Sunday 5 February 2017

ਵੱਡਾ ਘੱਲੂਘਾਰਾ (5 ਫਰਵਰੀ, 1762 ਈਸਵੀ)

ਸਿੱਖ ਕੌਮ ਦੇ ਲਹੂ ਭਿੱਜੇ ਪੰਨਿਆਂ ਦੀ ਦਾਸਤਾਨ ਵੱਡਾ ਘੱਲੂਘਾਰਾ(5 ਫਰਵਰੀ, 1762 ਈਸਵੀ)
ਸਿੱਖ ਕੌਮ ਦੇ ਲਹੂ ਭਿੱਜੇ ਪੰਨਿਆਂ ਦੀ ਦਾਸਤਾਨ ਵੱਡਾ ਘੱਲੂਘਾਰਾ(5 ਫਰਵਰੀ, 1762 ਈਸਵੀ) ਜਦੋਂ ਖ਼ਾਲਸਾ ਪੰਥ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿਚ ਮੁਗ਼ਲ ਰਾਜ ਦੇ ਤਾਕਤਵਰ ਸੂਬਾ ਸਰਹਿੰਦ ਨੂੰ ਸੋਧ ਕੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਤਾਂ ਸਿੱਖ ਕੌਮ ਵਿਚ ਇਕ ਨਵਾਂ ਅਧਿਆਇ ਆਰੰਭ ਹੋ ਗਿਆ ਸੀ। ਉਸ ਦੌਰ ਵਿਚ ਪੰਜਾਬ ਦੇ ਗਵਰਨਰ ਅਬਦੁੱਲ ਸਮੱਦ ਖ਼ਾਨ ਨੇ ਸਿੱਖਾਂ ਨੂੰ ਖ਼ਤਮ ਕਰਨ ਦੇ ਅਜੇ ਪੂਰੇ ਤਰੀਕੇ ਅਪਣਾਏ ਨਹੀਂ ਸਨ ਕਿ 1726 ਈ: ਨੂੰ ਉਸ ਦੀ ਥਾਂ ਉਸ ਦਾ ਬੇਟਾ ਜ਼ਕਰੀਆ ਖ਼ਾਨ ਪੰਜਾਬ ਦਾ ਗਵਰਨਰ ਬਣ ਗਿਆ।
ਜ਼ਕਰੀਆ ਖ਼ਾਨ ਨੇ ਸਿੰਘਾਂ ‘ਤੇ ਅੰਨ੍ਹਾ ਤਸ਼ੱਦਦ ਕੀਤਾ, ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਅਤੇ 1745 ਈ: ਨੂੰ ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ 1745 ਤੋਂ 1747 ਤੱਕ ਉਸ ਦੇ ਬੇਟੇ ਯਹੀਆ ਖ਼ਾਨ ਨੇ ਹਕੂਮਤ ਕੀਤੀ। ਇਸੇ ਸਮੇਂ ਦੌਰਾਨ ਮਈ 1746 ਈ: ਨੂੰ ਛੋਟਾ ਘੱਲੂਘਾਰਾ ਵਾਪਰਿਆ। ਸ਼ਾਹ ਨਵਾਜ਼ ਖ਼ਾਨ ਨੇ 1747 ਤੋਂ 1748 ਈ: ਤੱਕ ਰਾਜ ਕੀਤਾ ਅਤੇ ਉਸ ਨੇ ਆਪਣੇ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਅਹਿਮਦਸ਼ਾਹ ਅਬਦਾਲੀ ਨੂੰ ਅਫ਼ਗਾਨਿਸਤਾਨ ਤੋਂ ਆਉਣ ਦਾ ਸੱਦਾ ਦਿੱਤਾ ਜਦਕਿ ਮੁਗਲ ਸਾਮਰਾਜ, ਨਾਦਰਸ਼ਾਹ ਦੁਰਾਨੀ ਜਿਸ ਨੇ 1738-39 ਵਿਚ ਭਾਰਤ ‘ਤੇ ਹਮਲਾ ਕੀਤਾ ਸੀ, ਦੇ ਹਮਲੇ ਨਾਲ ਖੋਖਲਾ ਹੋ ਚੁੱਕਿਆ ਸੀ।
ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ‘ਤੇ ਕਈ ਹਮਲੇ ਕੀਤੇ ਅਤੇ ਹਰ ਹਮਲੇ ਵਿਚ ਹਿੰਦੁਸਤਾਨ ਨੂੰ ਖੂਬ ਲੁੱਟਿਆ ਅਤੇ ਵਾਪਸ ਜਾਂਦੇ ਸਮੇਂ ਉਹ ਅਣਗਿਣਤ ਧਨ ਦੌਲਤ, ਕੀਮਤੀ ਸਾਮਾਨ ਤੇ ਨੌਜਵਾਨ ਲੜਕੇ-ਲੜਕੀਆਂ ਨੂੰ ਕੈਦ ਕਰਕੇ ਲੈ ਜਾਂਦਾ ਰਿਹਾ। ਜਦ ਅਹਿਮਦ ਸ਼ਾਹ ਅਬਦਾਲੀ ਨੇ ਚੌਥਾ ਹਮਲਾ ਕੀਤਾ ਤਾਂ ਉਹ ਦਿੱਲੀ ਵਿਚ ਆਪਣੀਆਂ ਫ਼ੌਜਾਂ ਨਾਲ ਬਿਨਾਂ ਕੋਈ ਲੜਾਈ ਕੀਤਿਆਂ ਵੜ ਗਿਆ।
ਹਿੰਦੁਸਤਾਨ ਵਿਚ ਅਫ਼ਗਾਨੀਆਂ ਨੂੰ ਰੋਕਣ ਵਾਲਾ ਕੋਈ ਨਹੀਂ ਸੀ। ਜੇ ਕੋਈ ਅਫ਼ਗਾਨੀਆਂ ਦਾ ਟਾਕਰਾ ਕਰ ਸਕਦਾ ਸੀ ਤਾਂ ਉਹ ਮਰਹੱਟੇ ਜਾਂ ਸਿੰਘ ਸਰਦਾਰ ਸਨ। ਪਰ ਅਹਿਮਦ ਸ਼ਾਹ ਅਬਦਾਲੀ ਨੇ ਪਾਣੀਪਤ ਦੀ ਲੜਾਈ ਵਿਚ 14 ਜਨਵਰੀ, 1761 ਈ: ਨੂੰ ਮਰਹੱਟਿਆਂ ਦਾ ਲੱਕ ਤੋੜ ਦਿੱਤਾ ਸੀ। ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੀ ਤਾਕਤ ਨੂੰ ਕੋਈ ਬਹੁਤੀ ਵੱਡੀ ਤਾਕਤ ਨਹੀਂ ਸੀ ਸਮਝਦਾ। ਅਹਿਮਦਸ਼ਾਹ ਅਬਦਾਲੀ ਦਾ ਭੁਲੇਖਾ ਉਸ ਸਮੇਂ ਦੂਰ ਹੋ ਗਿਆ ਜਦ ਅਫ਼ਗਾਨੀ ਫ਼ੌਜਾਂ ਦਿੱਲੀ ਤੋਂ ਲਾਹੌਰ ਵਾਪਸ ਜਾ ਰਹੀਆਂ ਸਨ ਤਾਂ ਸਿੱਖ ਜਥਿਆਂ ਨੇ ਅਫ਼ਗਾਨੀ ਫ਼ੌਜਾਂ ਤੋਂ ਮਾਲ ਲੁੱਟ ਕੇ ਉਨ੍ਹਾਂ ਨੂੰ ਹਲਕਾ ਕਰ ਦਿੱਤਾ ਅਤੇ ਗੋਇੰਦਵਾਲ ਦੇ ਕੋਲ ਹਮਲਾ ਕਰਕੇ 2200 ਹਿੰਦੂ ਔਰਤਾਂ ਨੂੰ ਅਫ਼ਗਾਨਾਂ ਦੇ ਪੰਜੇ ਵਿਚੋਂ ਆਜ਼ਾਦ ਕਰਵਾਇਆ।
