Sunday 26 February 2017

ਭਾਵਨਾ ਬਿਹੀਨ ਦੀਨ ਕੈਸੇ ਕੈ ਤਰਤ ਹੈ - ਗਿ.ਸੰਤ ਸਿੰਘ ਮਸਕੀਨ

ਦੈਵੀ ਗੁਣਾਂ ਵਿਚੋਂ ਸ਼ਰਧਾ ਸਿਰਮੌਰ ਹੈ। ਧਰਮ ਸ਼ਰਧਾ ਭਾਵਨਾ ਤੇ ਖੜ੍ਹਾ ਹੈ।   “ਭਾਵਤਯੀ ਵਿਦਯਤੇ ਦੇਵਾ। ”  ਭਾਵਨਾ ਨਾਲ ਹੀ ਦੇਵ ਪਰਗਟ ਹੁੰਦਾ ਹੈ। ਭਾਵਨਾ ਹੀ ਹਿਰਦੇ ਵਿਚ ਭਗਵਾਨ ਨੂੰ ਰੂਪਾਂਤਰਿਤ ਕਰਦੀ ਹੈ। ਭਗਤੀ ਭਾਵਨਾ ਤੇ ਖੜ੍ਹੀ ਹੈ। ਲਗਾਤਾਰ ਸਤਿਸੰਗ ਵਿਚ ਇਕਸਾਰ ਸਰਵਣ ਕਰਨ ਤੋਂ ਹੀ ਭਾਵਨਾ ਪ੍ਰਾਪਤ ਹੁੰਦੀ ਹੈ।


 ਸਾਧਸੰਗਤਿ ਬਿਨਾ ਭਾਉ ਨਹੀਂ ਊਪਜੈ ਭਾਵ ਬਿਨੁ ਭਗਤਿ ਨਹੀਂ ਹੋਇ ਤੇਰੀ॥ (ਗੁ. ਗ੍ਰੰ. ਸਾਹਿਬ)


 ਭਾਵਨਾ ਬਿਹੀਨ ਦੀਨ ਕੈਸੇ ਕੈ ਤਰਤ ਹੈ॥ (ਸ੍ਰੀ ਦਸਮ ਗ੍ਰੰਥ )


