ ਵਿਚ ਅਮਨ ਚੈਨ ਤੇ ਸੁੱਖ ਬਖਸ਼ੇਗੀ। ਇਹ ਤੁਹਾਡੇ ਸੰਗਲ ਕੱਟੇਗੀ। ਆਉ, ਇਸ ਦੇ ਉਪਾਸ਼ਕ ਬਣੋ”। ਇਸ ਤਰ੍ਹਾਂ ਖਾਲਸਾ ਸਾਜਣ ਦਾ ਗੁਰੂ ਸਾਹਿਬ ਨੇ ਫੈਸਲਾ ਕੀਤਾ ਅਤੇ ਇਸ ਵਾਸਤੇ ਵਿਸਾਖੀ ਦਾ ਦਿਨ ਸੰਨ 1699 ਮੁਕਰਰ ਕੀਤਾ। ਵੇਈਂ ਨਦੀ ਪ੍ਰਵੇਸ਼ 1499 ਤੋਂ ਤਕਰੀਬਨ 200 ਸਾਲ ਬਾਦ।

 ਚੰਡੀ ਦੀ ਵਾਰ ਵਿਚ ਦੇਵਤਿਆਂ ਅਤੇ ਦੈਤਾਂ ਦੇ ਯੁੱਧ ਵਿਚ ਸ਼ਿਵਜੀ ਦੀ ਘਰਵਾਲੀ ਪਾਰਬਤੀ ਜਾਂ ਦੁਰਗਾ ਨੇ ਜਿਸ ਬਹਾਦਰੀ ਨਾਲ ਦੈਂਤਾਂ ਨਾਲ ਲੜਾਈ ਕੀਤੀ ਅਤੇ ਉਹਨਾਂ ਨੂੰ ਹਰਾ ਕੇ ਉਹਨਾਂ ਤੋਂ ਰਾਜ-ਭਾਗ ਵਾਪਸ ਲੈਕੇ ਦੇਵਤਿਆਂ ਨੂੰ ਦਿਤਾ ਉਸ ਦਾ ਜ਼ਿਕਰ ਕੀਤਾ ਹੈ। ਇਸ ਬੀਰ-ਰਸ ਭਰਭੂਰ ਵਾਰ ਵਿਚ ਪੁਰਾਣੇ ਮਿੱਥ ਨੂੰ ਨਵਾਂ ਰੂਪ ਦਿੱਤਾ ਹੈ। ਚੰਡੀ ਦੀ ਵਾਰ ਵਿਚ ਮਾਰਕੰਡੇ ਪੁਰਾਣ ਦੀ “ਦੁਰਗਾ ਸਪਤਸਤੀ” ਦਾ ਖੁਲਾਸਾ ਹੈ ਇਹ ਪੌਰਾਣਿਕ ਕਥਾ ਹੈ। ਪਰੰਪਰਕ ਅਰਥਾਂ ਵਿਚ, ਜਿਵੇਂ ਉਪਰ ਦੱਸਿਆ ਹੈ, ਭਗਉਤੀ ਜਾਂ ਭਗਵਤੀ ਦੁਰਗਾ ਦਾ ਇਕ ਨਾਮ ਹੈ ਅਤੇ ਇਹ ਤ੍ਰੈਮੂਰਤੀ ਦੇ ਇਕ ਦੇਵ ਸ਼ਿਵਜੀ ਦੀ ਘਰਵਾਲੀ ਹੈ। ਇਸ ਨੂੰ ਸ਼ਿਵਜੀ ਦੀ ਸ਼ਕਤੀ ਮੰਨਿਆ ਗਿਆ ਹੈ। ਮਿੱਥ ਕਿਸੇ ਵੀ ਚੀਜ਼ ਬਾਰੇ ਪੂਰਨ ਸਤਿ ਨਹੀਂ ਦੱਸਦੇ ਕਿਉਂਕਿ ਇਹ ਮਿਥ ਦਾ ਕਾਰਜ ਨਹੀਂ ਹੁੰਦਾ। ਇਹ ਚੀਜ਼ਾਂ ਦੇ ਸੁਬਾਅ ਦਾ ਦ੍ਰਿਸ਼ ਹੁੰਦੇ ਹਨ। ਦੁਰਗਾ ਦੇ ਇਸ ਯੁੱਧ ਦਾ ਮਿਥ ਲੋਕ-ਮਾਨਸਿਕਤਾ ਵਿਚ ਵੱਸ ਚੁਕਿਆ ਹੋਇਆ ਸੀ। ਲੋਕ-ਮਾਨਸਿਕਤਾ ਦੀ ਪੁਨਰ-ਸੁਰਜੀਤੀ ਲਈ ਮਿਥ ਨੂੰ ਸਮੇਂ ਅਨੁਸਾਰ ਕਰਨਾ ਪੈਂਦਾ ਹੈ। ਉਸ ਨੂੰ ਅਮਿਥਿਹਾਸਕ ਕਰਨਾ ਪੈਂਦਾ ਹੈ। ਲੋਕ-ਮਾਨਸਿਕਤਾ ਵਿੱਚ ਵਸੇ ਹੋਏ ਮਿਥ ਪੁਰਾਣੀਆਂ ਬਿਲਡਿੰਗਾਂ ਦੀ ਤਰ੍ਹਾਂ ਹੁੰਦੇ ਹਨ ਜਿਨ੍ਹਾਂ ਦੀ ਮੁਰੰਮਤ ਕਰਨ ਤੇ ਇਉਂ ਲੱਗਦਾ ਹੈ ਕਿ ਇਨ੍ਹਾਂ ਵਿਚ ਪੁਰਾਣਾ ਕੋਈ ਪੱਥਰ ਬਚਿਆ ਹੀ ਨਹੀਂ ਪਰ ਅਸਲ ਵਿਚ ਮੁਰੰਮਤ ਤੋਂ ਬਾਅਦ ਵੀ ਉਹਨਾਂ ਦੀ ਪੁਰਾਣੀ ਸ਼ਕਲ ਬਦਲਦੀ ਨਹੀਂ।

 ਇਸ ਦੀ ਦੁਬਾਰਾ ਰਚਨਾ ਦਾ ਮਕਸਦ ਲੋਕ-ਮਾਨਸਿਕਤਾ ਵਿਚ ਇਹ ਭਾਵਨਾ ਭਰਨਾ ਜਾਪਦਾ ਹੈ ਕਿ ਸੰਸਾਰ ਤੇ ਕੋਈ ਵੀ ਕਮਜ਼ੋਰ ਨਹੀਂ ਹੁੰਦਾ। ਖਾਸ ਕਰਕੇ ਉਹ ਤੇ ਬਿਲਕੁਲ ਵੀ ਕਮਜ਼ੋਰ ਨਹੀਂ ਹੁੰਦਾ ਜੋ ਨੇਕੀ ਅਤੇ ਧਰਮ ਨਾਲ ਖੜ੍ਹਾ ਹੈ। ਦੁਰਗਾ ਜਾਂ ਪਾਰਬਤੀ ਇਕ ਇਸਤ੍ਰੀ ਹੈ। ਇਸਤ੍ਰੀ ਇਕ ਬਹੁ-ਪਰਤੀ ਚਿੰਨ੍ਹਕ ਮੂਰਤ ਹੈ। ਦੁਰਗਾ ਨੂੰ ਇਥੇ ਬਹੁ-ਪਰਤੀ ਚਿੰਨ੍ਹਕ ਰੂਪ ਵਿਚ ਚਿਤਰਿਆ ਹੈ। ਸ਼ਿਵਜੀ ਦੀ ਪਤਨੀ ਹੋਣ ਦੇ ਨਾਤੇ ਉਹ ਰਸਮੀਂ ਪਵਿੱਤਰਤਾ ਦੀ ਮੂਰਤ ਹੈ। ਜਗਦੰਬਾ ਭਾਵ ਜਗਤ-ਮਾਂ ਦੇ ਰੂਪ ਵਿਚ ਉਹ ਜ਼ਿੰਦਗੀ ਨੂੰ ਸਹਿਣ ਕਰਨ ਵਾਲੀ ਅਤੇ ਰਹਿਮਤਾ ਵੰਡਣ ਵਾਲੀ ਹੈ। ਦੁਰਗਾ ਦੇ ਜਾਂ ਉਹ ਚੰਡੀ ਦੇ ਰੂਪ ਵਿਚ ਉਹ ਰਾਖਸ਼ਾਂ ਨੂੰ, ਜੋ ਬਦੀ ਦਾ ਪ੍ਰਤੀਕ ਹਨ, ਭਖਣ ਵਾਲੀ ਹੈ। ਇਸਤ੍ਰੀ ਦੇ ਬਹੁਪਰਤੀ ਚਿੰਨ੍ਹਾਤਮਕ ਰੂਪ ਨੂੰ ਅੱਖੋਂ-ਪਰੋਖੇ ਕਰਕੇ ਉਸ ਨੂੰ ਆਮ ਤੌਰ ਤੇ ਕਮਜੋਰ ਸਮਝਿਆ ਜਾਂਦਾ ਹੈ। ਇਸ ਵਾਰ ਇਹ ਦੱਸਿਆ ਹੈ ਕਿ ਦੈਂਤਾਂ ਤੋਂ ਦੇਵਤੇ ਡਰ ਕੇ ਦੁਰਗਾ ਕੋਲ ਗਏ, ਦੁਰਗਾ ਇਕੱਲੀ ਨੇ ਅਣਗਿਣਤ ਦੈਂਤਾਂ ਨੂੰ ਮਾਰਿਆ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿਚ ਔਰੰਗਜੇਬ ਦੇ ਜ਼ੁਲਮ ਹਿੰਦੋਸਤਾਨੀ ਸਮਾਜ ਉਤੇ ਦਿਨੋ ਦਿਨੀ ਵਧਦੇ ਜਾ ਰਹੇ ਸਨ। ਲੋਕਾਂ ਨੂੰ ਜਬਰਦਸਤੀ ਧਰਮ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਅਜਿਹੇ ਸਮੇਂ ਲੋਕ ਮਾਨਸਿਕਤਾ ਵਿਚ ਇਹ ਚੇਤੰਨਤਾ ਜਗਾੳਣੀ ਜ਼ਰੂਰੀ ਸੀ ਕਿ ਉਹ ਕਮਜ਼ੋਰ ਨਹੀਂ ਹਨ ਅਤੇ ਮੁਗਲ ਬਾਦਸ਼ਾਹ ਤੋਂ ਆਪਣਾ ਰਾਜ-ਭਾਗ ਵਾਪਸ ਲੈ ਸਕਣ ਦੇ ਸਮਰਥ ਹੋ ਸਕਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਸਾਜ ਕੇ ਚਿੜ੍ਹੀਆਂ ਤੋਂ ਬਾਜ ਤੁੜਾਉਣ ਅਤੇ ਸਵਾ ਲੱਖ ਨਾਲ ਇਕ ਲੜਾਉਣ ਦਾ ਉਦੇਸ਼ ਲੋਕਾਂ ਦੇ ਸਾਹਮਣੇ ਰੱਖਣ ਦਾ ਇਰਾਦਾ ਧਾਰ ਲਿਆ। ਬਾਜ਼ ਦੇ ਚਿੜੀ ਦਾ ਸ਼ਿਕਾਰ ਹੋਣ ਦੇ ਬਿੰਬ ਨੂੰ ਤੋੜਨ ਦੀ ਠਾਣ ਲਈ।

 ਇਸ ਕਾਵਿ ਰਚਨਾ ਵਿਚ ਸਭ ਤੋਂ ਪਹਿਲਾਂ ਅਕਾਲ ਪੁਰਖ ਨੂੰ ਯਾਦ ਕੀਤਾ ਗਿਆ ਹੈ ਅਤੇ ਉਸ ਨੂੰ ‘ਭਗਉਤੀ’ ਕਿਹਾ ਹੈ। ‘ਭਗਉਤੀ’ ਤੋਂ ਅਰਥ ਸ੍ਰੀ ਸਾਹਿਬ ਹੈ ਭਾਵ ਪਰਮਾਤਮਾ ਨੂੰ ਸ਼ਸਤ੍ਰ ਕਿਹਾ ਹੈ। ਸ਼ਸਤ੍ਰ ਦੇ ਰੂਪ ਵਿਚ ਪਰਮਾਤਮਾ ਨੂੰ ਸਦਾ ਅੰਗ-ਸੰਗ ਅਤੇ ਰਖਿਅਕ ਕਿਹਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ‘ਭਗਵਤੀ’ ਜਾਂ ‘ਭਗਉਤੀ’ ਦੇ ਅਰਥ ਕਰਦਿਆਂ ਲਿਖਿਆ ਹੈ ਕਿ (1) ਭਗਉਤੀ, ਭਗਵਤ-ਭਕਤ ਕਰਤਾਰ ਦਾ ਉਪਾਸ਼ਕ “ਸੋ ਭਗਉਤ ਜੋ ਭਗਵੰਤੈ ਜਾਣੈ” (ਸੁਖਮਨੀ), (2) ਭਗਵਤ ਦੀ, “ਭਗਉਤੀ ਮੁਦ੍ਰਾ ਮਨ ਮੋਹਿਆ ਮਾਇਆ” (ਪ੍ਰਭਾਤੀ ਮ. 5), (3) ਭਗਵਤੀ ਦੁਰਗਾ ਦੇਵੀ, ਵਾਰ ਸ੍ਰੀ ਭਗਉਤੀ ਜੀ ਕੀ’ (3) ਖੜਗ, ਸ੍ਰੀ ਸਾਹਿਬ (4) ਮਹਾਂਕਾਲ “ਪ੍ਰਿਥਮਤ ਭਗਉਤੀ ਸਿਮਰਕੈ” (5) ਇੱਕ ਛੰਦ। ਭਗਉਤੀ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਭਗਤ ਵੀ ਹੈ ਅਤੇ ਭਗਉਤੀ ਦੁਰਗਾ ਦਾ ਵੀ ਨਾਂ ਹੈ ਜੋ ਰਾਖ਼ਸ਼ਾਂ ਦੇ ਰੂਪ ਵਿਚ ਵਿਆਪਕ ਬਦੀ ਨਾਲ ਜੂਝਦੀ ਹੈ ਅਤੇ ਉਨ੍ਹਾਂ ਉੱਤੇ ਜਿੱਤ ਪ੍ਰਾਪਤ ਕਰਦੀ ਹੈ। ਭਗਉਤੀ ਦੁਰਗਾ ਦੇ ਹੱਥ ਵਿਚ ਤਲਵਾਰ ਨੂੰ ਵੀ ਕਿਹਾ ਹੈ ਜੋ ਰਾਖਸ਼ਾਂ ਨੂੰ ਭਖਦੀ ਹੈ। ਦਸਮ ਗ੍ਰੰਥ ਵਿਚ ਰਚੀ ਦੁਰਗਾ ਦੀ ਵਾਰ ਵਿਚ ਭਗਉਤੀ ਦੇ ਅਰਥਾਂ ਦਾ ਕਾਇਆ ਕਲਪ ਹੋ ਜਾਂਦਾ ਹੈ। ਇਥੇ ਜਦੋਂ ਭਗਉਤੀ ਨੂੰ ਸਿਮਰਨ ਦੀ ਗੱਲ ਕੀਤੀ ਹੈ ਤਾਂ ਉਹ ਸਰਬ ਸਕਤੀਮਾਨ, ਜਾਗਤ ਜੋਤਿ, ਅਕਾਲ ਪੁਰਖ ਹੈ। ਪਰਮਾਤਮਾ ਨੂੰ ਸਰਬ ਕਾਲ ਦੋ-ਧਾਰਾ ਖੰਡ ਵੀ ਕਿਹਾ ਹੈ, ਜੋ ਘੜਨ ਅਤੇ ਭੰਨਣ ਦੇ ਸਮਰੱਥ ਹੈ, ਸੰਸਾਰ ਦਾ ਸਿਰਜਣਹਾਰ ਵੀ ਹੈ ਅਤੇ ਇਸ ਦਾ ਸੰਘਾਰ ਕਰਤਾ ਵੀ ਉਹ ਆਪ ਹੈ। ਸਿਖ-ਧਰਮ-ਚਿੰਤਨ ਵਿਚ ਆ ਕੇ ਤਲਵਾਰ ਕਿਰਪਾਨ ਬਣ ਜਾਂਦੀ ਹੈ, ਉਹ ਅਸਲੀ ਭਗਉਤੀ ਬਣ ਜਾਂਦੀ ਹੈ ਕਿਉਂਕਿ ਇਥੇ ਇਹ ਭਗਤੀ ਅਤੇ ਸ਼ਕਤੀ ਦਾ ਸੁਮੇਲ ਹੋ ਜਾਂਦੀ ਹੈ। ਭਗਤੀ ਅਤੇ ਸ਼ਕਤੀ ਦੇ ਸਮਾਨੰਤਰ ਧੁਰੇ ਨਾ ਰਹਿ ਕੇ ਦੂਸਰੇ ਵਿਚ ਸਮਿਲਤ ਹੋ ਜਾਂਦੇ ਹਨ। ਅਧਿਆਤਮਤਾ ਜਾਂ ਭਗਤੀ ਤੇਜ ਧਾਰਕ ਹੋ ਕੇ ਰਖਿਆ ਕਰਨ ਦੇ ਵੀ ਸਮਰੱਥ ਹੋ ਜਾਂਦੀ ਹੈ। ਕਿਰਪਾਨ ਜਿੱਥੇ ਜ਼ੁਲਮ ਦਾ ਬਧ ਕਰਦੀ ਹੈ ਉਥੇ ਮਜ਼ਲੂਮ ਦੀ ਰਖਿਆ ਵੀ ਕਰਦੀ ਹੈ। ਇਕ ਤਰਾਂ ਨਾਲ ਇਹ ਪਰਮਾਤਕ ਕਾਰਜ-ਉਦੇਸ਼ ਦੀ ਪ੍ਰਤੀਨਿਧਤਾ ਕਰਦੀ ਹੈ ਜਾਂ ਕਹਿ ਲਈਏ ਕਿ ਪਰਮਾਤਮਕ ਕਾਰਜ-ਉਦੇਸ਼ ਦੀ ਪੂਰਤੀ ਕਰਦੀ ਹੈ। ਇਸ ਵਾਰ ਵਿਚ ਪਹਿਲੇ ਗੁਰੂ ਨਾਨਕ ਦੇਵ ਜੀ ਤੋਂ ਲੇ ਕੇ ਨੋਵੇਂ ਗੁਰੂ ਤੇਗ ਬਹਾਦਰ ਜੀ ਤੱਕ ਗੁਰੂਆਂ ਨੂੰ ਯਾਦ ਕੀਤਾ ਹੈ ਅਤੇ ਨਾਲ ਹੀ ਜਾਗਿਤ ਜੋਤਿ ਸਰਬ ਸ਼ਕਤੀਮਾਨ ਪਰਮਾਤਮਾ ਦੀ ਪਛਾਣ ਕਰਾਈ ਹੈ। ਪਹਿਲੀ ਨਾਨਕ ਜੋਤਿ ਤੋਂ ਨੋਵੀਂ ਨਾਨਕ ਜੋਤਿ ਤਕ ਯਾਦ ਕਰਨ ਦਾ ਅਰਥ ਹੈ ਉਹਨਾਂ ਨਾਲ ਅਤੇ ਉਹਨਾਂ ਦੇ ਮਿਸ਼ਨ ਨਾਲ ਦਸਵੀਂ ਨਾਨਕ ਜੋਤਿ ਦੀ ਇਕ ਸੁਰਤਾ ਦੇ ਸਿਧਾਂਤ ਨੂੰ ਪਰਪੱਕ ਕਰਨਾ। ਜੋਤਿ ਅਤੇ ਜੁਗਤਿ ਰਾਹੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਤੱਕ ਇਲਹਾਮ ਦੇ ਅਮਲ ਦੀ ਲਗਾਤਾਰਤਾ ਨੂੰ ਦੱਸਣਾ ਜਿਸ ਦੀ ਪੂਰਤੀ ਆ ਕੇ ਦਸਮ ਜੋਤਿ ਵਿਚ ਹੁੰਦੀ ਹੈ। ਫਿਰ ਖੰਡੇ(ਦੋ-ਧਾਰੀ ‘ਸ੍ਰੀ ਸਾਹਿਬ’) ਦੇ ਰੂਪ ਵਿਚ ਪਰਮਾਤਮਾ ਨੂੰ ਗੜ੍ਹਨ-ਭੰਜਨਹਾਰ ਦਸਿਆ ਹੈ। ਸੰਸਾਰ ਦੀ ਰਚਨਾ ਕਰਨ ਵਾਲਾ ਵੀ ਉਹੀ ਹੈ ਅਤੇ ਇਸ ਦਾ ਵਿਨਾਸ਼ ਕਰਨ ਵਾਲਾ ਵੀ ਉਹੀ ਹੈ। ਬ੍ਰਹਮਾ, ਬਿਸ਼ਨ, ਮਹੇਸ਼ ਆਦਿ ਦੇਵਤਿਆਂ ਨੂੰ ਬਾਕੀ ਕੁਦਰਤਿ ਦੇ ਨਾਲ ਹੀ ਪਰਮਾਤਮਾ ਵਲੋਂ ਸਾਜੇ ਹੋਏ ਮੰਨਿਆ ਹੈ। ਇਸ ਲਈ ਪਰਮਾਤਮਾ ਦੀ ਥਾਂ ਉਹਨਾਂ ਨੂੰ ਪੂਜਣ ਦਾ ਕੋਈ ਅਰਥ ਨਹੀਂ ਹੈ ਕਿਉਕਿ ਉਹ ਵੀ ਕੁਦਰਤਿ ਦਾ ਹਿੱਸਾ ਹਨ:

  ਖੰਡਾ ਪ੍ਰਥਮਿ ਮਨਾਇਕੈ ਜਿਨ ਸਭ ਸੈਸਾਰ ਉਪਾਇਆ।

  ਬ੍ਰਹਮਾ ਬਿਸ਼ਨੁ ਮਹੇਸ਼ ਸਾਜਿ ਕੁਦਰਤਿ ਦਾ ਖੇਲੁ ਬਣਾਇਆ।

 ਸੰਸਾਰ ਦੀ ਰਚਨਾ ਕਰਕੇ ਇਸ ਵਿਚ ਨੇਕੀ, ਜਿਸ ਦੇ ਪ੍ਰਤੀਕ ਦੇਵਤੇ ਹਨ ਅਤੇ ਬਦੀ, ਜਿਸ ਦੇ ਪ੍ਰਤੀਕ ਦੈਂਤ ਹਨ, ਦੀ ਰਚਨਾ ਵੀ ਪਰਮਾਤਮਾ ਨੇ ਆਪ ਹੀ ਕੀਤੀ। ਇਨ੍ਹਾਂ ਵਿਚ ਫਿਰ ਵਿਵਾਦ ਵੀ ਪਰਮਾਤਮਾ ਨੈ ਹੀ ਪਾਇਆ ਅਤੇ ਬਦੀ (ਦੈਂਤਾਂ) ਦੇ ਖਾਤਮੇ ਵਾਸਤੇ ਦੁਰਗਾ ਵਰਗੀ ਦੇਵੀ ਵੀ ਖੁਦ ਹੀ ਪੈਦਾ ਕੀਤੀ। ਨੇਕੀ ਅਤੇ ਬਦੀ ਦੇ ਸੰਘਰਸ਼ ਵਿਚ ਰਾਮ ਨੇ ਘੜਨ-ਭੰਨਣਹਾਰ, ਸ਼ਸਤ੍ਰ ਰੂਪ ਅਕਾਲ ਪੁਰਖ ਤੋਂ ਸ਼ਕਤੀ ਲੈਕੇ ਬਾਣਾਂ ਨਾਲ ਰਾਵਣ ਮਾਰਿਆ, ਕਿਸ਼ਨ ਨੇ ਕੰਸ ਦਾ ਬੱਧ ਕੀਤਾ। ਇਥੇ ਰਾਮ ਅਤੇ ਕ੍ਰਿਸ਼ਨ ਧਰਮ ਦੇ ਪ੍ਰਤੀਕ ਹਨ। ਰਾਵਣ ਅਤੇ ਕੰਸ ਬਦੀ ਦੇ ਪ੍ਰਤੀਕ ਹਨ। ਅਕਾਲ ਪੁਰਖ ਨੂੰ ਪਾਉਣ ਲਈ ਹੀ ਵੱਡੇ ਵੱਡੇ ਰਿਸ਼ੀ ਮੁਨੀਆਂ ਨੇ ਕਠਿਨ ਤਪ ਕੀਤੇ। ਪਰ ਫਿਰ ਵੀ ਅਕਾਲਪੁਰਖ ਦੇ ਰਹੱਸ ਨੂੰ ਪੂਰੀ ਤਰ੍ਹਾਂ ਅਨੁਭਵ ਨਹੀਂ ਕਰ ਸਕੇ। ਇਸ ਭੂਮਿਕਾ ਰਾਹੀਂ ਗੁਰਮਤਿ-ਚਿੰਤਨ ਦਾ ਇਹ ਸਿਧਾਂਤ ਸਥਾਪਤ ਹੋ ਗਿਆ ਹੈ ਕਿ ਅਕਾਲਪੁਰਖ ਜਨਮ-ਮਰਨ ਵਿਚ ਨਹੀਂ ਆਉਂਦਾ। ਰਾਮ ਅਤੇ ਕ੍ਰਿਸ਼ਨ ਪਰਮ-ਹਸਤੀ ਨਹੀਂ ਹਨ ਸਗੋਂ ਪਰਮ-ਹਸਤੀ ਦੀ ਰਚਨਾ ਹਨ ਅਤੇ ਬਦੀ ਦੇ ਖਾਤਮੇ ਵਾਸਤੇ ਅਕਾਲਪੁਰਖ ਨੇ ਉਹਨਾਂ ਦੀ ਰਚਨਾ ਕੀਤੀ। ਉਹਨਾਂ ਦੀ ਕੋਈ ਆਪਣੀ ਅੱਡਰੀ ਹਸਤੀ ਨਹੀਂ ਸੀ ਸਗੋਂ ਉਹਨਾਂ ਨੇ ਇਹ ਸ਼ਕਤੀ ਅਕਾਲਪੁਰਖ ਤੋਂ ਪ੍ਰਾਪਤ ਕੀਤੀ। ਇਸੇ ਤਰ੍ਹਾਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਹਿੰਦੂ-ਤ੍ਰੈਮੂਰਤੀ ਦੇ ਤਿੰਨ ਦੇਵ ਹਨ ਜਿਨ੍ਹਾਂ ਦਾ ਆਪਣਾ-ਆਪਣਾ ਕਾਰਜ ਸੰਸਾਰ ਨੂੰ ਪੈਦਾ ਕਰਨਾ, ਇਸ ਦੀ ਪਾਲਣਾ ਕਰਨਾ ਅਤੇ ਇਸ ਦਾ ਸ਼ੰਘਾਰ ਕਰਨਾ ਹੈ। ਇਥੇ ਇਸ ਸਿਧਾਂਤ ਨੂੰ ਵੀ ਨਕਾਰ ਦਿੱਤਾ ਹੈ। ਸੰਸਾਰ ਨੂੰ ਪੈਦਾ ਕਰਨ, ਸੰਭਾਲਣ ਅਤੇ ਮਾਰਨ ਵਾਲਾ ਇਕੋ ਇੱਕ ਅਕਾਲਪੁਰਖ ਹੈ। ਉਸ ਤੋਂ ਬਿਨਾਂ ਹੋਰ ਕੋਈ ਹਸਤੀ ਇਸ ਦੇ ਸਮਰੱਥ ਨਹੀਂ ਹੈ। ਸਗੋਂ ਉਹ ਵੀ ਉਸੇ ਦੇ ਬਣਾਏ ਹੋਏ ਹਨ।

 ਹਰ ਧਰਮ ਵਿਚ ਨੇਕੀ ਅਤੇ ਬਦੀ ਦਾ ਸੰਕਲਪ ਕਿਸੇ ਨਾ ਕਿਸੇ ਰੂਪ ਵਿਚ ਪ੍ਰਾਪਤ ਹੈ ਅਤੇ ਹਰ ਧਰਮ ਵਿਚ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਚਿੰਨ੍ਹਾਂ ਜਾਂ ਪ੍ਰਤੀਕਾਂ ਰਾਹੀਂ ਦੱਸਿਆ ਹੋਇਆ ਹੈ। ਅਸਲ ਵਿਚ ਚਿੰਨ੍ਹਾਂ ਤੋਂ ਬਿਨਾਂ ਸਤਿ ਨੂੰ ਸਮਝਾ ਸਕਣਾ ਮੁਸ਼ਕਿਲ ਹੁੰਦਾ ਹੈ। ਹਿਬਰੂ ਸਾਹਿਤ ਵਿਚ ਗਿਆਨ ਦਾ ਫੱਲ, ਆਦਮ-ਹਵਾ, ਸੱਪ ਇਹ ਸਭ ਚਿੰਨ੍ਹ ਹਨ। ਧਾਰਮਿਕ ਸਰੋਕਾਰਾਂ ਨੂੰ ਚਿੰਨ੍ਹਾਂ ਤੋਂ ਬਿਨਾਂ ਪ੍ਰਗਟਾਅ ਸਕਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੁੰਦਾ ਹੈ। ਚਿੰਨ੍ਹ ਮਨੁੱਖ ਵਾਸਤੇ ਸਤਿ ਦੇ ਉਹ ਪੱਖ ਉਜਾਗਰ ਕਰਦਾ ਹੈ ਜਿਹੜੇ ਉਸ ਤੋਂ ਬਿਨਾਂ ਮਨੁੱਖ ਲਈ ਲੁਪਤ ਹੁੰਦੇ ਹਨ। ਚੰਡੀ ਦੀ ਵਾਰ ਵਿਚ ਵੀ ਨੇਕੀ ਅਤੇ ਬਦੀ ਦਾ ਸੰਘਰਸ਼ ਦੱਸਿਆ ਹੋਇਆ ਹੈ। ਦੇਵਤੇ ਅਤੇ ਦੈਂਤ ਨੇਕੀ ਅਤੇ ਬਦੀ ਦੇ ਪ੍ਰਤੀਕ ਹਨ, ਦੁਰਗਾ ਸ਼ਕਤੀ ਦੀ ਪ੍ਰਤੀਕ ਹੈ। ਅਸ਼ਲ ਵਿਚ ਇਹ ਤਿੰਨੇ ਚੀਜ਼ਾਂ ਜੋ ਇਥੇ ਇਕ ਦੂਸਰੇ ਦੇ ਸਮਾਨੰਤਰ ਚਲਦੀਆਂ ਦਿਸ ਆਉਂਦੀਆਂ ਹਨ ਹਰ ਇੱਕ ਮਾਨਵ ਦੇ ਆਪਣੇ ਅੰਦਰ ਹੁੰਦੀਆਂ ਹਨ। ਗੁਰਮਤਿ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਇਹ ਪੰਜ ਦੂਤ ਜਾਂ ਦੈਂਤ ਹਨ, ਜੋ ਮਾਨਵ ਦੇ ਦੇਵਤਵ ਦੇ ਰਾਹ ਤੇ ਚਲਣ ਵਿਚ ਰੋੜਾ ਬਣਦੇ ਹਨ। ਜਦੋਂ ਇਹਨਾਂ ਵਿਚੋਂ ਕੋਈ ਵੀ ਹਾਵੀ ਹੋ ਜਾਂਦਾ ਹੈ ਤਾਂ ਉਹ ਮਾਨਵ ਨੂੰ ਬੁਰਾਈ ਦੇ ਰਸਤੇ ਤੇ ਤੋਰਦਾ ਹੈ। ਹਰ ਮਾਨਵ ਅੰਦਰ ਦੇਵਤਵ ਤੱਕ ਪਹੁੰਣ ਸਕਣ ਦੀ ਸੰਭਾਵਨਾ ਕਾਇਮ ਹੈ ਕਿਉਂਕਿ ਉਹ ਜਗਦੀਸੈ-ਅੰਸ਼ ਹੈ। ਇਸ ਦੇਵਤਵ ਦੀ ਸੰਭਾਵਨਾ ਨੂੰ ਸ਼ਬਦ-ਗੁਰੂ ਦੀ ਅਗਵਾਈ ਵਿਚ ਉਜਾਗਰ ਕੀਤਾ ਜਾ ਸਕਦਾ ਹੈ ਜਿਵੇਂ ਆਸਾ ਦੀ ਵਾਰ ਵਿਚ ਕਿਹਾ ਹੈ:

  ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ।

  ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 462)

 ਦੈਂਤਤਵ ਅਤੇ ਦੇਵ-ਤਵ ਦਾ ਇਹ ਸੰਘਰਸ਼ ਮਨੁੱਖ ਦੇ ਅੰਦਰ ਵੀ ਅਤੇ ਬਾਹਰ ਸੰਸਾਰ ਵਿਚ ਵੀ ਸਦੀਵੀਂ ਚਲਦਾ ਰਹਿੰਦਾ ਹੈ। ਜਰੂਰਤ ਇਸ ਨੂੰ ਅਧਿਆਤਮਕ ਸ਼ਕਤੀ ਰਾਹੀਂ ਥਾਂ ਸਿਰ ਰੱਖਣ ਦੀ ਹੈ। ਇਹ ਸ਼ਕਤੀ ਵੀ ਮਾਨਵ ਦੇ ਅੰਦਰ ਹੀ ਹੈ ਲੋੜ ਇਸ ਨੂੰ ਗੁਰੂ ਰਾਹੀਂ ਪਛਾਨਣ ਦੀ ਹੈ।

