Saturday 18 February 2017

ਕਬੀਰ ਜੀ ਅਕਸਰ ਬਨਾਰਸ ਵਿਚ - ਗਿ: ਸੰਤ ਸਿੰਘ ਜੀ ਮਸਕੀਨ

'ਕਬੀਰ ਜੀ ਅਕਸਰ ਬਨਾਰਸ ਵਿਚ ਸ਼ਮਸ਼ਾਨ ਘਾਟ 'ਤੇ ਚਲੇ ਜਾਇਆ ਕਰਦੇ ਸਨ।ਇਕ ਦਿਨ ਮਾਤਾ ਨੇ ਬੜੇ ਪੁਰਜ਼ੋਰ ਢੰਗ ਨਾਲ ਰੋਕਿਆ,
"ਪੁੱਤਰ,ਕੋਈ ਰਿਸ਼ਤੇਦਾਰ ਸੰਬੰਧੀ ਚਲਾਣਾ ਕਰ ਜਾਏ ਤਾ ਸ਼ਮਸ਼ਾਨ ਜਾਂਦੇ ਨੇ,ਪਰੰਤੂ ਤੂੰ ਰੋਜ਼ ਪਹੁੰਚ ਜਾਂਦਾ ਏਂ।"
ਕਬੀਰ ਕਹਿੰਦੇ ਹਨ,
"ਮਾਂ,ਬੜੇ ਰਤਨ ਉਥੇ ਬਿਖਰੇ ਪਏ ਹੁੰਦੇ ਨੇ।ਲੋਕੀਂ ਮੋਹ ਦੇ ਮਾਰੇ ਹੋਏ,ਅਗਿਆਨ ਦੇ ਮਾਰੇ ਹੋਏ ਉਹਨਾਂ ਰਤਨਾਂ ਨੂੰ ਉਥੇ ਛੱਡ ਕੇ ਅਾ ਜਾਂਦੇ ਹਨ।ਮੈਂ ਉਹਨਾਂ ਨੂੰ ਰੋਜ਼ ਝੋਲੀ ਭਰ ਕੇ ਲੈ ਆਉਂਦਾ ਹਾਂ।"
ਮਾਂ ਹੱਸ ਪਈ ਤੇ ਕਹਿਣ ਲੱਗੀ,
"ਪੁੱਤਰ ਸ਼ੁਦਾਈ ਹੈ।"
ਹਕੀਕਤ ਹੈ ਕਿ ਮਹਾਂ ਪੁਰਸ਼ ਤੋਂ ਮਾਂ ਬਾਪ ਕਦੇ ਲਾਭ ਨਹੀਂ ਉਠਾਇਆ ਕਰਦੇ ਅਤੇ ਨਾ ਹੀ ਕਦੇ ਸ਼ਰੀਕਾਂ ਨੇ ਲਾਭ ਉਠਾਇਆ ਹੈ।
ਮਾਂ ਸੀ,ਮਮਤਾ ਦੀ ਮਾਰੀ ਹੋਈ ਕਹਿਣ ਲੱਗੀ,
"ਤੂੰ ਸ਼ੁਦਾਈਆਂ ਵਾਲੀ ਗਲ ਕਰ ਦਿੱਤੀ।ਘਰ ਵਿਚ ਖਾਣ ਨੂੰ ਨਹੀਂ,ਤੂੰ ਰਤਨਾਂ ਦੀ ਪੰਡ ਕਿਥੋਂ ਬੰਨੑ ਕੇ ਲਿਆਇਆ ਏਂ।"
ਜਿਸ ਰਹੱਸ ਰਮਜ਼ ਦੀ ਕਬੀਰ ਗਲ ਕਰ ਰਿਹਾ ਹੈ ਉਹਨੂੰ ਸਮਝਣ ਵਾਲੇ ਦਾ ਹਿਰਦਾ ਵੀ ਕਬੀਰ ਵਰਗਾ ਚਾਹੀਦਾ ਹੈ।
ਤਾਂ ਹੀ ਕਬੀਰ ਸਤਿਨਾਮੁ ਦੀ ਧੁੰਨ ਵਿਚ ਮਸਤ ਹੈ,ਅਤੇ ਸ਼ਮਸ਼ਾਨ ਘਾਟ ਵਿਚ ਮੁਰਦੇ ਸੜ ਰਹੇ ਹਨ।ਮਾਂ ਨੇ ਡਾਂਟਦੇ ਹੋਇਆਂ ਕਿਹਾ,