ਅਹਿਮਦ ਸ਼ਾਹ ਅਬਦਾਲੀ ਵਾਪਸ ਜਾਣ ਤੋਂ ਪਹਿਲਾਂ ਜਿਨ੍ਹਾਂ ਜਰਨੈਲਾਂ ਨੂੰ ਲਾਹੌਰ ਦੀ ਸੰਭਾਲ ਸੌਂਪ ਕੇ ਗਿਆ ਸੀ, ਉਨ੍ਹਾਂ ਤੋਂ ਸਿੰਘ ਸਰਦਾਰਾਂ ਨੇ ਅਹਿਮਦ ਸ਼ਾਹ ਦੇ ਜਾਣ ਤੋਂ ਬਾਅਦ ਲਾਹੌਰ ਦਾ ਕਬਜ਼ਾ ਖੋਹ ਲਿਆ। ਖ਼ਾਲਸਾ ਪੰਥ ਨੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਲਾਹੌਰ ਦਾ ਬਾਦਸ਼ਾਹ ਬਣਾ ਕੇ ਖ਼ਾਲਸੇ ਦੇ ਨਾਂਅ ਦਾ ਸਿੱਕਾ ਜਾਰੀ ਕੀਤਾ। ਅਹਿਮਦ ਸ਼ਾਹ ਅਬਦਾਲੀ ਨੂੰ ਜਦ ਲਾਹੌਰ ‘ਤੇ ਸਿੱਖਾਂ ਵੱਲੋਂ ਕਬਜ਼ਾ ਕਰਕੇ ਸਿੱਕਾ ਜਾਰੀ ਕਰਨ ਬਾਰੇ ਖ਼ਬਰਾਂ ਮਿਲੀਆਂ ਤਾਂ ਉਹ ਸੜ ਬਲ ਕੇ ਕ੍ਰੋਧ ਵਿਚ ਆ ਗਿਆ। ਪੰਜਾਬ ਦੇ ਕਾਜ਼ੀ, ਮੁੱਲਾਂ ਤਾਂ ਪਹਿਲਾਂ ਹੀ ਅਹਿਮਦ ਸ਼ਾਹ ਦੇ ਕੰਨ ਭਰ ਰਹੇ ਸਨ।
ਅਹਿਮਦ ਸ਼ਾਹ ਅਬਦਾਲੀ ਨੇ ਇਹ ਧਾਰ ਕੇ ਪੰਜਾਬ ਵੱਲ ਫ਼ੌਜਾਂ ਭੇਜੀਆਂ ਕਿ ਜਿਸ ਤਰ੍ਹਾਂ ਉਸ ਨੇ ਮਰਾਠਿਆਂ ਨੂੰ ਖ਼ਤਮ ਕੀਤਾ ਹੈ, ਉਸੇ ਤਰ੍ਹਾਂ ਉਹ ਸਿੱਖ ਕੌਮ ਦਾ ਖੁਰਾ ਖੋਜ ਮਿਟਾ ਦੇਵੇਗਾ। ਅਹਿਮਦ ਸ਼ਾਹ ਅਬਦਾਲੀ ਲਾਹੌਰ ਪਹੁੰਚਿਆ ਜਿਥੋਂ ਉਸ ਨੂੰ ਪਤਾ ਲੱਗਿਆ ਕਿ ਸਿੱਖ ਜਥੇ ਤਾਂ ਸਰਹਿੰਦ ਵੱਲ ਵਿਚਰ ਰਹੇ ਹਨ। ਅਹਿਮਦ ਸ਼ਾਹ ਛੇਤੀ ਤੋਂ ਛੇਤੀ ਖ਼ਾਲਸਾ ਫ਼ੌਜਾਂ ਨਾਲ ਟਾਕਰਾ ਕਰਕੇ ਉਨ੍ਹਾਂ ਨੂੰ ਖਤਮ ਕਰਨਾ ਚਾਹੁੰਦਾ ਸੀ।