 ਵੈਦਿਕ ਮਿਥਿਹਾਸਕ ਪਰੰਪਰਾ ਵਿਚ ਸਮੇਂ ਨੂੰ ਚਾਰ ਯੁੱਗਾਂ ਵਿਚ ਵੰਡ ਕੇ ਪੂਰਨ ਤੌਰ ਤੇ ਧਰਮ-ਪਰਾਇਣ ਯੁੱਗ ਨੂੰ ਸਤਿਯੁਗ ਕਿਹਾ ਹੈ, ਕਲਿਯੁੱਗ ਵਿਚ ਧਰਮ ਦੀ ਪੂਰੀ ਅਧੋਗਤੀ ਮੰਨੀ ਹੈ ਅਤੇ ਕਲਿਜੁਗ ਅਤੇ ਸਤਿਜੁਗ ਦੇ ਵਿਚਕਾਰ ਤ੍ਰੇਤਾ ਹੈ ਜਿਥੇ ਧਰਮ ਅਧੋ ਅਧ ਹੈ। ਸਿੱਖ ਧਰਮ-ਚਿੰਤਨ ਵਿਚ ਯੁੱਗਾਂ ਦੀ ਇਸ ਕਿਸਮ ਦੀ ਵੰਡ ਨੂੰ ਨਾ ਮੰਨ ਕੇ ਇਸ ਨੂੰ ਮਨੁੱਖ ਨਾਲ ਜੋੜਿਆ ਹੈ। ਗੁਰਮਤਿ ਅਨੁਸਾਰ ਕਲਿਯੁਗ ਕਿਸੇ ਖਾਸ ਸਮੇਂ ਤੇ ਆਪਣਾ ਸਥਾਨ ਬਣਾ ਕੇ ਨਹੀਂ ਬੈਠਦਾ। ਇਹ ਤਾਂ ਜਦੋਂ ਮਨੁੱਖ ਵਿਚ ਹੰਕਾਰ, ਕਾਮ, ਕ੍ਰੋਧ, ਲੋਭ ਅਤੇ ਮੋਹ ਆਦਿ ਸ਼ਕਤੀਆਂ ਭਾਰੂ ਹੋ ਜਾਂਦੀਆਂ ਹਨ ਤਾਂ ਉਸ ਦੇ ਮਨ ਵਿਚ ਬੈਠ ਜਾਂਦਾ ਹੈ। ਹੰਕਾਰ ਕਿਸੇ ਕਿਸਮ ਦਾ ਵੀ ਬੁਰਾ ਹੁੰਦਾ ਹੈ ਪਰ ਧਾਰਮਿਕ ਹੰਕਾਰ ਸਭ ਤੋਂ ਵਧ ਖਤਰਨਾਕ ਹੁੰਦਾ ਹੈ ਕਿਉਂਕਿ ਇਸ ਕਿਸਮ ਦਾ ਹੰਕਾਰ ਦੂਸਰਿਆਂ ਨੂੰ ਆਪਣੇ ਤੋਂ ਬਹੁਤ ਨੀਵਾਂ ਸਮਝਦਾ ਹੈ। ਪਰਮਾਤਮਾ ਦੀ ਨਜ਼ਰ ਵਿਚ ਕੋਈ ਵੀ ਨੀਵਾਂ ਜਾਂ ਉੱਚਾ ਨਹੀਂ ਹੈ। ਦੇਵਤਿਆਂ ਨੂੰ ਆਪਣੇ ਧਰਮੀ ਹੋਣ ਦਾ ਬਹੁਤ ਹੰਕਾਰ ਹੋ ਗਿਆ ਤਾਂ ਅਕਾਲਪੁਰਖ ਨੇ ਉਹਨਾਂ ਦਾ ਹੰਕਾਰ ਤੋੜਨ ਲਈ ਮਹਿਖਾਸੁਰ ਅਤੇ ਸੁੰਭ ਨਾਂ ਦੇ ਦੈਂਤ ਪੈਦਾ ਕੀਤੇ। ਇਹੀ ਹਾਲ ਹਿੰਦੁਸਤਾਨੀ ਸਮਾਜ ਦਾ ਸੀ ਜਦੋਂ ਮੁਗਲ ਬਾਦਸ਼ਾਹਾਂ ਦਾ ਭਾਰਤ ਤੇ ਰਾਜ ਸਥਾਪਿਤ ਹੋਇਆ। ਭਾਰਤੀ ਸਮਾਜ ਜਾਤ-ਪਾਤ, ਊਚ-ਨੀਚ ਵਿਚ ਵੰਡਿਆ ਹੋਇਆ ਸੀ ਅਤੇ ਇਹ ਵੰਡ ਧਰਮ ਵਲੋਂ ਪਾਈ ਅਤੇ ਪ੍ਰਵਾਨ ਕੀਤੀ ਹੋਈ ਸੀ। ਸ਼ਾਇਦ ਇਸੇ ਲਈ ਪਰਮਾਤਮਾ ਹੁਕਮ ਵਿਚ ਮੁਗਲਾਂ ਦਾ ਰਾਜ ਭਾਰਤ ਵਿਚ ਸਥਾਪਿਤ ਹੋਇਆ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ:

  ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ।

       (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰ. 360)

 ਵਾਰ ਵਿਚ ਦਸਿਆ ਹੈ ਕਿ ਮਹਿਖਾਸੁਰ ਅਤੇ ਸੁੰਭ ਦੀ ਅਗਵਾਈ ਵਿਚ ਦੈਂਤਾਂ ਨੇ ਦੇਵਤਿਆਂ ਨੂੰ ਜਿੱਤ ਕੇ ਤਿੰਨਾਂ ਲੋਕਾਂ, ਮਾਤ ਲੋਕ, ਪਾਤਾਲ ਲੋਕ ਅਤੇ ਆਕਾਸ ਲੋਕ ਵਿਚ ਆਪਣਾ ਰਾਜ ਕਾਇਮ ਕਰ ਲਿਆ। ਇੰਦਰ ਦੇਵਤਾ, ਜਿਸ ਨੂੰ ਦੇਵਤਿਆਂ ਦਾ ਰਾਜਾ ਮੰਨਿਆ ਜਾਂਦਾ ਹੈ, ਨੂੰ ਕੱਢ ਕੇ ਕੈਲਾਸ਼ ਪਰਬਤ ਵੱਲ ਨੂੰ ਭਜਾ ਦਿੱਤਾ। ਉਸ ਦੇ ਮੰਨ ਅੰਦਰ ਏਨਾ ਡਰ ਪੈਦਾ ਹੋਇਆ ਕਿ ਉਹ ਡਰਦਾ ਮਾਰਾ ਦੁਰਗਾ ਕੋਲ ਪਹੁੰਚਿਆ। ਡਰ ਸਾਰੀਆਂ ਬੀਮਾਰੀਆਂ ਦੀ ਜੜ੍ਹ ਹੈ। ਜਦੋਂ ਮਨੁੱਖ ਕਿਸੇ ਤੋਂ ਡਰਦਾ ਹੈ ਤਾਂ ਉਹ ਸ਼ਕਤੀ ਹੀਣ ਤੇ ਨਿਰਬਲ ਹੋ ਜਾਂਦਾ ਹੈ। ਆਪਣੀ ਜਾਂ ਕਿਸੇ ਮਜ਼ਲੂਮ ਦੀ ਰੱਖਿਆ ਕਰਨ ਦੇ ਯੋਗ ਨਹੀਂ ਰਹਿੰਦਾ। ਜੋ ਦੂਸਰਿਆਂ ਨੂੰ ਡਰਾਉਂਦਾ ਹੈ ਬੁਰਾਈ ਪੈਦਾ ਕਰਦਾ ਹੈ ਕਿਉਂਕਿ ਉਹ ਜ਼ਾਲਮ ਹੋ ਜਾਂਦਾ ਹੈ। ਇਸੇ ਲਈ ਗੁਰਮਤਿ ਵਿਚ ਨਿਰਭੈ ਹੋ ਕੇ ਜੀਣ ਅਤੇ ਕਿਸੇ ਨੂੰ ਭੈਅ ਨਾ ਦੇਣ ਦਾ ਆਦੇਸ਼ ਕੀਤਾ ਹੈ। ਦੇਵੀ ਦੁਰਗਾ ਨੂੰ ਇੰਦ੍ਰ ਨੇ ਬੇਨਤੀ ਕੀਤੀ ਕਿ ਦੈਂਤਾਂ ਨੇ ਤਿੰਨਾਂ ਲੋਕਾਂ ਵਿਚ ਆਪਣਾ ਰਾਜ ਕਾਇਮ ਕਰ ਲਿਆ ਹੈ ਅਤੇ ਦੇਵਤਿਆਂ ਤੋਂ ਸਰਦਾਰੀ ਖੋਹ ਲਈ ਹੈ। ਮਹਿਖਾਸੁਰ ਨੂੰ ਜਿੱਤਣ ਦੀ ਹਿੰਮਤ ਕਿਸੇ ਦੇਵਤੇ ਵਿਚ ਨਹੀਂ ਹੈ ਇਸ ਲਈ ਤੇਰੀ ਸ਼ਰਨ ਆਏ ਹਾਂ।

  ਕਿਨੈ ਨ ਜਿਤਿਆ ਜਾਈ ਮਹਿਖੇ ਦੈਂਤ ਨੂੰ।

  ਤੇਰੀ ਸਾਮ ਤਕਾਈ ਦੇਵੀ ਦੁਰਗਸ਼ਾਹ॥4॥

 ਇੰਦਰ ਦੀ ਫਰਿਆਦ ਸੁਣ ਕੇ ਦੁਰਗਾ ਖਿੜ ਖਿੜ ਕਰਕੇ ਹੱਸੀ। ਫਿਰ ਉਸ ਨੇ ਰਾਖਸ਼-ਖਾਣਾ ਆਪਣਾ ਸ਼ੇਰ ਸਵਾਰੀ ਵਾਸਤੇ ਮੰਗਵਾਇਆ ਅਤੇ ਦੇਵਤਿਆਂ ਨੂੰ ਕਿਹਾ ਕਿ ਫਿਕਰ ਨਾ ਕਰੋ:

  “ਚਿੰਤਾ ਕਰਹੁ ਨ ਕਾਈ” ਦੇਵਾਂ ਨੂੰ ਆਖਿਆ।

  ਰੋਹ ਹੋਈ ਮਹਾਂਮਾਈ ਰਾਕਸਿ ਮਾਰਣੇ”॥ 5॥

 ਗੁਸੇ ਦੇ ਭਰੇ ਹੋਏ ਰਾਖਸ਼ ਰਣ ਭੂਮੀ ਵਿਚ ਯੁੱਧ ਕਰਨ ਦੇ ਚਾਅ ਨਾਲ ਆਏ। ਉਹਨਾਂ ਦੇ ਸ਼ਸ਼ਤ੍ਰ,ਤੇਗਾਂ ਅਤੇ ਬਰਛੀਆਂ ਏਨੇ ਲਿਸ਼ਕ ਰਹੇ ਸੀ ਕਿ ਸੂਰਜ ਵੀ ਨਜ਼ਰ ਨਹੀਂ ਸੀ ਪੈ ਰਿਹਾ। ਫਿਰ ਫੌਜਾਂ ਆਹਮੋਂ-ਸਾਹਮਣੇ ਕੰਧਾਂ ਵਾਂਗ ਖੜ੍ਹੀਆਂ ਹੋ ਗਈਆਂ ਅਤੇ ਲੜਾਈ ਸ਼ੁਰੂ ਕਰਨ ਵਾਸਤੇ ਢੋਲ ਅਤੇ ਨਗਾਰੇ ਵੱਜਣੇ ਸ਼ੁਰੂ ਹੋ ਗਏ। ਨਗਾਰੇ ਤੇ ਚੋਟ ਮਾਰਨ ਦਾ ਅਰਥ ਜੰਗ ਦੀ ਸ਼ੁਰੂਆਤ ਹੁੰਦੀ ਹੈ ਅਤੇ ਇਸ ਤਰ੍ਹਾਂ ਜੰਗ ਦਾ ਬਿਗਲ ਵਜਾ ਕੇ ਲੜਾਈ ਸ਼ੁਰੂ ਕਰ ਦਿਤੀ। ਨੇਜਿਆ ਤੇ ਬੰਨੀਆਂ ਹੋਈਆਂ ਝੰਡੀਆਂ ਜਿਹੜੀਆਂ ਕੀ ਫੌਜ਼ ਦਾ ਨਿਸ਼ਾਨ ਹੁੰਦੀਆਂ ਹਨ, ਹਵਾ ਵਿਚ ਝੂਮਣ ਲੱਗੀਆਂ। ਜੰਗ ਵਿਚ ਇਉਂ ਲੱਗ ਰਿਹਾ ਸੀ ਜਿਵੇਂ ਬੱਬਰ ਸ਼ੇਰ ਗਰਜ਼ ਰਹੇ ਹੋਣ। ਦੁਰਗਾ ਅਤੇ ਦੇਵਤੇ ਰਣ ਖੇਤਰ ਵਿਚ ਗਰਜ਼ੇ। ਬਰਛੀਆਂ ਵਿਚ ਪਰੋਏ ਹੋਏ ਕਈ ਸੂਰਬੀਰ ਇੰਝ ਲੱਗ ਰਹੇ ਸਨ ਜਿਵੇਂ ਟਾਹਣੀ ਨੂੰ ਆਮਲੇ ਚੁੰਬੜੇ ਹੋਣ। ਕੁਝ ਤਲਵਾਰਾਂ ਦੇ ਫਟ ਖਾ ਕੇ ਇਸ ਤਰ੍ਹਾਂ ਤੜ੍ਹਫ ਰਹੇ ਸੀ ਜਿਵੇਂ ਸਰਾਬ ਦੇ ਪਿਆਲੇ ਪੀ ਕੇ ਪਾਗਲ ਹੋਏ ਫਿਰਦੇ ਹੋਏ ਹੋਣ। ਕਈਆਂ ਨੂੰ ਝਾੜੀਆਂ ਵਿਚ ਲੁਕਿਆ ਹੋਇਆ ਨੂੰ ਇਸ ਤਰ੍ਹਾਂ ਕੱਢ ਕੱਢ ਚੁਣ ਕੇ ਮਾਰ ਰਹੇ ਸੀ ਜਿਵੇਂ ਨਿਆਰੀਏ ਰੇਤ ਵਿਚੋਂ ਸੋਨੇ ਦੇ ਕਣ ਚੁਣ ਚੁਣ ਕੇ ਕੱਢ ਰਹੇ ਹੋਣ। ਗਦਾ, ਤ੍ਰਿਸ਼ੂਲਾਂ, ਬਰਛੀਆਂ ਅਤੇ ਤੀਰਾਂ ਨਾਲ ਯੁੱਧ ਹੋ ਰਿਹਾ ਸੀ। ਤੀਰਾਂ ਨਾਲ ਵਿੰਨੇ ਹੋਏ ਯੋਧੇ ਇਸ ਤਰ੍ਹਾਂ ਮਰ ਕੇ ਡਿੱਗ ਰਹੇ ਸਨ ਜਿਵੇਂ ਕਾਲੇ ਨਾਗਾਂ ਦੇ ਡੰਗੇ ਹੋਏ ਡਿੱਗ ਰਹੇ ਹੋਣ। ਜਿਸ ਤਰ੍ਹਾਂ ਦ੍ਰਿਸਟਾਂਤਾਂ ਰਾਹੀਂ ਜੰਗ ਦੇ ਸਾਰੇ ਨਜ਼ਾਰੇ ਨੂੰ ਸਮਝਾਇਆ ਹੈ, ਇਸ ਨਾਲ ਸਹਿਜੇ ਹੀ ਮਾਨਵ-ਮਾਨਸਿਕਤਾ ਵਿਚ ਇੱਕ ਅਦਿੱਖ ਘੋਲ ਸ਼ੁਰੂ ਹੋ ਜਾਂਦਾ ਹੈ ਅਤੇ ਮਨੁੱਖ ਸੋਚਣ ਲਈ ਆਪਣੇ ਆਪ ਪ੍ਰੇਰਿਆ ਜਾਂਦਾ ਹੈ। ਟਾਹਣੀ ਉਤੇ ਪਰੋਏ ਹੋਏ ਅਮਲਿਆਂ ਦੇ ਦ੍ਰਿਸ਼ ਦੀ ਬਰਛੀਆਂ ਵਿਚ ਪਰੋਏ ਹੋਏ ਸਿਰਾਂ ਨਾਲ ਤੁਲਨਾ ਮਨ ਨੂੰ ਸੋਚਣ ਘੋਖਣ ਲਈ ਜ਼ਬਰਦਸਤੀ ਮਜ਼ਬੂਰ ਕਰਦੀ ਹੈ।