"ਪੁੱਤਰ, ਤੂੰ ਤਾਂ ਕਹਿੰਦਾ ਸੀ ਮੈਂ ਰਤਨ ਚੁਣਦਾ ਹਾਂ ਇਥੇ।ਮੋਤੀਆਂ ਦੀ ਇਥੇ ਚਾਰੋਂ ਪਾਸੇ ਖਾਨ ਹੈ।ਮੈਂ ਕੱਢ ਕੇ ਲਿਆਂਦਾ ਹਾਂ ਰੋਜ਼।
ਕਿਥੇ ਨੇ ਮੋਤੀ?
ਕਿਥੇ ਨੇ ਰਤਨ?"
"ਮਾਂ ਜੋ ਮੇਰੀ ਰਸਨਾ ਸਤਿਨਾਮੁ ਸਤਿਨਾਮੁ ਜਪਦੀ ਪਈ ਹੈ,ਹਿਰਦੇ ਦੀ ਖਾਨ ਦੇ ਵਿਚੋਂ ਇਹ ਜੋ ਰਤਨ,ਇਹ ਜੋ ਮੋਤੀ ਮੈਂ ਕੱਢ ਰਿਹਾ ਹਾਂ,ਇਹ ਤੈਨੂੰ ਨਹੀਂ ਦਿਖਾਈ ਦਿੰਦੇ?"
ਮਾਂ ਆਖ਼ਰ ਮਾਂ ਸੀ!
"ਪੁੱਤਰ ਇਹ ਤਾਂ ਤੂੰ ਘਰ ਵੀ ਕਰ ਸਕਦਾ ਹੈਂ।"
ਕਬੀਰ ਕਹਿੰਦੇ ਹਨ,
"ਨਹੀਂ,ਘਰ ਵਿਚ ਮਨ ਨਹੀਂ ਮੰਨਦਾ।
ਕਿਉਂ ਨਹੀਂ?
"ਘਰ ਵਿਚ ਜ਼ਿੰਦਗੀ ਯਾਦ ਅਾਉਂਦੀ ਹੈ,ਇਥੇ ਮੌਤ ਯਾਦ ਅਾਉਂਦੀ ਹੈ।ਘਰ ਵਿਚ ਸੰਸਾਰ ਦੀ ਯਾਦ ਅਾਉਦੀ ਹੈ,ਇਥੇ ਨਿਰੰਕਾਰ ਯਾਦ ਆਉਂਦਾ ਹੈ।
"ਇਥੇ ਕਿਉਂ ਨਿਰੰਕਾਰ ਯਾਦ ਆਉਂਦਾ ਹੈ?"
"ਮਾਂ ਇਹ ਵੇਖ ਰਹੀ ਹੈਂ ਜਲਦੇ ਹੋਏ ਮੁਰਦੇ।ਜਦ ਮੈਂ ਇਹਨਾਂ ਨੂੰ ਵੇਖਦਾ ਹਾਂ ਤਾਂ ਵੇਖ ਕੇ ਅਾਪਣੇ ਮਨ ਨੂੰ ਸਮਝਾਉਂਦਾ ਹਾਂ--
"ਕਹਤ ਕਬੀਰ ਸੁਨਹੁ ਮਨ ਮੇਰੇ॥
ਇਹੀ ਹਵਾਲ ਹੋਹਿਗੇ ਤੇਰੇ ॥"
{ਗੁਰੂ ਗ੍ੰ: ਸਾ: ,ਅੰਗ,੩੩੦}
ਜਦ ਮੈਂਨੂੰ ਇਹ ਆਪਣਾ ਹਵਾਲ ਦਿਸਦਾ ਹੈ ਤਾਂ ਇਕ ਦਮ ਸੁਰਤ ਨਾਮ ਵਿਚ ਜੁੜਦੀ ਹੈ।ਇਕ ਦਮ ਮੈਂ ਬੇਅੰਤ ਦੀ ਤਲਾਸ਼ ਕਰਦਾ ਹਾਂ।ਅਾਪਣਾ ਅੰਤ ਦਿਖਾਈ ਦੇਂਦਿਆਂ ਹੀ ਸੁਰਤ ਬੇਅੰਤ ਵਿਚ ਚਲੀ ਜਾਂਦੀ ਹੈ।"
-- ਗਿ: ਸੰਤ ਸਿੰਘ ਜੀ ਮਸਕੀਨ

No comments:

Post a Comment