ਧਰਮ ਦੀ ਸਾਰੀ ਕਲਾ ਪ੍ਰਭੂ ਦੇ ਗੁਣਾਂ ਦੀ ਛਵ, ਤੇ ਦੈਵੀ ਸ਼ਕਤੀਆਂ ਭਾਵਨਾ ਦੀ ਝੋਲੀ ਵਿਚ ਹੀ ਸਮਾਉਂਦੀਆਂ ਹਨ। ਕਹਿੰਦੇ ਨੇ ਸ਼ੇਰਨੀ ਦਾ ਦੁੱਧ ਕੇਵਲ ਸੋਨੇ ਦੇ ਬਰਤਨ ਵਿਚ ਰਹਿੰਦਾ ਹੈ। ਨਾਮ ਦੀ ਮਿਠਾਸ, ਪ੍ਰਭੂ ਦਾ ਆਨੰਦ, ਭਾਵਨਾ ਦੇ ਬਰਤਨ ਵਿਚ ਹੀ ਸਮਾ ਸਕਦਾ ਹੈ। ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾ ਕੇ ਜ਼ਖਮੀ ਕਰਨਾ ਯਾ ਪੂਰਨ ਤੌਰ ਤੇ ਭਾਵਨਾ ਨੂੰ ਤੋੜ ਦੇਣਾ ਕਤਲ ਤੁੱਲ ਅਪਰਾਧ ਹੈ। ਕਿਸੇ ਦੇ ਸ਼ਰੀਰ ਨੂੰ ਖਤਮ ਕਰਨ ਵਾਲੇ ਨੂੰ ਕਾਤਿਲ ਕਿਹਾ ਜਾਂਦਾ ਹੈ, ਪਰ ਉਹ ਮਹਾਂ ਕਾਤਿਲ ਹੈ, ਜੋ ਕਿਸੇ ਦੀ ਭਾਵਨਾ ਨੂੰ ਤੋੜ ਕੇ ਧਾਰਮਿਕ ਜੀਵਨ ਨੂੰ ਸਮਾਪਤ ਕਰ ਦਿੰਦਾ ਹੈ। ਇਹ ਦੋ ਤਰ੍ਹਾਂ ਦੇ ਕਾਤਿਲ ਪ੍ਰਿਥਵੀ ਤੇ ਮੌਜੂਦ ਰਹਿੰਦੇ ਹਨ। ਹਰ ਦੇਸ਼ ਦਾ ਕਾਨੂੰਨ ਯਤਨਸ਼ੀਲ ਰਹਿੰਦਾ ਹੈ, ਕਿ ਕੋਈ ਕਾਤਿਲ ਕਿਸੇ ਦਾ ਕਤਲ ਕਰਨ ਵਿਚ ਸਫਲ ਨਾਂ ਹੋਵੇ। ਸੂਝਵਾਨ ਬ੍ਰਹਮਨਿਸ਼ਟ, ਸ਼ਰਧਾ ਭਰਪੂਰ ਹਿਰਦੇ ਅਤੇ ਧਰਮ ਕਲਾ ਨੂੰ ਸਾਹਿਤਕ ਰੂਪ ਦੇਣ ਵਾਲੇ ਵਿਦਵਾਨ ਹਰ ਵਕਤ ਯਤਨਸ਼ੀਲ ਰਹਿਣੇ ਚਾਹੀਦੇ ਹਨ, ਤਾਂ ਕਿ ਕੋਈ ਕੋਰਾ ਹਿਰਦਾ ਠੋਸ ਅੱਖਰਾਂ ਦੇ ਨਾਲ ਭਾਵਨਾ ਦੇ ਸ਼ੀਸ਼ੇ ਨੂੰ ਤੋੜ ਨਾ ਸਕੇ। ਭਾਵਨਾ ਅਤੀ ਕੋਮਲ ਹੁੰਦੀ ਹੈ ਅਤੇ ਭਾਵਨਾ-ਬਿਹੀਨ ਅਤੀ ਕਠੋਰ। ਫੁੱਲ ਕੋਮਲ ਹੁੰਦੇ ਨੇ, ਕੰਡੇ ਸਖਤ ਤੇ ਚੁੱਭਵੇਂ ਹੁੰਦੇ ਹਨ। ਕੁੱਝ ਸਮੇਂ ਤੋਂ ਇਹ ਕੰਡੇ ਦਸਮ ਗ੍ਰੰਥ ਦੇ ਫੁੱਲਾਂ ਦੇ ਬਗੀਚੇ ਨੂੰ ਤੋੜਨ ਤੇ ਚੀਰਨ ਵਿਚ ਅਗਰਸਰ ਹਨ। ਸਿਰਫ ਇਕ ਵਿਸ਼ੇ ਨੂੰ ਹੀ ਆਧਾਰ ਬਣਾ ਕੇ ਤਰਕ ਦਾ ਬੇ-ਬੁਨਿਆਦ ਜਾਲ ਤਣਿਆ ਹੈ।