  “ਇਕ ਬੀਰ ਪ੍ਰੋਤੇ ਬਰਛੀਏਂ ਜਾਣੁ ਡਾਲ ਚਮੁੱਟੇ ਆਵਲੇ”॥

ਦੈਂਤਾਂ ਦੇ ਮਨ ਵਿਚ ਕ੍ਰੋਧ ਭਰੀ ਦੁਰਗਾ ਨੂੰ ਦੇਖਣ ਦੀ ਇੱਛਾ ਹੋਈ ਅਤੇ ਉਹ ਆਪਣੇ ਹਥਿਆਰਾਂ ਨਾਲ ਭਾਰੀ ਗਿਣਤੀ ਵਿਚ ਦੁਰਗਾ ਦੇ ਚਾਰ ਚੁਫੇਰੇ ਹੋ ਗਏ। ਯੁੱਧ ਕਰਨ ਵਾਲੇ ਸੂਰਬੀਰ ਯੁੱਧ ਵਿਚੋਂ ਕਦੀ ਭੱਜਿਆ ਨਹੀਂ ਕਰਦੇ। ਇਸ ਲਈ ਹੱਥਾਂ ਵਿਚ ਤਲਵਾਰਾਂ ਲੈ ਕੇ ਖੂਬ ਯੁੱਧ ਹੋਇਆ। ਦਿਲ ਵਿਚ ਰੋਹ ਪੈਦਾ ਹੋਇਆ ਅਤੇ ਮਾਰੋ ਮਾਰੀ ਯੋਧੇ ਭਿੜਨ ਲੱਗੇ। ਜਿਹੜੇ ਦੁਰਗਾ ਨੂੰ ‘ਮਾਰੋ ਮਾਰੋ’ ਕਹਿ ਰਹੇ ਸੀ, ਦੁਰਗਾ ਨੇ ਉਹਨਾਂ ਨੂੰ ਰਣ ਖੇਤ੍ਰ ਵਿਚ ਏਵਂੇ ਸੁਟਿਆ ਜਿਂਵੇ ਬਿਜਲੀ ਪੈਦਾ ਕਰਨ ਨਾਲ ਮੁਨਾਰੇ ਡਿਗ ਜਾਂਦੇ ਹਨ। ਫਿਰ ਦੁਰਗਾ ਨੇ ਆਪਣੀ ਸਰਬਲੋਹ ਦੀ ਫੌਲਾਦੀ ਤੇਗ ਇਸ ਤਰ੍ਹਾਂ ਫੁਰਤੀ ਨਾਲ ਘੁਮਾ ਕੇ ਮਹਿਖੇ ਦੈਂਤ ਦੇ ਪੇਟ ਵਿਚ ਮਾਰੀ ਕਿ ਉਸ ਦੇ ਫੇਫੜੇ ਅਤੇ ਆਂਦਰਾਂ ਨੂੰ ਚੀਰਦੀ ਅੱਗੇ ਨਿਕਲਦੀ ਹੋਈ ਕਾਲਜੇ ਨੂੰ ਚੀਰ ਗਈ। ਧੂਮਕੇਤੂ (ਬੋਦੀ ਵਾਲੇ ਤਾਰੇ) ਨੇ ਆਪਣੀ ਬੋਦੀ ਦਿਖਾ ਦਿਤੀ। ਭਾਵ ਬੋਦੀ ਵਾਲਾ ਤਾਰਾ ਚੜ੍ਹ ਪਿਆ ਅਤੇ ਇਸ ਤਰ੍ਹਾਂ ਦਾ ਚੜ੍ਹਨਾ ਤਬਾਹੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।

 ਦੇਵਤੇ ਅਤੇ ਦੈਂਤ ਪੂਰੇ ਜ਼ੋਰ-ਜ਼ੋਰ ਨਾਲ ਭਿੜ ਰਹੇ ਸੀ ਅਤੇ ਸੂਰਮੇ ਰਣਖੇਤ੍ਰ ਵਿਚ ਮਰ ਰਹੇ ਸਨ। ਸਾਰਿਆ ਦੇ ਸਰੀਰਾਂ ਵਿਚੋਂ ਖੁਨ ਇਉਂ ਵਹਿ ਰਿਹਾ ਸੀ ਜਿਵੇਂ ਪਹਾੜ ਤੋਂ ਗੇਰੂ ਨਾਲ ਰਲਕੇ ਗੇਰੂ ਰੰਗੀਆਂ ਪਾਣੀ ਦੀਆਂ ਕੂਲਾਂ ਨੀਚੇ ਨੂੰ ਵੱਗ ਰਹੀਆਂ ਹੋਣ। ਰਾਕਸ਼ਾਂ ਦੀਆਂ ਇਸਤ੍ਰੀਆਂ ਮਹਿਲਾਂ ਵਿਚ ਬੈਠੀਆਂ ਇਹ ਸਭ ਨਜ਼ਾਰੇ ਦੇਖ ਰਹੀਆਂ ਸਨ ਕਿ ਦੁਰਗਾ ਅਤੇ ਦਾਨਵਾਂ ਦੀਆਂ ਸਵਾਰੀਆਂ ਸ਼ੇਰ, ਹਾਥੀ, ਘੋੜੇ, ਊਠਾਂ ਨੇ ਕਿਵੇਂ ਧੁੰਮਾਂ ਪਾਈਆਂ ਹੋਈਆਂ ਹਨ। ਸਾਂਵਲੇ ਰੰਗ ਦੇ ਦੈਂਤ, ਖਿਲਰੀਆਂ ਜਟਾਂ, ਧੂੜ ਵਿਚ ਅੱਟੇ ਹੋਏ, ਚੌੜੀਆਂ ਉਖਲੀਆਂ ਵਰਗੀਆਂ ਨਾਸਾਂ, ਮੂੰਹ ਉਹਨਾਂ ਦੇ ਆਲਿਆ ਵਰਗੇ, ਵੱਡੀਆਂ ਵੱਡੀਆਂ ਮੁੱਛਾਂ ਵਾਲੇ ਦੇਵੀ ਦੇ ਸਾਹਮਣੇ ਆਏ। ਇੰਦਰ ਲੜ ਕੇ ਹਾਰ-ਹੁਟ ਗਿਆ ਸੀ ਪਰ ਇਹ ਸੂਰਬੀਰ ਪਿਛੇ ਨਹੀਂ ਹਟੇ। ਦੁਰਗਾ ਨੂੰ ਚੁਫੇਰਿਉਂ ਘੇਰ ਕੇ ਇਸ ਤਰ੍ਹਾਂ ਗਰਜ ਰਹੇ ਸਨ ਜਿਵੇਂ ਕਾਲੇ ਬੱਦਲ ਗਰਜ ਰਹੇ ਹੋਣ। ਪਰਬਤਾਂ ਵਰਗੇ ਦੈਂਤ ਭੱਜਣਾ ਨਹੀਂ ਸੀ ਜਾਣਦੇ ਇਸ ਲਈ ਦੇਵਤਿਆਂ ਹੱਥੋਂ ਮਰ ਕੇ ਸਵਰਗ ਨੂੰ ਚਲੇ ਗਏ। ਦੁਰਗਾ ਨੇ ਆਪਣੀ ਤਲਵਾਰ ਲੈ ਕੇ ਸਾਰੇ ਦੈਂਤ ਮਾਰ ਦਿੱਤੇ। ਮਹਿਖਾਸੁਰ ਗੁੱਸੇ ਨਾਲ ਆ ਕੇ ਮੈਦਾਨ ਵਿਚ ਗਜਿਆ ਉਸ ਨੂੰ ਬੜਾ ਗੁੱਸਾ ਸੀ ਕਿ ਇੱਕ ਇਸਤ੍ਰੀ ਨੇ ਦੈਂਤਾਂ ਦੇ ਇਸ ਤਰ੍ਹਾਂ ਆਹੂ ਲਾਹੇ ਹਨ:

  “ਇੰਦ੍ਰ ਜੇਹਾ ਜੋਧਾ ਮੈਥੋਂ ਭੱਜਿਆ।

  ਕਉਣ ਵਿਚਾਰੀ ਦੁਰਗਾ ਜਿਨਿ ਰਣ ਸੱਜਿਆ”॥

 ਇਹ ਪੰਕਤੀਆਂ ਖਾਸ ਮਹੱਤਵ ਰੱਖਦੀਆਂ ਹਨ। ਜੋ ਮਹਿਖਾਸੁਰ ਦੇ ਮੂੰਹੋਂ ਅਖਵਾਈਆਂ ਗਈਆਂ ਹਨ। ਦੁਰਗਾ ਨੂੰ ਉਹ ਇਸਤ੍ਰੀ ਹੋਣ ਕਰਕੇ ਉਹ ਕਮਜ਼ੋਰ ਸਮਝਦਾ ਹੈ। ਭਾਰਤੀ ਧਾਰਮਿਕ ਪੰਰਪਰਾ ਵਿਚ ਦੇਵੀਆਂ ਨੂੰ ਛੱਡ ਕੇ ਜਿਨ੍ਹਾਂ ਦੀ ਗਿਣਤੀ 33 ਕਰੋੜ ਦੇਵਤਿਆਂ ਵਿਚ ਨਾਮਾਂਤਰ ਹੈ, ਇਸਤ੍ਰੀ ਨੂੰ ਦੁਰਬਲ, ਕਮਜ਼ੋਰ ਅਤੇ ਨਿਮਾਣੀ ਮੰਨਿਆ ਜਾਂਦਾ ਰਿਹਾ ਹੈ। ਪਰ ਗੁਰਮਤਿ ਚਿੰਤਨ ਵਿਚ ਉਸ ਨੂੰ ਸੰਸਾਰਕ ਪੱਧਰ ਤੇ ਸਭ ਤੋਂ ਮਹਾਨ ਮੰਨਿਆ ਹੈ। ਸਮਾਜਕ ਰੁਤਬੇ ਵਿਚ ਰਾਜਾ ਸਭ ਤੋਂ ਉੱਤੇ ਹੈ ਪਰ ਇਸਤ੍ਰੀ ਉਸ ਤੋਂ ਉਤੇ ਹੈ ਕਿਉਂਕਿ ਉਹ ਰਾਜੇ ਨੂੰ ਜਨਮ ਦੇਣ ਵਾਲੀ ਹੈ। ਆਤਮਕ ਬਲ ਕਮਜ਼ੋਰ ਤੋਂ ਕਮਜ਼ੋਰ ਮਨੁੱਖ ਨੂੰ ਵੀ ਬਲਵਾਨ ਬਣਾ ਦਿੰਦਾ ਹੈ।

 ਇਸ ਤਰ੍ਹਾਂ ਆਪਣਾ ਖੰਡਾ ਮਿਆਨ ਵਿਚੋਂ ਧੂਹ ਕੇ ਮਹਿਖਾਸੁਰ ਅੱਗੇ ਵਧਿਆ। ਦੁਰਗਾ ਰਾਖਸ਼ ਖਾਣੀ ਚੰਡੀ ਨੇ ਮਿਆਨ ਵਿਚੋਂ ਆਪਣੀ ਤਲਵਾਰ ਧੂਹੀ। ਮਹਿਖਾਸੁਰ ਦੇ ਇਸ ਤਰ੍ਹਾਂ ਡਾਹੀ ਕਿ ਉਸ ਦੇ ਖੋਪਰ ਨੂੰ ਤੋੜ ਕੇ ਮੂੰਹ ਨੂੰ ਚੀਰਦੀ ਹੋਈ ਕੰਡਰੋੜ ਤੱਕ ਧਸ ਗਈ। ਇਥੇ ਹੀ ਬਸ ਨਹੀਂ ਘੋੜੇ ਸਮੇਤ ਉਸ ਦੀ ਕਾਠੀ ਨੂੰ ਚੀਰਦੀ ਹੋਈ ਧਰਤੀ ਨਾਲ ਜਾ ਠਹਿਕੀ। ਇਸ ਤੋਂ ਅੱਗੇ ਆਪਣਾ ਰਾਹ ਬਣਾਉਂਦੀ ਹੋਈ ਧਰਤੀ ਹੇਠਲੇ ਬਲਦ ਦੇ ਸਿੰਙਾਂ ਨਾਲ ਖਹਿੰਦੀ ਕਛੂ-ਕੁੰਮੇ ਨਾਲ ਜਾ ਵੱਜੀ। ਭਾਰਤੀ ਪਰੰਪਰਾ ਵਿਚ ਮਿੱਥ ਹੈ ਕਿ ਧਰਤੀ ਇੱਕ ਬਲਦ ਨੇ ਆਪਣੇ ਸਿੰਙਾਂ ਤੇ ਚੁੱਕੀ ਹੋਈ ਹੈ ਅਤੇ ਉਸ ਬਲਦ ਦੇ ਹੇਠਾਂ ਕਛੂ-ਕੁੰਮਾ ਹੈ। ਗੁਰਮਤਿ ਚਿੰਤਨ ਵਿਚ ਧਰਮ ਨੂੰ ਉਹ ਸ਼ਕਤੀ ਮੰਨਿਆ ਹੈ ਜੋ ਸੰਸਾਰ ਨੂੰ ਸਥਾਪਿਤ ਰਖਦਾ ਹੈ। ਇਸ ਤਰਾਂ ਮਹਿਖਾਸੁਰ ਤੇ ਔਖੀ ਘੜੀ ਬੀਤੀ ਅਤੇ ਮਾਰਿਆ ਗਿਆ। ਲਹੂ ਤੇ ਚਰਬੀ ਦੀ ਉਥੇ ਘਾਣੀ ਮੱਚ ਗਈ। ਸਾਰੇ ਜਗਤ ਦੀ ਰਾਣੀ ਦੁਰਗਾ ਨੇ ਆਪਣੇ ਸ਼ੇਰ ਚਾਰੇ ਪਾਸੇ ਨਚਾਇਆ। ਦੈਂਤਾਂ ਨੂੰ ਮਾਰ ਕੇ ਇੰਦ੍ਰ ਨੂੰ ਰਾਜ ਭਾਗ ਦੇ ਕੇ ਅਲੋਪ ਹੋ ਗਈ।

 ਇਸ ਤੋਂ ਪਿਛੋਂ ਫਿਰ ਦੈਂਤਾਂ ਵਿਚ ਸੁੰਭ ਅਤੇ ਨਿਸੁੰਭ ਨਾਂ ਦੇ ਸੂਰਮੇ ਜੰਮੇ। ਉਹਨਾਂ ਨੇ ਫਿਰ ਇੰਦ੍ਰ ਨੂੰ ਹਰਾ ਕੇ ਉਸ ਦੀ ਰਾਜਧਾਨੀ ਨੂੰ ਜਿੱਤਣਾ ਚਾਹਿਆ। ਇਸ ਲਈ ਉਹਨਾਂ ਨੇ ਇੰਦ੍ਰ ਪੁਰੀ (ਦੇਵਤਿਆ ਦੀ ਰਾਜਧਾਨੀ) ਤੇ ਹਮਲਾ ਕਰਨ ਦਾ ਮਤਾ ਪਕਾ ਲਿਆ। ਪੂਰੀ ਤਿਆਰੀ ਨਾਲ ਉਹ ਹਮਲਾ ਕਰਨ ਆਏ ਅਤੇ ਦੇਵਤੇ ਵੀ ਮੈਦਾਨ ਵਿਚ ਨਿੱਤਰ ਪਏ। ਇਸ ਤਰ੍ਹਾਂ ਦੋਹਾਂ ਧਿਰਾਂ ਵਿਚ ਫਿਰ ਘੋਰ ਯੁੱਧ ਛਿੜ ਪਿਆ। ਯੋਧੇ ਇਸ ਤਰ੍ਹਾਂ ਸੱਜੇ ਹੋਏ ਸਨ ਜਿਵੇਂ ਬਾਗਾਂ ਵਿਚ ਫੁੱਲ ਖਿੜੇ ਹੋਣ। ਮਾਸਖੋਰੇ ਪੰਛੀਆਂ ਜਿਵੇਂ ਇੱਲਾਂ ਅਤੇ ਕਾਵਾਂ, ਭੂਤਾਂ ਨੇ ਮਰੇ ਹੋਏ ਯੋਧਿਆ ਦਾ ਮਾਸ ਖਾਦਾ। ਦੈਂਤਾਂ ਨੇ ਫਿਰ ਦੇਵਤੇ ਯੁੱਧ-ਖੇਤ੍ਰ ਵਿਚੋਂ ਭਜਾ ਦਿੱਤੇ ਅਤੇ ਤਿੰਨੇ ਲੋਕਾਂ ਵਿਚ ਆਪਣੀ ਜਿੱਤ ਦੀ ਦੋਹੀ ਫਿਰਾ ਦਿੱਤੀ। ਜਦੋਂ ਤੱਕ ਮਨੁੱਖ ਨੇ ਆਪਣੇ ਆਪ ਵਿਚ ਆਪਣੇ ਘਰ ਨੂੰ ਸੁਰੱਖਿਅਤ ਰੱਖ ਸਕਣ ਦੀ ਸਮਰੱਥਾ ਪੈਦਾ ਨਾ ਹੋਵੇ ਉਹ ਕਿਸੇ ਦਾ ਬਚਾਇਆ ਬਚ ਨਹੀਂ ਸਕਦਾ। ਦੁਰਗਾ ਦੇ ਜਿੱਤ ਕੇ ਦਿੱਤਾ ਰਾਜ ਦੇਵਤਿਆਂ ਨੇ ਆਪਣੀ ਅਸਮਰੱਥਾ ਨਾਲ ਫਿਰ ਗੁਆ ਲਿਆ। ਇਥੇ ਇਹ ਗੱਲ ਸਥਾਪਿਤ ਕੀਤੀ ਗਈ ਹੈ ਕਿ ਬਾਹਰਲੇ ਹਮਲਾਵਰਾਂ ਦੇ ਹਮਲਿਆਂ ਵੇਲੇ ਭਾਰਤੀ ਲੋਕ ਮੰਦਰਾਂ ਵਿਚ ਦੇਵਤਿਆਂ ਦੀ ਪੂਜਾ ਕਰਦੇ ਰਹੇ ਕਿ ਇਹ ਸਾਡੀ ਰੱਖਿਆ ਕਰਨਗੇ। ਪਰ ਜਿਹੜੇ ਦੇਵਤੇ ਆਪਣੀ ਰੱਖਿਆ ਨਹੀਂ ਕਰ ਸਕੇ ਉਹ ਹੋਰ ਕਿਸੇ ਦੀ ਰੱਖਿਆ ਕੀ ਕਰਨਗੇ? ਡਰ ਕੇ ਦੇਵਤਿਆਂ ਨੇ ਫਿਰ ਦੁਰਗਾ ਦੀ ਸ਼ਰਨ ਤੱਕੀ ਅਤੇ ਉਸ ਨੂੰ ਰਾਖਸ਼ਾਂ ਤੇ ਹਮਲਾ ਕਰਨ ਲਈ ਲੈ ਆਏ। ਫਿਰ ਪਹਿਲਾਂ ਦੀ ਤਰ੍ਹਾਂ ਦੋਹੇਂ ਧਿਰਾਂ ਜੰਗ ਦੇ ਮੈਦਾਨ ਵਿਚ ਇਕੱਠੀਆਂ ਹੋਈਆਂ। ਧੂਮਰਨੈਣ(ਧੂਏ ਰੰਗੀਆਂ ਅੱਖਾਂ ਵਾਲੇ) ਦੈਂਤ ਸਰਦਾਰ ਨੂੰ ਦੈਂਤ ਰਾਜੇ ਸੁੰਭ ਨੇ ਬੁਲਾਇਆ ਅਤੇ ਕਿਹਾ:

  ਚੋਟ ਪਈ ਖਰਚਾਮੀ “ਦੁਰਗਾ ਲਿਆਵਣੀ”

 ਦੁਰਗਾ ਨੂੰ ਕਮਜ਼ੋਰ ਅਤੇ ਇਸਤ੍ਰੀ ਸਮਝ ਕੇ ਉਨ੍ਹਾਂ ਨੇ ਚੁੱਕ ਲਿਆਉਣ ਦੀ ਸੋਚ ਲਈ ਪਰ ਦੂਸਰੇ ਪਾਸੇ ਦੁਰਗਾ ਨੂੰ ਫੌਜਾਂ ਦੇਖ ਕੇ ਬੇਹੱਦ ਗੁੱਸਾ ਚੜ੍ਹਿਆ ਅਤੇ ਉਸ ਨੇ ਖੰਡਾ ਮਿਆਨ ਵਿਚੋਂ ਧੁਹ ਕੇ ਧੂਮਰ ਨੈਣ ਦੇ ਸਾਰੇ ਸਾਥੀ ਮਾਰ ਮੁਕਾਏ। ਏਨਾ ਜਬਰਦਸਤ ਯੁੱਧ ਹੋਇਆ ਕਿ ਦੈਂਤ ਬੁਖਲਾ ਗਏ। ਉਨ੍ਹਾਂ ਨੇ ਦੁਰਗਾ ਸਮਝ ਕੇ ਇਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਸ ਯੁੱਧ ਵਿਚ ਧੂਮਰਨੈਣ ਵੀ ਮਾਰਿਆ ਗਿਆ, ਰਾਜੇ ਸੁੰਭ ਨੂੰ ਇਸ ਦੀ ਖਬਰ ਪਹੁੰਚ ਗਈ। ਰਾਜੇ ਨੇ ਤਿਆਰ ਕਰਕੇ ਚੰਡ ਅਤੇ ਮੁੰਡ ਨਾਂ ਦੇ ਦੋ ਦੈਤਾਂ ਨੂੰ ਫੌਜ ਦੇ ਕੇ ਭੇਜਿਆ। ਫਿਰ ਲੜਾਈ ਜੋਰ ਸ਼ੋਰ ਨਾਲ ਸ਼ੁਰੂ ਹੋ ਗਈ ਅਤੇ ਚੰਡ ਅਤੇ ਮੁੰਡ ਵੀ ਲੜਦੇ ਹੋਏ ਦੇਵੀ ਹੱਥੋਂ ਮਾਰੇ ਗਏ। ਰਾਜੇ ਸੁੰਭ ਨਿਸੁੰਭ ਨੇ ਸਾਰੇ ਯੋਧਿਆ ਨੂੰ ਫਿਰ ਇਕੱਠੇ ਕੀਤਾ। ਸ੍ਰੋਣਤਬਿੰਦ ਨੂੰ ਫੌਜ ਦੇ ਕੇ ਭੇਜਿਆ। ਸ੍ਰੋਣਤਬਿੰਦ ਜਿਸ ਨੂੰ ਰਕਤ ਬੀਜ ਵੀ ਕਹਿੰਦੇ ਹਨ, ਦੇ ਖੁਨ ਦੀ ਇਕ ਇਕ ਬੂੰਦ ਧਰਤੀ ਤੇ ਡਿੱਗਣ ਨਾਲ ਉਸ ਵਿਚੋਂ ਅਨੇਕਾਂ ਦੈਂਤ ਉਪਜਦੇ ਸਨ। ਉਸਨੇ ਦੇਵਤਿਆਂ ਨਾਲ ਲੜਾਈ ਸ਼ੁਰੂ ਕਰ ਦਿੱਤੀ ਸ਼ੋਰ ਸੁਣਕੇ ਦੁਰਗਾ ਨੇ ਆਪਣੇ ਸ਼ੇਰ ਦੀ ਸਵਾਰੀ ਕੀਤੀ। ਦੁਰਗਾ ਨੇ ਖੱਬੇ ਹੱਥ ਨਾਲ ਗਦਾ ਘੁਮਾ ਕੇ ਗਦਾ ਫੇਰੀ ਅਤੇ ਸ੍ਰੋਣਤਬੀਜ ਦੀ ਬਹੁਤ ਸਾਰੀ ਸੈਨਾ ਮਾਰ ਦਿੱਤੀ। ਘਮਸਾਣ ਦਾ ਯੁੱਧ ਹੋ ਰਿਹਾ ਸੀ ਅਤੇ ਦੁਰਗਾ ਦੈਂਤਾ ਦਾ ਸੰਘਾਰ ਕਰ ਰਹੀ ਸੀ। ਦੁਰਗਾ ਨੇ ਆਪਣੀ ਤਲਵਾਰ ਸ੍ਰੋਣਤਬੀਜ ਦੇ ਸਿਰ ਵਿਚ ਮਾਰੀ। ਉਸ ਨੇ ਲਲਕਾਰ ਲਲਕਾਰ ਕੇ ਰਾਖਸ਼ਾਂ ਨੂੰ ਮਾਰਿਆ। ਸੂਰਬੀਰ ਇਸ ਤਰ੍ਹਾਂ ਘੁੰਮ ਘੁੰਮ ਡਿੱਗ ਰਹੇ ਸੀ ਜਿਵੇਂ ਵਾ ਵਰੋਲੇ ਵਿਚ ਸੁੱਕੇ ਪੱਤੇ ਘੁੰਮਦੇ ਹਨ। ਵਾ-ਵਰੋਲਾ ਬਹੁਤ ਤੇਜ਼ ਹਨੇਰੀ ਦੀ ਤਰ੍ਹਾਂ ਪਰ ਥੋੜੀ ਥਾਂ ਘੇਰ ਕੇ ਚਲਦਾ ਹੈ। ਅਧਿਆਤਮਕ-ਸ਼ਕਤੀ ਨਾਲ ਮਨੁੱਖ ਬਹੁਤ ਬਲਵਾਨ ਹੋ ਜਾਂਦਾ ਹੈ ਜਿਸ ਨਾਲ ‘ਇਕੱਲੀ’ ਸ੍ਰੀਰਕ-ਸ਼ਕਤੀ ਕਮਜ਼ੋਰ ਪੈ ਜਾਂਦੀ ਹੈ ਕਿਉਂਕਿ ਉਸ ਕੋਲ ਆਤਮਿਕ ਬੱਲ ਨਹੀਂ ਹੁੰਦਾ। ਰੱਤ ਦੇ ਪਰਨਾਲੇ ਧਰਤੀ ਤੇ ਵੱਗ ਰਹੇ ਸੀ ਜਿਨ੍ਹਾਂ ਵਿਚੋ ਲੜਾਕੇ ਦੈਂਤ ਹਿੜ ਹਿੜ ਹਸਦੇ ਉਠ ਰਹੇ ਸੀ। ਇਸ ਤਰ੍ਹਾਂ ਸ੍ਰੋਣਤਬੀਜ ਨੇ ਅਣਗਿਣਤ ਸੂਰਤਾਂ ਵਧਾ ਲਈਆਂ, ਜਿਹੜੇ ਪੂਰੇ ਰੋਹ ਨਾਲ ਤੇਗਾਂ ਵਧਾਕੇ ਦੁਰਗਾ ਦੇ ਸਾਹਮਣੇ ਆ ਗਏ ਅਤੇ ਤੇਗਾਂ ਨਾਲ ਵਾਰ ਕਰਨ ਲਗੇ। ਪਰ ਦੁਰਗਾ ਹਰ ਵਾਰ ਢਾਲ ਨਾਲ ਰੋਕ ਲੈਂਦੀ। ਦੇਵੀ ਨੇ ਅਨੇਕਾਂ ਨੂੰ ਤੇਗਾਂ ਮਾਰ ਮਾਰ ਖਤਮ ਕਰ ਦਿੱਤਾ ਪਰ ਦੈਂਤ ਉਨੇ ਹੀ ਹੋਰ ਪੈਦਾ ਹੋਈ ਜਾਂਦੇ ਸੀ। ਬਦੀ ਦਾ ਇਹ ਦਸਤੂਰ ਮੰਨਿਆ ਜਾਂਦਾ ਹੈ ਕਿ ਇਹ ਬਹੁਤ ਛੇਤੀ ਅਤੇ ਕਈ ਗੁਣਾਂ ਵੱਧ ਹੋ ਕੇ ਫੈਲਦੀ ਹੈ। ਇਕੱਲਿਆ ਬਦੀ ਨੂੰ ਖਤਮ ਕਰਨਾ ਮੁਸ਼ਕਿਲ ਹੈ। ਇਸ ਲਈ ਇਸ ਨੂੰ ਖਤਮ ਕਰਨ ਲਈ ਲਗਾਤਾਰ ਅਤੇ ਮਿਲ ਕੇ ਸੰਘਰਸ਼ ਕਰਨਾ ਪੈਂਦਾ ਹੈ।

ਦੈਂਤਾਂ ਨੂੰ ਇਸ ਤਰ੍ਹਾਂ ਵਧਦੇ ਦੇਖ ਕੇ ਦੁਰਗਾ ਨੂੰ ਬਹੁਤ ਰੋਹ ਚੜ੍ਹਿਆ। ਉਸ ਨੇ ਕਾਲਿਕਾ (ਅਕਾਲ ਪੁਰਖ ਦੀ ਸ਼ਕਤੀ) ਨੂੰ ਮਨ ਵਿਚ ਧਿਆਇਆ। ਹਿੰਦੂ ਮਿਥਿਹਾਸ ਵਿਚ ਦੁਰਗਾ ਨੂੰ ਸ਼ਿਵ ਦੀ ਸ਼ਕਤੀ ਮੰਨਿਆ ਗਿਆ ਹੈ ਪਰ ਇਥੇ ਚੰਡੀ ਦੀ ਵਾਰ ਵਿਚ ਉਹ ਅਕਾਲ ਪੁਰਖ ਦੀ ਸ਼ਕਤੀ ਦੀ ਮਨ ਵਿਚ ਅਰਾਧਨਾ ਕਰ ਰਹੀ ਹੈ। ਉਹ ਅਕਾਲ ਪੁਰਖ ਤੋਂ ਸ਼ਕਤੀ ਮੰਗ ਰਹੀ ਹੈ। ਆਪਣੇ ਸਿਰ ਦੀ ਬਾਜੀ ਲਾ ਕੇ ਅਤੇ ਫ਼ਤਿਹ ਦਾ ਇਰਾਦਾ ਬਣਾ ਕੇ ਇਸ ਤਰ੍ਹਾਂ ਨਿਕਲੀ ਜਿਵੇਂ ਮ੍ਰਿੜ ਸ਼ਿਵਜੀ ਵਿਚੋਂ ਪਰਗਟ ਹੋ ਕੇ ਆਇਆ ਸੀ, ਜਿਵੇਂ ਤਿੰਨਾਂ ਲੋਕਾਂ ਵਿਚੋਂ ਸ਼ਿਵਜੀ ਗਰਜ ਕੇ ਚੜ੍ਹਿਆ ਹੋਵੇ, ਜਿਵੇਂ ਵਿਸ਼ਨੂੰ ਆਪਣੀ ਖਾਸ ਤਲਵਾਰ ਨੰਦਕ ਲੈ ਕੇ ਆਇਆ ਹੋਵੇ। ਅਗੋਂ ਰਾਖਸ਼ ਵੀ ਗੁੱਸੇ ਨਾਲ ਭਰੇ ਹੋਏ ਟੁੱਟ ਕੇ ਪੈ ਗਏ। ਦੁਰਗਾ ਨੇ ਬਹੁਤ ਸਾਰੇ ਦੈਂਤ ਖਤਮ ਕੀਤੇ ਉਹਨਾਂ ਨੂੰ ਕੇਸਾਂ ਤੋਂ ਫੜ ਫੜ ਸੁਟਿਆ ਅਤੇ ਚੁਣ ਚੁਣ ਕੇ ਚੋਟੀ ਦੇ ਸੂਰਮੇ ਦੁਰਗਾ ਨੇ ਮਾਰੇ। ਇਸ ਮੂੰਹ ਜੋਰ ਲੜਾਈ ਵਿਚ ਕਾਲਿਕਾ ਦੀਆਂ ਯੋਗਣ ਸਾਥਣਾਂ ਇਲ੍ਹਾਂ, ਕਾਵਾਂ ਤੇ ਗਿਰਝਾਂ ਦੇ ਰੂਪ ਵਿਚ ਇਕੱਠੀਆਂ ਹੋਕੇ ਲਹੂ ਪੀਣ ਵਾਸਤੇ ਆਈਆਂ। ਪੁਰਾਣਾਂ ਅਨੁਸਾਰ ਅੱਠ ਵਿਸ਼ੇਸ਼ ਦੇਵੀਆਂ ਨੂੰ ਹੀ ਯੋਗਨੀਆਂ ਕਿਹਾ ਜਾਂਦਾ ਹੈ ਸ਼ੈਲਪੁਤਰੀ, ਚੰਦ੍ਰਘੰਟਾ, ਸਕੰਦਮਾਤਾ, ਕਾਲਰਾਤਰੀ, ਚਡਿੰਕਾ, ਕੂਸ਼ਭਾਂਡੀ, ਕਾਤਯਾਯਨੀ ਅਤੇ ਮਹਾਂਗੌਰੀ। ਭਗੌੜੇ ਰਾਖਸ਼ਾਂ ਨੇ ਸੁੰਭ ਰਾਜੇ ਨੂੰ ਦਸਿਆ ਕਿ ਯੋਗਣੀਆਂ(ਕਾਲੀ ਦੀਆਂ ਸਾਥਣਾਂ) ਨੇ ਰੱਤ ਦੀਆਂ ਬੂੰਦਾਂ ਧਰਤੀ ਤੇ ਡਿਗਣ ਹੀ ਨਹੀਂ ਦਿਤੀਆਂ। ਇਸ ਤਰਾਂ ਕਾਲੀ ਦੇਵੀ ਨੇ ਸ੍ਰੋਣਤਬੀਜ ਤੋਂ ਪੈਦਾ ਹੋਏ ਸਾਰੇ ਦੈਂਤ ਮਾਰ ਮੁਕਾਏ। ਮਹੱਤਵਪੂਰਨ ਗੱਲ ਇਹ ਹੈ ਕਿ ਜੇ ਦੁਰਗਾ ਆਪਣੀਆਂ ਸਾਥਣਾਂ ਜੋਗਣੀਆਂ ਨੂੰ ਸਹਾਇਤਾ ਲਈ ਨਾ ਬੁਲਾਉਂਦੀ ਤਾਂ ਉਹ ਸ੍ਰੋਣਤਬੀਜ ਦੀ ਰੱਤ ਦੀਆਂ ਬੂੰਦਾਂ ਤੋਂ ਪੈਦਾ ਹੋਏ ਦੈਂਤਾਂ ਨੂੰ ਖਤਮ ਨਹੀਂ ਸੀ ਕਰ ਸਕਦੀ। ਪਰ ਯੋਗਣੀਆਂ ਨੇ ਉਸ ਦੀ ਕੋਈ ਬੂੰਦ ਨੀਚੇ ਨਾ ਡਿਗਣ ਦਿੱਤੀ ਜਿਸ ਤੋਂ ਹੋਰ ਦੈਂਤ ਪੈਦਾ ਹੋ ਸਕਣ।  