ਅਹਿਮਦ ਸ਼ਾਹ ਅਬਦਾਲੀ ਨੇ ਆਪਣੀਆਂ ਫ਼ੌਜਾਂ ਨੂੰ ਤਿੰਨਾਂ ਹਿੱਸਿਆਂ ਵਿਚ ਵੰਡਿਆ। ਇਕ ਹਿੱਸਾ ਆਪਣੇ ਅਧੀਨ, ਇਕ ਹਿੱਸਾ ਆਪਣੇ ਵਜ਼ੀਰ ਸ਼ਾਹਵਲੀ ਖਾਂ ਅਧੀਨ ਅਤੇ ਤੀਜਾ ਹਿੱਸਾ ਜਹਾਨ ਖਾਂ ਅਧੀਨ। ਖ਼ਾਲਸਾ ਪੰਥ ਇਸ ਸਮੇਂ ਕੁੱਪ ਪਿੰਡ ਦੇ ਕੋਲ ਇਕੱਠਾ ਹੋਇਆ ਸੀ ਅਤੇ ਕੁੱਪ ਪਿੰਡ ਤੋਂ ਛੇ ਮੀਲ ਦੂਰੀ ‘ਤੇ ਪਿੰਡ ਗਰਮੇ ਵਿਚ ਪੰਜਾਹ ਹਜ਼ਾਰ ਦੇ ਕਰੀਬ ਬੱਚੇ, ਬੁੱਢੇ, ਬੀਬੀਆਂ ਅਤੇ ਉਨ੍ਹਾਂ ਨਾਲ ਸਾਰਾ ਸਾਮਾਨ ਸੀ।
ਜਦ ਅਹਿਮਦਸ਼ਾਹ ਅਬਦਾਲੀ ਮਾਲੇਰਕੋਟਲੇ ਪਹੁੰਚਿਆ ਤਾਂ ਅਫ਼ਗਾਨਾਂ ਦੇ ਆਉਣ ਦਾ ਪਤਾ ਸਿੰਘਾਂ ਨੂੰ ਲੱਗਿਆ। ਉਸੇ ਸਮੇਂ ਸਿੰਘ ਗਰਮੇ ਵੱਲ ਵਧਣੇ ਸ਼ੁਰੂ ਹੋਏ। ਸਿੱਖਾਂ ਨੂੰ ਰੋਕਣ ਲਈ ਜੈਨ ਖਾਨ ਅੱਗੇ ਵਧਿਆ ਜੋ ਸਰਹਿੰਦ ਦਾ ਫ਼ੌਜਦਾਰ ਸੀ। ਇਸ ਲੜਾਈ ਵਿਚ ਜੈਨ ਖ਼ਾਨ ਦੇ ਮਗਰਲੇ ਦਸਤੇ ਨੂੰ, ਜੋ ਕਾਸਿਮ ਖਾਂ ਦੇ ਅਧੀਨ ਸੀ, ਸਿੰਘਾਂ ਨੇ ਬੁਰੀ ਤਰ੍ਹਾਂ ਭਾਂਜ ਦਿੱਤੀ ਅਤੇ ਉਸ ਨੂੰ ਪਿੱਛੇ ਹਟਣਾ ਪਿਆ। ਇਸੇ ਸਮੇਂ ਅਹਿਮਦਸ਼ਾਹ ਅਬਦਾਲੀ ਵੱਡੀ ਫ਼ੌਜ ਲੈ ਕੇ ਪਹੁੰਚ ਗਿਆ।
ਇਹ ਘਟਨਾ 5 ਫਰਵਰੀ, 1762 ਈ: ਦੀ ਹੈ। ਸਿੱਖ ਫ਼ੌਜਾਂ, ਮੁਗਲਾਂ ਨਾਲ ਟਾਕਰਾ ਕਰ ਰਹੀਆਂ ਸਨ ਅਤੇ ਨਾਲ ਹੀ ਉਨ੍ਹਾਂ ਨੂੰ ਆਪਣੇ ਪਰਿਵਾਰਾਂ, ਬੱਚਿਆਂ, ਸਿੰਘਣੀਆਂ ਤੇ ਬਜ਼ੁਰਗਾਂ ਦਾ ਫ਼ਿਕਰ ਵੀ ਸੀ। ਅਫ਼ਗਾਨੀ ਫ਼ੌਜਾਂ ਨੇ ਸਾਰੇ ਪਾਸਿਉਂ ਸਿੱਖਾਂ ‘ਤੇ ਹਮਲਾ ਕਰ ਦਿੱਤਾ। ਸਿੰਘ ਚਾਰੇ ਪਾਸਿਉਂ ਘਿਰ ਗਏ ਪਰ ਖ਼ਾਲਸਾ ਫ਼ੌਜਾਂ ਕਿਲ੍ਹਾ ਬਣਾਈ ਅਫ਼ਗਾਨਾਂ ਦਾ ਟਾਕਰਾ ਕਰਦੀਆਂ ਹੋਈਆਂ ਹੌਲੀ-ਹੌਲੀ ਪਿੱਛੇ ਹਟ ਰਹੀਆਂ ਸਨ। ਅਫ਼ਗਾਨ ਫ਼ੌਜਾਂ ਨੇ ਕਈ ਵਾਰ ਭਾਰੀ ਹਮਲਾ ਕਰਕੇ ਸਿੰਘਾਂ ਦੁਆਰਾ ਬਣਾਈ ਕੰਧ ਨੂੰ ਤੋੜ ਕੇ ਸਿੰਘਾਂ ਦੇ ਵਿਚ ਘੁਸਣਾ ਚਾਹਿਆ ਪਰ ਕਾਮਯਾਬ ਨਾ ਹੋ ਸਕੇ।