ਸਮੂੰਹ ਜੀਵਾਂ ਦੀ ਉਤਪਤੀ ਕਾਰਨ ਪ੍ਰਮਾਤਮਾ ਨੇ ਕਾਮ ਬਣਾਇਆ ਹੈ। ਜੀਵਨ ਵਿਚ ਲੋਭ ਹੋ ਸਕਦਾ ਹੈ। ਜੀਵਨ ਤੇ ਕਾਮ ਤੋਂ ਹੋਇਆ ਹੈ। ਬੇਸ਼ੱਕ ਜੀਵਨ ਦੀ ਚੱਲ ਰਹੀ ਰੌ ਵਿਚ ਮੋਹ, ਅਹੰਕਾਰ ਤੇ ਕ੍ਰੋਧ ਮੁਸ਼ਕਲ ਖੜ੍ਹ ਕਰ ਸਕਦਾ ਹੈ,ਪਰ ਜਨਮ ਤੇ ਹੋਇਆ ਹੀ ਕਾਮ ਤੋਂ ਹੈ। ਦੋ ਹੀ ਪ੍ਰਬਲ ਰਸ ਹਨ- 1.ਨਾਮ ਰਸ 2. ਕਾਮ ਰਸ। ਨਾਮ ਦਾ ਜਪ ਮਨੁੱਖ ਦੇ ਅੰਦਰੋਂ ਰਾਮ ਨੂੰ ਜਨਮ ਦੇਂਦਾ ਹੈ। ਔਰ ਕਾਮ ਦੀ ਕ੍ਰਿਆ ਸੰਤਾਨ ਨੂੰ ਜਨਮ ਦੇਂਦੀ ਹੈ। ਲੋਭ, ਮੋਹ, ਅਹੰਕਾਰ ਤੇ ਕ੍ਰੋਧ ਦੇ ਉਪਰ ਹਰ ਰੋਜ਼ ਧਰਮ ਮੰਦਰਾਂ ਵਿਚ ਖੁੱਲ੍ਹ ਕੇ ਕਥਾ ਕਹਾਣੀਆਂ ਹੁੰਦੀਆਂ ਹਨ। ਲੇਖਣੀ ਅਤੇ ਕਾਵਿ-ਕਲਾ ਦੇ ਰਾਹੀਂ ਭੀ ਜਾਣੂ ਕਰਾਇਆ ਜਾਂਦਾ ਹੈ, ਤਾਂ ਕਿ ਮਨੁੱਖ ਅਹੰਕਾਰ, ਲੋਭ, ਮੋਹ ਤੇ ਕ੍ਰੋਧ ਦੀ ਮਾਰੂ ਮਾਰ ਤੋਂ ਬਚ ਸਕੇ। ਬਹੁਤਾਤ ਵਿਚ ਵੱਡੇ ਵੱਡੇ ਬ੍ਰਹਮ ਗਿਆਨੀ, ਸਾਹਿਤਕਾਰ ਤੇ ਕਥਾ-ਵਾਚਕ ਕਾਮ ਬਾਰੇ ਖਾਮੋਸ਼ ਨੇ। ਔਰ ਕਾਮ ਦੀ ਵਰਤੋਂ ਸੰਤਾਨ ਪੈਦਾ ਕਰਨ ਲਈ ਨਾਂ ਹੋ ਰਹੀ ਹੋਣ ਕਰਕੇ, ਇਸਦੀ ਦੁਰਵਰਤੋਂ ਮਨੁੱਖ ਨੂੰ ਸ਼ੈਤਾਨ ਬਨਾਉਣ ਲਈ ਸਮਰਥ ਹੋ ਰਹੀ ਹੈ। ਇਸਦੀ ਅਗਿਆਨਤਾ ਕਰਕੇ ਹੀ ਬਹੁਤੀ ਮਨੁੱਖਤਾ ਕਾਮ ਦੇ ਉਸਾਰੂ ਤੇ ਮਾਰੂ ਅੰਜਾਮ ਤੋਂ ਖਾਲੀ ਹੈ। ਜਨਮ ਕਾਮ ਤੋਂ ਹੈ। ਜੀਵਨ ਵਿਚੋਂ ਕਾਮ ਨੂੰ ਕੱਢਣਾ ਗੈਰ-ਪ੍ਰਾਕ੍ਰਿਤਕ ਹੈ, ਔਰ ਇਸ ਵਿਚ ਮਨੁੱਖਤਾ ਨੂੰ ਸਫਲਤਾ ਕਤਈ ਨਹੀਂ ਹੋ ਸਕਦੀ। ਸੁੰਦਰ ਫੁੱਲਾਂ ਦੇ ਬੀਜ ਕਰੂਪ ਤੇ ਕਠੋਰ ਹੁੰਦੇ ਹਨ। ਬੀਜ ਦੀ ਕਰੂਪਤਾ ਤੇ ਕਠੋਰਤਾ ਨੂੰ ਦੇਖ ਕੇ ਦਲ ਮਲ ਦੇਈਏ ਤਾਂ ਸੁੰਦਰ ਫੁੱਲਾਂ ਤੇ ਕੋਮਲਤਾ ਤੋਂ ਵਾਂਝੇ ਰਹਿ ਜਾਵਾਂਗੇ। ਭਾਵੇਂ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਕਠੋਰ ਬੀਜ ਹਨ, ਪਰ ਇੰਹਨਾਂ ਦੀ ਸਹੀ ਵਰਤੋਂ ਕਰਕੇ ਜੀਵਨ ਨੂੰ ਸਿਰਫ ਮਹਾਨ ਹੀ ਨਹੀਂ ਬਲਕਿ ਭਗਵਾਨ ਬਣਾਇਆ ਜਾ ਸਕਦਾ ਹੈ। ਲੋਭ, ਮੋਹ, ਅਹੰਕਾਰ ਤੇ ਕ੍ਰੋਧ ਦੇ ਵਿਸ਼ੇ ਤੇ ਰਿਸ਼ੀਆਂ ਮੁਨੀਆਂ ਨੇ ਆਪਣੀ ਲਿਖਤ ਰਾਹੀਂ ਬਹੁਤ ਜਾਣਕਾਰੀ ਮਨੁੱਤਾ ਦੀ ਝੋਲੀ ਵਿਚ ਪਾਈ ਹੈ। ਅਵਤਾਰਾਂ ਨੇ ਵੀ ਭਰਪੂਰ ਯੋਗਦਾਨ ਦਿੱਤਾ ਹੈ। ਲੇਕਿਨ ਇਕ ਬੀਜ ਜੋ ਸਾਰੇ ਬੀਜਾਂ ਦਾ ਮੂਲ-ਬੀਜ ਸੀ, ਉਸ ਸਬੰਧੀ ਖਾਮੋਸ਼ ਰਹੇ ਯਾ ਮੱਧਮ ਆਵਾਜ਼ ਵਿਚ ਬੋਲੇ। ਉਹ ਮੂਲ-ਬੀਜ ਕਾਮ ਸੀ। ਰਿਸ਼ੀ ਵਾਤਸਾਇਨ ਨੇ ਕੋਈ ਤਿੰਨ ਹਜ਼ਾਰ ਸਾਲ ਪਹਿਲੇ ਕਾਮ ਦੇ ਵਿਸ਼ਟ ਦੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਸੀ।