 ਸ੍ਰੋਣਤਬੀਜ ਦੀ ਕਹਾਣੀ ਸੁਣ ਕੇ ਗੱਪਾਂ ਮਾਰਨ ਵਾਲੇ ਕਈ ਯੋਧੇ ਦੈਂਤ ਉਠ ਖੜ੍ਹੇ ਕਿ ਉਹ ਗੱਜ ਵੱਜ ਕੇ ਯੁੱਧ ਕਰਨ ਜਾਣਗੇ। ਧਰਤੀ ਨੂੰ ਹਿਲਾਉਂਦੇ ਸੂਰਮਿਆਂ ਦੇ ਦਲ ਨਿਕਲ ਤੁਰੇ। ਸੂਰਮੇ ਦੁਰਗਸ਼ਾਹ ਵਲ ਵਧ ਰਹੇ ਸੀ ਜਿਵੇਂ ਹਾਜੀ(ਮੁਸਲਮਾਨ ਯਾਤਰੀ ) ਮੱਕੇ (ਮੁਸਲਮਾਨਾਂ ਦਾ ਅਰਬ ਵਿਚ ਪਵਿੱਤਰ ਤੀਰਥ ਸਥਾਨ) ਵਲ ਜਾ ਰਹੇ ਹੋਣ। ਇਥੇ ਚੰਡੀ ਦੀ ਵਾਰ ਵਿਚ ਸਮਕਾਲੀਨ ਸੰਦਰਭ ਸਿਰਜਿਆ ਜਾ ਰਿਹਾ ਹੈ। ਹਿੰਦੁਸਤਾਨ ਤੇ ਮੁਗਲਾਂ ਦਾ ਰਾਜ ਸੀ ਅਤੇ ਮੱਕਾ ਮੁਸਲਮਾਨਾਂ ਦਾ ਤੀਰਥ ਅਸਥਾਨ ਹੈ। ਮਦਰੱਸਾ ਵੀ ਮੁਸਲਮਾਨੀ ਸਿੱਖਿਆ ਪ੍ਰਬੰਧ ਨਾਲ ਸਬੰਧਿਤ ਹੈ ਅਤੇ ਨਮਾਜ ਵੀ ਮੁਸਲਮਾਨੀ ਇਬਾਦਤ ਕਰਨ ਦਾ ਢੰਗ-ਤਰੀਕਾ ਹੈ। ਇਨ੍ਹਾਂ ਦੇ ਹਵਾਲੇ ਰਾਹੀਂ ਸਮਕਾਲੀਨ ਰਾਜਨੀਤਕ ਅਤੇ ਸਭਿਆਚਾਰਕ ਚੇਤੰਨਤਾ ਜਗਾਉਣ ਵੱਲ ਇਸ਼ਾਰਾ ਹੈ। ਘਾਇਲ ਹੋ ਕੇ ਸੂਰਮੇ ਇਸ ਤਰ੍ਹਾਂ ਘੁੰਮ ਰਹੇ ਸੀ ਜਿਵੇਂ ਮਦਰੱਸੇ (ਸਕੂਲ) ਵਿਚ ਕਾਜ਼ੀ (ਉਸਤਾਦ) ਫਿਰ ਰਹੇ ਹੋਣ। ਬਰਛੀਆਂ ਵਿਚ ਵਿੰਨ੍ਹੇ ਹੋਏ ਸੂਰਮੇ ਇਉਂ ਲਗ ਰਹੇ ਸੀ ਜਿਵੇਂ ਨਮਾਜ਼ੀ ਨਮਾਜ਼ ਪੜ੍ਹਨ ਲਈ ਝੁਕ ਰਹੇ ਹੋਣ।

 ਕਈ ਦੇਵੀ ਨੂੰ ਇਉਂ ਤਾੜ ਰਹੇ ਸੀ ਜਿਵੇਂ ਘੋੜੇ ਨੂੰ ਖਿੱਝ ਕੇ ਤੱਕੀ ਦਾ ਹੈ ਕਈ ਭੁੱਖਿਆਂ ਵਾਂਗ ਇਕ ਦੂਜੇ ਤੇ ਪੈ ਰਹੇ ਸੀ। ਦੇਵਤਿਆਂ ਤੇ ਦਾਨਵਾਂ ਦੀਆਂ ਟੋਲੀਆਂ ਨੇਜਿਆਂ, ਬਰਛੀਆਂ, ਤੀਰਾਂ ਅਤੇ ਤਲਵਾਰਾਂ ਨਾਲ ਆਹਮੋ ਸਾਹਮਣੇ ਭਿੜ ਰਹੀਆਂ ਸਨ। ਰਣਖੇਤ੍ਰ ਵਿਚ ਸਰੀਰਾਂ ਨਾਲੋਂ ਲੱਤਾਂ ਬਾਹਾਂ ਇਸ ਤਰ੍ਹਾਂ ਲਾਹ ਲਾਹ ਸੁਟੀਆਂ ਹੋਈਆਂ ਸਨ ਜਿਵੇਂ ਤਰਖਾਣ ਨੇ ਦ੍ਰਖਤਾਂ ਨੂੰ ਮੋਛੇ ਪਾ ਪਾ ਗੇਲੀਆਂ ਵੱਢ ਕੇ ਸੁੱਟੀਆਂ ਹੋਣ। ਦੁਰਗਾ ਨੇ ਚੰਗੇ ਚੰਗੇ ਲੜਾਕਿਆਂ ਨੂੰ ਚੁਣ ਚੁਣ ਤੀਰ ਮਾਰੇ। ਰੋਹ ਵਿਚ ਆਈ ਕਾਲਿਕਾ ਖੱਬੇ ਹੱਥ ਤਲਵਾਰ ਲੈਕੇ ਵਾਹ ਰਹੀ ਸੀ। ਪੈਦਲ ਸੈਨਾ ਨੂੰ ਹਾਥੀ ਪੈਰਾਂ ਹੇਠ ਦਰੜ ਕੇ ਮਾਰ ਰਹੇ ਸੀ। ਰਥਾਂ ਵਿਚ ਡਿੱਗੇ ਹੋਏ ਸਵਾਰ ਵੀ ਇਸੇ ਤਰ੍ਹਾਂ ਮਿੱਧੇ ਜਾ ਰਹੇ ਸਨ। ਸੰਜੋਆਂ ਨੂੰ ਵਿੰਨ੍ਹ ਕੇ ਪਾਰ ਲੰਘੇ ਤੀਰਾਂ ਦੀਆਂ ਥਾਗੜਾਂ ਖ਼ੂਨ ਨਾਲ ਭਰੀਆਂ ਹੋਈਆਂ ਸੋਂਹਦੀਆਂ ਸਨ ਜਿਵੇਂ ਅਨਾਰਾਂ ਨੂੰ ਫੁੱਲ ਲਗੇ ਹੋਣ। ਕਾਲਿਕਾ ਇਕਲੀ ਹੀ ਸਾਰੇ ਵੈਰੀਆਂ ਨੂੰ ਜਿੱਤ ਰਹੀ ਸੀ। ਚੰਡੀ ਦੀ ਵਾਰ ਵਿਚ ਮਨੁੱਖ ਦੇ ਧੁਰ ਅੰਦਰ ਸਤਿ ਦੀ ਪਹੁੰਚ ਕਰਾਉਣ ਲਈ ਅਨੇਕਾਂ ਪ੍ਰਤੀਕਾਂ ਅਤੇ ਦ੍ਰਿਸ਼ਟਾਂਤਾਂ ਦੀ ਵਰਤੋਂ ਕੀਤੀ ਹੋਈ ਹੈ। ਇਥੇ ਸਵਾ ਲੱਖ ਨਾਲ ਇੱਕ ਲੜਾਉਣ ਦਾ ਆਸ਼ਾ ਵੀ ਕਾਲਿਕਾ ਦੇ ਪ੍ਰਤੀਕ ਰਾਹੀਂ ਪਰਗਟ ਹੋ ਰਿਹਾ ਹੈ।

 ਫੌਜਾਂ ਧਾ ਕੇ ਜੋਸ਼ ਨਾਲ ਅਗੇ ਆਈਆਂ। ਨਿਸੁੰਭ ਨੇ ਆਪਣੇ ਘੋੜੇ ਨੂੰ ਨਚਾਇਆ ਜਿਸ ਉਤੇ ਤਾਰਾਂ ਦਾ ਝੁੱਲ ਪਾਇਆ ਹੋਇਆ ਸੀ। ਉਸ ਨੇ ਉਚੇਚੀ ਸਿੰਗਾਂ ਦੇ ਟੋਟੇ ਜੋੜ ਕੇ, ਸਾਈ ਦੇ ਕੇ ਬਣਵਾਈ ਹੋਈ ਕਮਾਣ ਮੰਗਵਾਈ ਅਤੇ ਆਪਣੇ ਸਾਥੀਆਂ ਸਮੇਤ ਕਾਲਿਕਾ ਦੇ ਸਾਹਮਣੇ ਆਇਆ। ਅਗੋਂ ਦੁਰਗਸ਼ਾਹ ਨੇ ਤੇਗ ਵਾਹੀ ਜਿਹੜੀ ਨਿਸੁੰਭ ਨੂੰ ਵੱਢ ਕੇ ਘੋੜੇ ਦੇ ਪਲਾਣ ਤੱਕ ਪਹੁੰਚ ਗਈ। ਤਲਵਾਰ ਏਨੇ ਜ਼ੋਰ ਨਾ ਵਾਹੀ ਕਿ ਘੋੜੇ ਨੂੰ ਵੱਢਦੀ ਹੋਈ ਧਰਤੀ ਨਾਲ ਜਾ ਟਕਰਾਈ। ਸੂਰਬੀਰ ਨਿਸੁੰਭ ਧਰਤੀ ਤੇ ਇਸ ਤਰ੍ਹਾਂ ਡਿਗਿਆ ਜਿਵੇਂ ਆਪਣੇ ਭਰਾ ਨੂੰ ਸਿਜਦਾ ਕਰ ਰਹਾ ਹੋਵੇ। ਇਸ ਤੋਂ ਪਿਛੋਂ ਸੁੰਭ ਯੁੱਧ ਕਰਨ ਲਈ ਤਿਆਰ ਹੋ ਗਿਆ। ਨਗਾਰੇ ਧਾਈ ਧਾਈ ਕਰਕੇ ਜਿਵੇਂ ਅਗੇ ਵਧਣ ਲਈ ਹੱਲਾ ਸ਼ੇਰੀ ਦੇ ਰਹੇ ਹੋਣ। ਸੂਰਮੇ ਇਕੱਠੇ ਹੋ ਕੇ ਤੇਗਾਂ, ਬਰਛੀਆਂ ਲੈਕੇ ਅਗੇ ਵਧੇ। ਕਾਲਿਕਾ ਨੇ ਆਪਣੀ ਬਰਛੀ ਨਾਲ ਅਨੇਕਾ ਦਾਨਵਾਂ ਨੂੰ ਮਾਰ ਮੁਕਾਇਆ। ਬਰਛੀਆਂ ਵਿਚ ਪਰੋਏ ਸੂਰਮੇ ਇਸ ਤਰ੍ਹਾਂ ਲਗ ਰਹੇ ਸੀ ਜਿਵੇਂ ਹਲਵਾਈ ਸੀਖ ਨਾਲ ਵਿੰਨ੍ਹ ਵਿੰਨ੍ਹ ਕੇ ਫੜੇ ਤਲ ਰਿਹਾ ਹੋਵੇ। ਸੀਖ ਨਾਲ ਵਿਨ੍ਹ ਕੇ ਵੜੇ ਤਲਨ ਦਾ ਦ੍ਰਿਸ਼ਟਾਂਤ ਇੱਕ ਰੌਚਿਕਤਾ ਪੈਦਾ ਕਰਦਾ ਹੈ। ਅਹਿੰਸਾਂ ਦੇ ਸਿਧਾਂਤ ਤੇ ਜਿਊਣ ਵਾਲੀ ਹਿੰਦੁਸਤਾਨੀ ਜਨਤਾ ਸਦੀਆਂ ਤੱਕ ਬਾਹਰੋਂ ਆਏ ਹਮਲਾਵਾਰਾਂ ਅੱਗੇ ਗੋਡੇ ਟੇਕਦੀ ਰਹੀ ਅਤੇ ਜੁਲਮ ਸਹਿੰਦੀ ਰਹੀ। ਅਜਿਹੀ ਅਹਿੰਸ਼ਾਂ ਦੇ ਸਿਧਾਂਤ ਨਾਲ ਸਥਿਲ ਹੋ ਚੁੱਕੀ ਮਾਨਸਿਕਤਾ ਨੂੰ ਯੁੱਧ ਲਈ ਤਿਆਰ ਕਰਨ ਲਈ ਜੋ ਧਰਮਹੇਤ ਕੀਤਾ ਜਾਣਾ ਸੀ, ਮਨਾਂ ਵਿਚ ਸਹਿਜ ਪੈਦਾ ਕਰਨਾ ਬਹੁਤ ਜ਼ਰੂਰੀ ਸੀ। ਨਗਾਰੇ ਤੇ ਡੱਗਾ ਵੱਜਣ ਤੇ ਲੜਾਈ ਭੜਕ ਉਠੀ। ਦੁਰਗਾ ਨੇ ਆਪਣੀ ਅੱਗ ਵਾਂਗ ਚਮਕਦੀ ਭਗਉਤੀ(ਸ੍ਰੀ ਸਾਹਿਬ) ਹੱਥ ਵਿਚ ਫੜੀ ਅਤੇ ਸੁੰਭ ਨਾਲ ਇਸ ਤਰ੍ਹਾਂ ਲਾਈ ਜਿਵੇਂ ਤਲਵਾਰ ਖੂਨ ਦੀ ਪਿਆਸੀ ਹੋਵੇ। ਸੁੰਭ ਘੋੜੇ ਦੇ ਪਲਾਣ ਤੋਂ ਡਿਗ ਪਿਆ ਅਤੇ ਦੋਧਾਂਰੀ ਬਰਛੀ ਖੁਨ ਨਾਲ ਭਿੱਜੀ ਉਸ ਦੇ ਸਰੀਰ ਵਿਚੋਂ ਜਦੋਂ ਬਾਹਰ ਨਿਕਲੀ ਤਾਂ ਇਉਂ ਲਗ ਰਹੀ ਸੀ ਜਿਵੇਂ ਰਾਜਕੁਮਾਰੀ ਸੂਹੇ ਰੰਗ ਦੀ ਸਾੜ੍ਹੀ ਪਹਿਨ ਕੇ ਮਹਿਲਾਂ ਤੋਂ ਉਤਰੀ ਹੋਵੇ। ਲਹੂ ਭਿੱਜੀ ਬਰਛੀ ਦੀ, ਸੂਹਾ ਵੇਸ ਪਹਿਨੀ ਮਹਿਲਾਂ ਤੋਂ ਉਤਰੀ ਰਾਜਕੁਮਾਰੀ ਨਾਲ ਤੁਲਣਾ ਕਰਨਾ, ਮਨ ਵਿਚ ਅਲੱਗ ਕਿਸ਼ਮ ਦਾ ਚਾਅ ਅਤੇ ਉਤਸ਼ਾਹ ਪੈਦਾ ਕਰਦਾ ਹੈ। ਇਸ ਨਾਲ ਯੁੱਧ ਭਿਆਨਕ ਲੱਗਣ ਨਾਲੋਂ ਇਕ ਸਹਿਜ-ਕਰਮ ਜਾਪਦਾ ਹੈ। ਦੇਵੀ ਅਤੇ ਦੈਂਤਾਂ ਦਾ ਖੂਬ ਯੁੱਧ ਹੋਇਆ। ਸੁੰਭ ਅਤੇ ਨਿਸੁੰਭ ਦੋਵੇਂ, ਜੋ ਦੈਂਤਾਂ ਦੀ ਕੀਮਤੀ ਪੂੰਜੀ ਸਨ, ਰਣਖੇਤ੍ਰ ਵਿਚ ਮਾਰੇ ਗਏ। ਇਹਨਾਂ ਨੂੰ ਮੋਏ ਦੇਖ ਕੇ ਰਾਖਸ਼ਾਂ ਦੀਆਂ ਬਚੀਆਂ ਫੌਜਾਂ ਧਾਹਾਂ ਮਾਰ ਮਾਰ ਰੋ ਰਹੀਆਂ ਸਨ। ਘੋੜਿਆਂ ਦੇ ਮੂੰਹਾਂ ਵਿਚ ਘਾਹ ਲਏ ਹੋਏ, ਉਹਨਾਂ ਨੂੰ ਚਰਦੇ ਛੱਡ ਕੇ ਰਾਖਸ਼ ਦੋੜ ਗਏ। ਸੁੰਭ ਅਤੇ ਨਿਸੁੰਭ ਨੂੰ ਜਮਪੁਰੀ ਭੇਜ ਕੇ ਦੁਰਗਾ ਨੇ ਇੰਦ੍ਰ ਦੇਵਤੇ ਨੂੰ ਸੱਦਿਆ ਅਤੇ ਰਾਜਗੱਦੀ ਤੇ ਬਿਠਾ ਕੇ ਤਿਲਕ ਦਿਤਾ। ਦੁਰਗਾ ਨੇ ਯੁੱਧ ਕੋਈ ਆਪਣਾ ਰਾਜ-ਭਾਗ ਕਾਇਮ ਕਰਨ ਲਈ ਨਹੀਂ ਕੀਤਾ ਸਗੋਂ ਧਰਮ ਦੀ ਸਥਾਪਤੀ ਲਈ ਕੀਤਾ। ਦੁਰਗਾ ਦਾ ਜੱਸ ਚੌਦਾਂ ਤਬਕਾਂ ਭਾਵ ਸਾਰੇ ਸੰਸਾਰ ਉਤੇ ਫੈਲ ਗਿਆ।