ਇਸ ਤਰ੍ਹਾਂ ਲੜਦਾ-ਭਿੜਦਾ ਖ਼ਾਲਸਾ ਕੁਤਬੇ ਬਾਹਮਣੀ ਤੱਕ ਅੱਪੜ ਗਿਆ, ਜਿਥੇ ਦੋਵਾਂ ਫ਼ੌਜਾਂ ਨੇ ਪਾਣੀ ਦੀ ਢਾਬ ਤੋਂ ਪਾਣੀ ਪੀਤਾ ਅਤੇ ਘੋੜਿਆਂ ਨੂੰ ਪਿਲਾਇਆ। ਅਫ਼ਗਾਨਾਂ ਅਤੇ ਸਿੰਘਾਂ ਨੂੰ ਲੜਾਈ ਲੜਦਿਆਂ ਸ਼ਾਮ ਪੈ ਗਈ। ਦੂਜੇ ਪਾਸੇ 800 ਅਫ਼ਗਾਨਾਂ ਨੇ ਨਿਹੱਥੇ ਬੱਚਿਆਂ, ਬੁੱਢਿਆਂ ਅਤੇ ਬੀਬੀਆਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ। ਅਫ਼ਗਾਨਾਂ ਅਤੇ ਸਿੰਘਾਂ ਦੀ ਲੜਾਈ ਕੁੱਪ ਤੋਂ ਸ਼ੁਰੂ ਹੋ ਕੇ ਕੁਤਬੇ ਪਿੰਡ ਜਾ ਕੇ ਖ਼ਤਮ ਹੋਈ।
ਅਹਿਮਦ ਸ਼ਾਹ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਵਹੀਰ ਤੇ ਖ਼ਾਲਸੇ ਨੂੰ ਅੱਡ-ਅੱਡ ਕਰ ਦਿੱਤਾ ਜਾਵੇ ਤਾਂ ਜੋ ਉਹ ਵਹੀਰ ਦਾ ਕਤਲੇਆਮ ਕਰ ਦੇਵੇ ਪਰ ਉਹ ਕਾਮਯਾਬ ਨਾ ਹੋ ਸਕਿਆ ਅਤੇ ਅਖੀਰ ਉਹ ਲੜਾਈ ਦੀ ਕਮਾਨ ਜਹਾਨ ਖਾਨ ਨੂੰ ਦੇ ਕੇ ਆਪ ਮਾਲੇਰਕੋਟਲੇ ਵੱਲ ਚਲਾ ਗਿਆ। ਇਸ ਘੱਲੂਘਾਰੇ ਵਿਚ 35,000 ਦੇ ਕਰੀਬ ਸਿੰਘ, ਸਿੰਘਣੀਆਂ, ਭੁਝੰਗੀਆਂ ਤੇ ਬਜ਼ੁਰਗ ਸ਼ਹੀਦੀਆਂ ਪਾ ਗਏ। ਸ਼ਹੀਦ ਹੋਣ ਵਾਲਿਆਂ ਵਿਚ ਜ਼ਿਆਦਾ ਗਿਣਤੀ ਵਹੀਰੀਆਂ ਦੀ ਸੀ।
ਅਹਿਮਦਸ਼ਾਹ ਅਬਦਾਲੀ ਇਹ ਸਮਝਦਾ ਸੀ ਕਿ ਹੁਣ ਸਿੰਘ ਵੀ ਮਰਾਠਿਆਂ ਦੀ ਤਰ੍ਹਾਂ ਦਬ ਜਾਣਗੇ। ਪਰ ਸਿੰਘਾਂ ਨੇ ਤਿੰਨ ਮਹੀਨੇ ਬਾਅਦ ਸਰਹਿੰਦ ‘ਤੇ ਹਮਲਾ ਕਰਕੇ ਫਤਹਿ ਹਾਸਲ ਕੀਤੀ। ਅਖੀਰ ਜੈਨ ਖ਼ਾਨ ਨੇ 50,000 ਰੁਪਏ ਸਿੰਘਾਂ ਨੂੰ ਦੇ ਕੇ ਸਮਝੌਤਾ ਕੀਤਾ। ਸਿੰਘਾਂ ਨੇ ਅਗਸਤ 1762 ਈ: ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਮੁੜ ਮੁਰੰਮਤ ਅਤੇ ਸਰੋਵਰ ਦੀ ਸਫ਼ਾਈ ਸ਼ੁਰੂ ਕੀਤੀ।