 ਇਸ ਤਰ੍ਹਾਂ ਮਾਰਕੰਡੇ ਪੁਰਾਣ ਦੀ ਇਸ ਚੰਡੀ ਦੀ ਵਾਰ ਦਾ ਪੁਨਰ ਕਥਨ ਕੀਤਾ ਹੈ। ਇਸ ਵਿਚ ਦਸਿਆ ਹੈ ਕਿ ਨੇਕੀ ਅਤੇ ਬਦੀ ਵਿਚ ਹਮੇਸ਼ਾ ਜਦੋ ਜਹਿਦ ਹੁੰਦੀ ਹੈ। ਇਹ ਜਦੋ ਜਹਿਦ ਉਦੋਂ ਤਕ ਕਾਇਮ ਰਹਿੰਦੀ ਹੈ ਜਦੋਂ ਤਕ ਨੇਕੀ ਜਿੱਤ ਨਹੀਂ ਜਾਂਦੀ। ਜਿੱਤ ਹਮੇਸ਼ਾ ਸੱਚ ਦੀ ਅਤੇ ਨੇਕੀ ਦੀ ਹੁੰਦੀ ਹੈ ਭਾਵੇਂ ਕਈ ਵਾਰੀ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਬਦੀ ਨੇਕੀ ਤੇ ਭਾਰੂ ਹੋ ਗਈ ਹੋਵੇ। ਦ੍ਰਿੜ ਇਰਾਦੇ ਅਤੇ ਹੌਂਸਲੇ ਨਾਲ ਬਦੀ ਤੇ ਜਿੱਤ ਪਾਈ ਜਾ ਸਕਦੀ ਹੈ। ਬਦੀ ਨੂੰ ਰੋਕਣਾ ਅਤੇ ਉਸਦਾ ਮੁਕਾਬਲਾ ਕਰਨਾ ਜਰੂਰੀ ਹੈ ਨਹੀਂ ਤਾਂ ਬਦੀ ਤੁਹਾਨੂੰ ਆਪਣੇ ਘਰ ਵਿਚ ਵੀ ਚੈਨ ਨਾਲ ਰਹਿਣ ਦੀ ਆਗਿਆ ਨਹੀਂ ਦੇਵੇਗੀ। ਬਦੀ ਬਹੁ-ਗਿਣਤੀ ਵਿਚ ਹੋ ਕੇ ਵੀ ਨੇਕੀ ਸਾਹਮਣੇ ਆਖਰ ਨੂੰ ਹਾਰ ਜਾਂਦੀ ਹੈ। ਧਰਮ ਅਤੇ ਨਿਆਂ ਦੀ ਸਥਾਪਤੀ ਲਈ ਯੁੱਧ ਵੀ ਕਰਨਾ ਪਵੇ ਤਾਂ ਉਸ ਵਿਚ ਕੋਈ ਬੁਰਾਈ ਨਹੀਂ। ਸਾਰੀ ਵਾਰ ਵਿਚ ਤਿੰਨ ਪ੍ਰਮੁੱਖ ਧਿਰਾਂ ਹਨ-ਦੇਵਤੇ-ਅਧਿਆਤਮਕਤਾ ਅਤੇ ਨੇਕੀ ਦੇ ਪ੍ਰਤੀਕ, ਦਾਨਵ ਬਦੀ ਦੇ ਪ੍ਰਤੀਕ ਅਤੇ ਦੁਰਗਾ ਸ਼ਕਤੀ ਦੀ ਪ੍ਰਤੀਕ। ਦੇਵਤੇ ਅਤੇ ਦਾਨਵ ਇਕ ਦੂਸਰੇ ਦੇ ਵਿਰੋਧੀ ਹਨ। ਹੰਕਾਰ ਅਧਿਆਤਮਕਤਾ ਦਾ ਵਿਪਰੀਤ ਅਤੇ ਗਿਰਾਵਟ ਦਾ ਕਾਰਨ ਬਣਦਾ ਹੈ। ਧਾਰਮਿਕ ਹਉਮੈਂ ਸਭ ਤੋਂ ਵਧ ਖਤਰਨਾਕ ਹੁੰਦੀ ਹੈ। ਧਾਰਮਿਕ ਕਹੇ ਜਾਣ ਵਾਲੇ ਵਿਅਕਤੀ ਨੂੰ ਜਦੋਂ ਆਪਣੀ ਧਾਰਮਿਕਤਾ ਦਾ ਹੰਕਾਰ ਹੋ ਜਾਂਦਾ ਹੈ ਤਾਂ ਉਹ ਦੂਸਰਿਆਂ ਨੂੰ ਆਪਣੇ ਤੋਂ ਛੋਟੇ ਸਮਝਣ ਲੱਗ ਪੈਂਦਾ ਹੈ। ਇਸੇ ਵਿਚੋਂ ਬੁਰਾਈ ਪੈਦਾ ਹੁੰਦੀ ਹੈ। ਦਾਨਵ ਤਾਂ ਹਨ ਹੀ ਹੰਕਾਰ ਜਾਣੀ ਵਿਨਾਸ਼ਕਾਰੀ ਸ਼ਕਤੀਆਂ ਦੇ ਪ੍ਰਤਿਨਿਧ। ਇਸ ਲਈ ਉਹਨਾਂ ਦੀ ਅਧਿਆਤਮਕਤਾ ਨਾਲ ਸਦੀਵੀ ਟੱਕਰ ਹੈ। ਨਿਰੀ ਅਧਿਆਤਮਕਤਾ ਸੰਪੂਰਨ ਸ਼ਖਸੀਅਤ ਨਹੀਂ ਹੈ ਜੇ ਇਸ ਵਿਚ ਬਲ ਨਹੀਂ ਹੈ। ਭਗਤੀ ਸ਼ਕਤੀ ਨਾਲ ਮਿਲ ਕੇ ਹੀ ਕੋਈ ਸ਼ਾਰਥਕ ਸਿੱਟੇ ਕੱਢ ਸਕਦੀ ਹੈ। ਮਾਨਵ-ਮਾਨਸਿਕਤਾ ਦਾ ਸੰਤੁਲਿਤ ਹੋਣਾ ਦੋਵਾਂ ਨੂੰ ਇਕ ਦੂਸਰੇ ਦੇ ਪੂਰਕ ਹੋਣ ਦੀ ਮੰਗ ਕਰ ਸਕਦਾ ਹੈ। ਇਸਤ੍ਰੀ ਜਿਸ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ ਸ਼ਕਤੀ ਦੀ ਅਸਲੀ ਪ੍ਰਤੀਕ ਹੈ। ਜਦੋਂ ਸ਼ਕਤੀ ਅਤੇ ਭਗਤੀ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਵਿਚੋਂ ਇਕ ਬਲਵਾਨ ਮਾਨਸਿਕਤਾ ਪੈਦਾ ਹੁੰਦੀ ਹੈ ਜੋ ਇਕੱਲੀ ਹੀ ਬਹੁਗਿਣਤੀ ਤੇ ਭਾਰੂ ਹੋ ਜਾਂਦੀ ਹੈ ਕਿਉਂਕਿ ਉਸ ਵਿਚ ਸ਼ਕਤੀ ਦੇ ਨਾਲ ਨਾਲ ਇੱਕ ਸੇਧ ਅਤੇ ਆਤਮਿਕ ਬੱਲ ਵੀ ਹੁੰਦਾ ਹੈ। ਕਾਵਾਂ ਅਤੇ ਗਿਰਝਾਂ ਦਾ ਪੰਛੀਆਂ ਵਿਚ ਸਭ ਤੋਂ ਨੀਵਾਂ ਦਰਜਾ ਮੰਨਿਆ ਜਾਂਦਾ ਹੈ। ਉਸੇ ਤਰ੍ਹਾਂ ਜਿਵੇਂ ਹਿੰਦੂ ਪ੍ਰਮਪਰਾ ਵਿਚ ਚੰਡਾਲ ਅਤੇ ਸ਼ੂਦਰ ਦਾ ਇਨ੍ਹਾਂ ਦੇ ਕੰਮ ਕਾਰਨ। ਕਲਜੋਗਣਾ ਕਾਵਾਂ ਅਤੇ ਗਿਰਝਾਂ ਦੇ ਰੂਪ ਵਿਚ ਬਦੀ ਨੂੰ ਖਤਮ ਕਰਨ ਲਈ ਸ਼ਕਤੀ ਦੀਆਂ ਸਹਾਇਕ ਸਿੱਧ ਹੁੰਦੀਆਂ ਹਨ। ਉਹ ਦੁਰਗਾ ਦੀਆਂ ਸਾਥਣਾਂ ਹਨ। ਸਮਾਜ ਦਾ ਕੋਈ ਵੀ ਅੰਗ ਨੀਵਾਂ ਜਾਂ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਸਾਰੇ ਮਨੁੱਖ ਅਧਿਆਤਮਕ ਰਸਤੇ ਤੇ ਚਲਣ ਲਈ ਇਕੋ ਜਿਹੇ ਹੱਕਦਾਰ ਹਨ ਅਤੇ ਦੂਸਰਿਆਂ ਦੇ ਬਰਾਬਰ ਹਨ।
ਹਵਾਲੇ :
1.  ਜੌਨ ਡੌਸਨ, ਹਿੰਦੂ ਮਿਥਿਹਾਸ ਕੋਸ਼, (ਅਨੁਵਾਦਕ ਰਾਜਿੰਦਰ ਸਿੰਘ ਸ਼ਾਸਤ੍ਰੀ, ਭਾਸ਼ਾ ਵਿਭਾਗ, ਪੰਜਾਬ(ਦੂਜੀ ਵਾਰ 1973) ਪੰਨਾ 297.
2.  ਕਰਤਾਰ ਸਿੰਘ ਐਮ.ਏ. (ਪ੍ਰੋਫੈਸਰ). ਸਿੱਖ ਇਤਿਹਾਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ, ਪੰਨਾ 356.
3.  ਉਹੀ ਪੰਨਾ 389. 
4.  ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪੰਨਾ 146. 
5.  ਰਾਣਾ ਪ੍ਰਸ਼ਾਦ ਸ਼ਰਮਾ, ਪੌਰਾਣਿਕ ਕੋਸ਼ (ਹਿੰਦੀ) ਵਾਰਾਨਸੀ ਗਿਆਨ ਮੰਡਲ ਲਿਮਟਿਡ, ਪੰਨਾ 439.

ਦੇਹਿ ਸਿਵਾ ਬਰ ਮੋਹਿ… - ਅਮਰਜੀਤ ਸਿੰਘ ਖੋਸਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹੇਠਾਂ ਲਿਖੇ ਮਹਾਂਵਾਕਾਂ ਦਾ, ਅਤੇ ਭਾਈ ਗੁਰਦਾਸ ਜੀ ਵੱਲੋਂ ਆਪਣੀਆਂ ਵਾਰਾਂ ਅਤੇ ਕਬਿੱਤ ਸਵੈਯਾਂ ਵਿਚ ਇੰਨ੍ਹਾਂ ਦਾ ਸੁਵਿਸਥਾਰ ਨਾਲ ਖੁਲਾਸਾ ਕੀਤਾ ਹੋਇਆ ਮਿਲਦਾ ਹੈ।

ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ॥

ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ॥ ਪੰ:1013

ਚਾਰਿ ਪਦਾਰਥ ਲੈ ਜਗਿ ਆਇਆ॥ ਸਿਵ ਸਕਤੀ ਘਰਿ ਵਾਸਾ ਪਾਇਆ॥ ਪੰ:1026

ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ॥ ਆਨੰਦ ਸਾਹਿਬ

ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ॥ ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ॥ ਪੰ:1096

ਆਪਣਾ ਭਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਹੀਐ॥

ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ॥ ਪੰ:1257

ਗੁਰ ਪਰਸਾਦੀ ਸਿਵ ਘਰਿ ਜੰਮੈ ਵਿਚਹੁ ਸਕਤਿ ਗਵਾਇ॥

ਅਚੁਰ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ॥ ਪੰ:1276

ਸਿਵ ਸਕਤੀ ਦਾ ਖੇਲੁ ਮੇਲੁ ਪਰਕਿਰਤਿ ਪਸਾਰਾ॥ ਭਾਈ ਗੁਰਦਾਸ ਜੀ ਵਾਰ 2 ਪਉੜੀ 19/4

ਸਿਵ ਸਕਤੀ ਦਾ ਮੇਲੁ ਦੁਬਿਧਾ ਹੋਵਈ॥ ਭਾ: ਗੁ: ਵਾ:21 ਪ.6/1

ਸਿਵ ਸਕਤੀ ਦਾ ਰੂਪ ਕਰਿ ਸੂਰਜੁ ਚੰਦੁ ਚਰਾਗ ਬਲਾਇਆ॥ ਭਾ: ਗੁ. ਵਾਰ 37 ਪ:2/1

ਜੈਸੇ ਰਵਿ ਸਸਿ ਸਿਵ ਸਕਤ ਸੁਭਾਵ ਗਤਿ ਸੰਜੋਗੀ ਬਿਓਗੀ ਦ੍ਰਿਸਟਾਤੁ ਕੈ ਦਿਖਾਵਈ॥ ਕਬਿੱਤ134/4

ਚੰਦਨ ਸਮੀਪ ਜੈਸੇ ਬਾਸ ਔ ਬਨਾਸਪਤੀ ਗੰਧ ਨਿਰਗੰਧ ਸਿਵ ਸਕਤਿ ਕੈ ਜਾਨੀਐ॥ ਕ:465/2

ਤੈਸੇ ਆਤਮਾ ਅਚੇਤ ਸੰਗਤ ਸੁਭਾਵ ਹੇਤ ਸਕਿਤ ਸਕਿਤ ਗਤ ਸਿਵ ਸਿਵ ਸਾਜ ਹੈ॥ ਕ:598/4

ਤੈਸੇ ਆਤਮਾ ਤ੍ਰਿਗੁਨ ਤ੍ਰਿਬਿਧ ਸਕਲ ਸਿਵ ਸਾਧਸੰਗ ਭੇਟਤ ਹੀ ਸਾਧ ਕੋ ਅਭਿਯਾਸ ਹੈ॥ ਕ:625/4

ਸਿਵ, ਯਾਨੀ ਚੇਤਨ-ਪ੍ਰਭੂ,ਪ੍ਰਮਾਤਮਾਂ ਯਾ ਅਕਾਲ-ਪੁਰਖ, ਅਤੇ ਸਕਤੀ, ਯਾਨੀ ਜੜ੍ਹ,ਸ੍ਰਿਸ਼ਟੀ ਯਾ ਮਾਇਆ ਦਾ ਵਰਨਣ ਗੁਰਬਾਣੀ ਵਿਚ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿੱਤ ਸਵੈਯਾਂ ਵਿਚ ਬਹੁਤ ਜਗ੍ਹਾ ਪੜ੍ਹਨ ਨੂੰ ਮਿਲਦਾ ਹੈ।ਪ੍ਰਮਾਤਮਾਂ ਆਪਣੇ ਨਿਰਗੁਣ ਸਰੂਪ ਤੋਂ ਬਦਲ ਕੇ ਜੜ੍ਹ ਵਿਚ ਚੇਤਨਾ-ਪ੍ਰਕਾਸ਼, ਜਾਂ ਜਦ ਸਰਗੁਣ ਰੂਪ ਵਿਚ ਪ੍ਰਗਟ ਹੁੰਦਾ ਹੈ, ਤਾਂ ਇਹੀ ਮਾਇਆ ਦਾ ਪਸਾਰਾ ਯਾ ਪ੍ਰਕਿਰਤੀ ਅਖਵਾਉਂਦਾ ਹੈ।ਇਸ ਸਿਵ ਸਕਤੀ ਦੇ ਮੇਲ, ਸਿਵ ਦੇ ਅੱਗੇ ਸਕਤੀ ਦਾ ਹਾਰਨਾ, ਗੁਰੂ ਦੀ ਮਿਹਰ ਨਾਲ ਸਕਤੀ ਨੂੰ ਮਿਟਾ ਕੇ ਸਿਵ ਘਰ ਜੰਮਣਾ, ਗੁਰੂ ਦੀ ਕ੍ਰਿਪਾ ਨਾਲ ਉਸਦੇ ਭਾਣੇ ਨੂੰ ਸਮਝ ਕੇ ਸਕਤੀ ਨੂੰ ਸਿਵ ਘਰ ਲੈ ਆਉਣਾ ਹੀ ਮਨੁੱਖਾ ਜਨਮ ਦਾ ਮਨੋਰਥ ਹੈ।ਪ੍ਰਕਿਰਤੀ ਦੇ ਪਸਾਰੇ ਵਿਚ ਸਿਵ ਤੇ ਸਕਤੀ ਦਾ ਸੁਮੇਲ ਇਸ ਤਰ੍ਹਾਂ ਹੈ, ਜਿਵੇਂ ਸੂਰਜ ਤੇ ਚੰਦ੍ਰਮਾਂ, (ਜਿਵੇਂ ਸੂਰਜ ਦੀ ਰੌਸ਼ਨੀ ਨਾਲ ਚੰਦ੍ਰਮਾਂ ਚਮਕਦਾ ਦਿਖਾਈ ਦਿੰਦਾ ਹੈ)ਜਾਂ ਚੰਦਨ ਦੇ ਨਜ਼ਦੀਕ ਕੋਈ ਬੂਟਾ, ਜਿਸ ਵਿਚੋਂ ਚੰਦਨ ਦੀ ਖੁਸ਼ਬੂ ਆਉਂਦੀ ਹੈ, ਠੀਕ ਇਸੇ ਤਰ੍ਹਾਂ ਆਤਮਾਂ ਅਤੇ ਪ੍ਰਮਾਤਮਾਂ ਦਾ ਸੰਜੋਗ ਹੈ।

‘ਦਸਮ ਗ੍ਰੰਥ ਸਾਹਿਬ’ ਵਿਚ ਜਦੋਂ ਦਸਮੇਸ਼ ਜੀ:_ 

ਦੇਹਿ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥

ਨਾ ਡਰੋਂ ਅਰਿ ਸੋਂ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ॥

ਅਰੁ ਸਿਖਹੋਂ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋਂ॥

ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥

ਅਕਾਲ ਪੁਰਖ ਕੋਲੋਂ ਸ਼ੁਭ ਕਰਮ ਕਰਨ ਦਾ ਵਰ ਮੰਗਦੇ ਹਨ, ਤਾਂ ਗੁਰਮਤਿ ਤੋਂ ਸੱਖਣੀਆਂ ਕੁੱਝ ਰੂਹਾਂ ਨੂੰ ਇਹ ਪਤਾ ਨਹੀਂ ਕਿਸ ਵਜ੍ਹਾ ਕਰਕੇ ਮਹੇਸ਼ ਤੋਂ ਵਰ ਮੰਗਿਆ ਜਾ ਰਿਹਾ ਭਾਸਦਾ ਹੈ।ਕਿਸੇ ਪੁਨਰ ਸੰਜੋਗਵੱਸ ਸਿਵ ਦਾ ਨਾਮ ਸੁਨਣ ਸਾਰ ਪਾਰਬਤੀ ਦੇ ਘਰ ਵਾਲੇ ਨੂੰ ਜਾ ਚੰਬੜਦੇ ਹਨ।ਮੇਰੇ ਵਰਗਾ ਅਨਜਾਣ ਜੇ ਕਿਤੇ ‘ਗੁਰਮੁਖਿ ਸਿਵ ਘਰਿ ਜਾਈਐ’॥ (ਪੰ:1328) ਲਿਖ ਬੈਠੇ ਤਾਂ ਇੰਨ੍ਹਾਂ ਨੇ ਕਹਿ ਦੇਣਾ ਹੈ, ਕਿ ਦੇਖ ਲਵੋ ਜੀ! ਅੱਗੇ ਤਾਂ ਪਾਰਵਤੀ ਦੇ ਘਰ ਵਾਲੇ ਤੋਂ ਵਰ ਹੀ ਮੰਗਦੇ ਸੀ, ਪਰ ਹੁਣ ਤਾਂ ਗੁਰਸਿੱਖਾਂ ਨੂੰ ਉਨ੍ਹਾਂ ਦੇ (ਘਰ) ਮੰਦਰਾਂ ਵਿਚ ਭੀ ਲੈ ਵੜੇ ਹਨ।ਬਲਿਹਾਰੇ ਜਾਈਏ ਐਸੀ ਬੁੱਧੀ ਦੇ!!



ਅਗਰ ਦਸਮੇਸ਼ ਜੀ ਸ਼ਿਵ ਜੀ ਦੇ ਪੁਜਾਰੀ ਹੁੰਦੇ ਤਾਂ:_

ਕਾਹੇ ਕੋ ਏਸ ਮਹੇਸਹਿ ਭਾਖਤ ਕਾਹਿ ਦਿਜੇਸ ਕੋ ਏਸ ਬਖਾਨਯੋ॥

(ਕਿਸ ਕਰਕੇ ਸ਼ਿਵ ਜੀ ਨੂੰ ਜਾਂ ਬ੍ਰਹਮਾਂ ਨੂੰ ਪ੍ਰਮਾਤਮਾਂ ਮੰਨਦੇ ਹੋ? )

ਅਉਰ ਕਹਾਂ ਭਯੋ ਜਉ ਜਗਦੀਸ਼ ਬਿਨਾਂ ਸੁ ਗਨੇਸ਼ ਮਹੇਸ਼ ਮਨਾਯੋ॥

(ਕਿਹੜੀ ਗੱਲੋਂ ਪ੍ਰਮਾਤਮਾਂ ਤੋਂ ਬਿਨਾਂ ਗਨੇਸ਼ ਤੇ ਮਹੇਸ਼ ਨੂੰ ਧਿਆਉਂਦੇ ਹੋ? )

ਜਾਹਿ ਸਿਵਾਦਿਕ ਬ੍ਰਹਮ ਨਿਮਿਯੋ ਸੁ ਸਦਾ ਅਪੁਨੇ ਚਿਤ ਬੀਚ ਬਿਚਾਰਯੋ॥

(ਜਿਸਨੇ ਸਿਵ ਜੀ ਤੇ ਬ੍ਰਹਮਾ ਨੂੰ ਪੈਦਾ ਕੀਤਾ ਹੈ ਉਸਦਾ ਧਿਆਨ ਮਨ ਵਿਚ ਰੱਖੋ)

ਖੋਜ ਰਹੇ ਸ਼ਿਵ ਸੇ ਜਿਹ ਅੰਤ ਅਨੰਤ ਕਹਿਓ ਥਕਿ ਅੰਤ ਨ ਪਾਯੋ॥

(ਸ਼ਿਵ ਜੀ ਵਰਗੇ ਅਨੇਕਾਂ ਉਸਦਾ ਅੰਤ ਨਹੀਂ ਪਾ ਸਕੇ।ਥੱਕ ਕੇ ਉਸਨੂੰ ਅਨੰਤ ਕਹਿੰਦੇ ਹਨ)

ਕ੍ਰੋਧੀ ਹ੍ਵੈ ਰੁਦ੍ਰ ਗਰੇ ਰੁੰਡ ਮਾਲ ਕਉ ਡਾਰਿ ਕੈ ਬੈਠੇ ਹੈ ਡਿੰਭ ਜਨਾਈ॥

(ਸ਼ਿਵ ਜੀ ਕ੍ਰੋਧੀ ਹੋਕੇ ਸਿਰਾਂ ਦੀ ਮਾਲਾ ਗਲ ਵਿਚ ਪਾਕੇ ਪਾਖੰਡ ਕਰਨ ਲਈ ਬੈਠਾ ਹੈ)

ਇਸ ਤਰ੍ਹਾਂ ਲਿਖਦੇ? ਜਾਂ ਇਹ ਭੀ ਕਿਸੇ ਸ਼ਿਵ ਜੀ ਦੇ ਪੁਜਾਰੀ ਦੀ ਲਿਖਤ ਹੈ? ਇਸਤੋਂ ਸਪਸ਼ਟ ਦਿਖਾਈ ਦਿੰਦਾ ਹੈ, ਕਿ ਇੰਨ੍ਹਾਂ ਗੁਰਮਤਿ ਤੋਂ ਸੱਖਣੀਆਂ ਰੂਹਾਂ ਨੇ ਭੁੱਲ ਕੇ ਭੀ ਕਦੇ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜਾਂ ਵਾਰਾਂ ਭਾਈ ਗੁਰਦਾਸ ਜੀ ਦੇ ਦਰਸ਼ਨ ਨਹੀਂ ਕੀਤੇ; ਅਗਰ ਕੀਤੇ ਹੁੰਦੇ ਤਾਂ ਅੱਜ ਇੰਨ੍ਹਾਂ ਨੂੰ ਆਪਣਾ ਸਮਾਂ ਤੇ ਸਰਮਾਇਆ ਬਚਾ ਕੇ ਇਸ ਤਰ੍ਹਾਂ ਦੀ ਨਿਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ।

Saturday 25 February 2017

ਪਰ ਚਮਕੀਲਾ ਨਹੀਂ ਹਟਿਆ ਤੇ...

26 ਅਪ੍ਰੈਲ 1986 ਦਾ ਦਿਨ ਸੀ - ਐਸ਼ ਅਸ਼ੋਕ ਭੌਰਾ

ਜਿਵੇਂ ਲੱਤਾਂ ਤੋਂ ਬਿਨਾ ਕੋਈ ਘਿਸਰ ਕੇ ਤੁਰ ਰਿਹਾ ਹੋਵੇ , ਅਸੀਂ ਮਸਾਂ ਉਥੇ ਪਹੁੰਚੇ ਜਿਥੇ ਪੰਥਕ ਕਮੇਟੀ ਕੋਲ ਪੇਸ਼ੀ ਸੀ। ਚਮਕੀਲਾ ਅੱਗੇ ਹੱਥ ਜੋੜ ਫਤਹਿ ਬੁਲਾ ਕੇ ਬਹਿ ਗਿਆ ਤੇ ਅਸੀਂ ਪਿੱਛੇ। ਦੋ ਕੁ ਪਲ ਚੁੱਪ ਪਸਰੀ ਰਹੀ ਤੇ ਫਿਰ ਵੱਸਣ ਸਿੰਘ ਜਫਰਵਾਲ ਬੋਲ ਪਿਆ, " ਅੱਛਾ ਤੂੰ ਆ ਚਮਕੀਲਾ ! ਤੈਥੋਂ ਬੰਦਿਆ ਵਾਂਗ ਨੀ ਗਾ ਹੁੰਦਾ ? ਇਥੇ ਕਿਵੇਂ ਆਈਐ ? "

ਇਥੇ ਵਿਚਾਰਾ ਸ਼ਬਦ ਚਮਕੀਲੇ ਤੇ ਪੂਰਾ ਢੁਕਵਾਂ ਲੱਗ ਰਿਹਾ ਸੀ। ਉਹਦੀਆਂ ਲੱਤਾਂ ਦੀ ਕੰਬਣੀ ਮੈਂ ਮਹਿਸੂਸ ਕਰ ਰਿਹਾ ਸਾਂ ਤੇ ਅੰਦਰੋਂ ਮੈਨੂੰ ਵੀ ਇਹ ਲੱਗਣ ਲੱਗ ਪਿਆ ਸੀ ਕਿ ਬਚਾਉਣ ਤਾਂ ਇਹਨੂੰ ਆਏ ਸਾਂ ਪਰ ਰੋੜ੍ਹ ਅੱਜ ਸਾਰੇ ਦਿੱਤੇ ਜਾਣਗੇ। ਚਮਕੀਲਾ ਹੱਥ ਜੋੜ ਕੇ ਬਿਨਾ ਕੁਝ ਬੋਲਿਆ ਬੈਠਾ ਰਿਹਾ ਪਰ ਅਗਲੇ ਪਲ ਹਾਲਾਤ ਇਕ ਦਮ ਮੋੜ ਕੱਟ ਗਏ।  ਮਾਨੋਚਾਹਲ ਨੂੰ ਮੈਂ ਪਹਿਲੀ ਵਾਰ ਦੇਖ ਰਿਹਾ ਸਾਂ ਪਰ ਆਸ ਦੇ ਉਲਟ। ਉਹ ਮੈਨੂੰ ਨਰਮ ਤੇ ਦਿਆਲੂ ਲੱਗਣ ਲੱਗਾ ਜਦੋਂ ਉਸ ਨੇ ਅਗਲਾ ਸੁਆਲ ਕੀਤਾ, "ਤਲਵਾਰ ਮੈਂ ਕਲਗੀਧਰ ਦੀ ਹਾਂ " ਵਾਲਾ ਗੀਤ ਤੂੰ ਗਾਇਐ ? ਅਸੀਂ ਅਨੰਦਪੁਰ ਸੁਣਿਆ ਸੀ ਹੋਲੇ ਮਹੱਲੇ ਤੇ। ਹੋਰ ਅਸੀਂ ਤਾਂ ਕੁਝ ਨੀ ਆਪ ਸੁਣਿਆ ਤੇਰਾ। ...ਲੋਕ ਦੱਸਦੇ ਆ ਪਈ ਚੰਗਾ ਨੀ ਗਾ ਰਿਹਾ।  ਤਲਵਾਰ ਵਰਗੇ ਗੀਤ ਗਾ ਲਿਆ ਕਰ।

ਚਮਕੀਲੇ ਚ ਜਿਵੇਂ ਜਾਨ ਪੈ ਗਈ ਹੋਵੇ। ਬੋਲ ਢਿੱਡ ਚੋਂ ਮਸਾਂ ਨਿਕਲੇ ਜਦੋਂ ਉਸ ਨੇ ਆਪਣੀ ਕਾਪੀ ਬਾਬਾ ਮਾਨੋਚਾਹਲ ਅੱਗੇ ਕੀਤੀ, " ਜੀ ਆਹ ਵੇਖ ਲਵੋ, ਹੁਣ ਮੈਂ ਧਾਰਮਿਕ ਗੀਤ ਹੀ ਗਾਇਆ ਕਰਾਂਗਾ। "

-ਅਸੀਂ ਤਾਂ ਤੇਰੀ ਕਾਪੀ ਕੀ ਦੇਖਣੀ ਆ। ਤੂੰ ਗੀਤ ਗਾਉਣ ਤੋਂ ਪਹਿਲਾ ਆਪਣੀ ਭੈਣ ਨੂੰ ਵਿਖਾ ਲਿਆ ਕਰ। ਉਹੀ ਤੇਰਾ ਸੈਂਸਰ ਬੋਰਡ ਆ।

-ਹਾਂਜੀ ਠੀਕ ਆ। ਅੱਗਿਉਂ ਮੈਂ ਕੋਈ ਗਲਤੀ ਨਹੀਂ ਕਰਾਂਗਾ।

-ਪੱਕਾ ??

-ਜੀ ਬਿਲਕੁਲ।

ਉਹਨੇ ਸਲਿੱਪ ਤੇ ਕੁਝ ਲਿਖਿਆ ਤੇ ਉਹ ਹਰਜੀਤ ਦੇ ਹੱਥ ਕਰ ਕੇ ਕਿਹਾ, " ਜਾਉ ਫਿਰ ਸਿੰਘਾਂ ਨੂੰ ਫਿਰ ਸ਼ਿਕਾਇਤ ਨਹੀਂ ਆਉਣੀ ਚਾਹੀਦੀ।

ਤੇ ਉਥੋਂ ਅਸੀਂ ਫਿਰ ਇੱਕ ਹੋਰ ਪਾਸੇ ਚਲੇ ਗਏ। ਪੰਜ-ਸੱਤ ਮਿੰਟ ਤੁਰਦਿਆਂ ਹਰਜੀਤ ਨੇ ਚਮਕੀਲੇ ਨੂੰ ਕਿਹਾ, "ਛੱਡ ਚਿੰਤਾ। ਕਰ ਤਾ ਬਾਬਿਆਂ ਨੇ ਮੁਆਫ। ਉਹ ਜਾਣਦਾ ਹੋਵੇਗਾ ਕਿ ਸਲਿੱਪ ਤੇ ਕੀ ਲਿਖਿਆ ਹੈ।

ਤੇ ਅੱਗੇ ਜਿਸ ਕਮਰੇ ਵਿਚ ਅਸੀਂ ਗਏ, ਉਥੇ ਕੁਝ ਸਿੰਘ ਸਨ। ਉਹਨਾਂ ਕੋਲ ਚਮਕੀਲੇ ਦਾ ਜਿਵੇਂ ਗੰਗਾ ਦੇ ਪੰਡਿਤਾਂ ਵਾਂਗ ਪੂਰਾ ਹਿਸਾਬ-ਕਿਤਾਬ ਹੋਵੇ। ਉਹ ਹੱਸ ਪਏ, "ਬੱਲੇ ਚਮਕੀਲਿਆ। ਹੁਣ ਬਚ ਗਿਆ ਤੂੰ, ਪਹਿਲਾ ਮੌਕਾ ਨੀ ਮਿਲਿਆ ਤੇ ਅੱਜ ਖਾਲਸੇ ਦੀਆਂ ਸਰਕਾਰਾਂ ਨੇ ਬਖਸ਼ ਤਾ।  ਹੁਣ ਧਿਆਨ ਨਾਲ ਗਾਵੀਂ।"

             .....ਪਰ ਚਮਕੀਲਾ ਨਹੀਂ ਹਟਿਆ ਤੇ ਖਾਲਸੇ ਨੇ ਮਹਿਸਮਪੁਰ ਉਸਦਾ ਅਖਾੜਾ ਲਾ ਤਾ