ਅਹਿਮਦਸ਼ਾਹ ਅਬਦਾਲੀ ਅਕਤੂਬਰ ਮਹੀਨੇ ਲਾਹੌਰ ਪਹੁੰਚਿਆ, ਇਸੇ ਮਹੀਨੇ ਦੀਵਾਲੀ ਦਾ ਤਿਉਹਾਰ ਸੀ। ਉਸ ਨੂੰ ਉਮੀਦ ਸੀ ਕਿ ਸਿੱਖ ਦੀਵਾਲੀ ਦੇ ਸਮੇਂ ਸ੍ਰੀ ਅਮ੍ਰਿਤਸਰ ਇਕੱਠੇ ਹੋਣਗੇ ਅਤੇ ਉਸ ਸਮੇਂ ਸਿੱਖਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਸਿੰਘ ਪਹਿਲਾਂ ਹੀ ਤਿਆਰੀ ‘ਚ ਸਨ। 17 ਅਕਤੂਬਰ, 1762 ਈ: ਨੂੰ ਦੀਵਾਲੀ ਵਾਲੇ ਦਿਨ ਅਹਿਮਦਸ਼ਾਹ ਅਬਦਾਲੀ ਨੇ ਸਿੰਘਾਂ ‘ਤੇ ਹਮਲਾ ਕਰ ਦਿੱਤਾ ਪਰ ਸਿੰਘ ਇੰਨੀ ਬਹਾਦਰੀ ਨਾਲ ਲੜੇ ਕਿ ਅਬਦਾਲੀ ਨੂੰ ਨਾਨੀ ਚੇਤੇ ਕਰਵਾ ਦਿੱਤੀ। ਅਹਿਮਦਸ਼ਾਹ ਅੰਮ੍ਰਿਤਸਰ ਤੋਂ ਫ਼ੌਜਾਂ ਸਮੇਤ ਲਾਹੌਰ ਭੱਜ ਗਿਆ। ਸਿੰਘਾਂ ਨੇ ਉਸ ਦਾ ਪਿੱਛਾ ਕੀਤਾ। ਅਹਿਮਦਸ਼ਾਹ ਲਾਹੌਰ ਵੀ ਨਹੀਂ ਠਹਿਰਿਆ ਅਤੇ ਉਸ ਨੇ ਅਟਕ ਪਾਰ ਕਰਕੇ ਸਾਹ ਲਿਆ।
ਜਦੋਂ ਸਿੰਘ ਕੰਧਾਂ ਤੇ ਦਰਵਾਜ਼ੇ ਤੋੜ ਕੇ ਲਾਹੌਰ ਅੰਦਰ ਵੜੇ, ਉਸ ਸਮੇਂ ਤੱਕ ਸ਼ਿਕਾਰ ਹੱਥੋਂ ਨਿਕਲ ਚੁੱਕਿਆ ਸੀ। ਡਾ: ਹਰੀ ਰਾਮ ਗੁਪਤਾ ਦੇ ਕਥਨ ਅਨੁਸਾਰ ਅਬਦਾਲੀ ਦੀਆਂ ਫ਼ੌਜਾਂ ਸ਼ਸਤਰਾਂ ਵਿਚ ਤੇ ਯੁੱਧ ਕਲਾ ਵਿਚ ਬਹੁਤ ਪਰਬੀਨ ਸਨ। ਲੜਾਈ ਦੇ ਹਿਸਾਬ ਨਾਲ ਸਿੱਖਾਂ ਕੋਲ ਨਾ ਪੂਰੇ ਹਥਿਆਰ ਸਨ ਤੇ ਨਾ ਹੀ ਯੁੱਧ ਕਲਾ ਦੀ ਸਿੱਖਿਆ ਸੀ ਜੋ ਡਟਵੀਂ ਲੜਾਈ ਵਿਚ ਕੰਮ ਆਉਂਦੀ ਹੈ ਪਰ ਉਹ ਜੋਸ਼ ਨਾਲ ਜੂਝਦੇ ਸਨ ਤੇ ਗੁਰੂ ਵਾਸਤੇ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਸਨ।’

No comments:

Post a Comment