 ਅਹੰਕਾਰ, ਲੋਭ, ਮੋਹ, ਤੇ ਕ੍ਰੋਧ ਤੱਕ ਮਨੁੱਖ ਸ਼ਰੇਆਮ ਪ੍ਰਗਟ ਕਰਦਾ ਹੈ। ਕਾਮ ਕ੍ਰਿਤ ਨੂੰ ਪਸ਼ੂ ਹੀ ਸ਼ਰੇਆਮ ਪ੍ਰਗਟ ਕਰਦੇ ਹਨ। ਮਨੁੱਖਤਾ ਨੇ ਆਪਣੇ ਆਦਿ ਕਾਲ ਤੋਂ ਹੀ ਇਸ ਨੂੰ ਪੜਦੇ ਵਿਚ ਰੱਖਿਆ ਹੈ। ਕ੍ਰਿਤ ਪੜਦੇ ਵਿਚ ਹੋਣ ਕਰਕੇ ਵਿਚਾਰ ਵੀ ਪੜਦੇ ਵਿਚ ਹੋ ਗਏ, ਇਸ ਲਈ ਵਿਚਾਰ ਵਿਟਾਂਦਰੇ ਨੂੰ ਅਸ਼ਲੀਲ ਸਮਝਿਆ ਗਿਆ। ਕ੍ਰਿਤ ਪੜਦੇ ਵਿਚ ਜਾਇਜ਼ ਹੈ, ਕਿਉਂਕਿ ਮਨੁੱਖ ਮਨੁੱਖ ਹੈ-ਪਸ਼ੂ ਨਹੀਂ ਹੈ। ਪਰ ਵਿਚਾਰ ਨੂੰ ਪੜਦੇ ਵਿਚ ਰੱਖ ਕੇ ਮਨੁੱਖਤਾ ਗੁਮਰਾਹ ਹੋ ਗਈ। ਅੱਜ ਜਿਤਨਾਂ ਅਸ਼ਲੀਲ ਸਾਹਿਤ ਮਨੁੱਤਾ ਦੀ ਝੋਲੀ ਵਿਚ ਪਿਆ ਹੈ, ਇਹ ਪਹਿਲੇ ਨਹੀਂ ਸੀ। ਇਸ ਵਾਸਤੇ ਕਾਮ ਦੀ ਦੁਰਵਰਤੋਂ ਨੇ ਘਰ-ਬਾਰ ਪਰਿਵਾਰ ਤੋੜ ਕੇ ਰੱਖ ਦਿੱਤੇ। ਦੁਰਾਚਾਰੀ ਤੇ ਗਨਕਾ ਹੋਣਾ ਕਾਬਲੇ-ਕਾਬੂਲ ਹੋ ਗਿਆ। ਕਾਮ ਮਨੁੱਖ ਨੂੰ ਬਲਾਤਕਾਰੀ ਤੇ ਇਸਤ੍ਰੀ ਨੂੰ ਗਨਕਾ ਨਾ ਬਣਾਵੇ, ਇਸ ਵਿਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲੇਖਣੀ ਨੇ ਅਤੁੱਟ ਯੋਗਦਾਨ ਪਾਇਆ ਹੈ। ਇਸਤ੍ਰੀ ਕਿਵੇਂ ਤੇ ਕਿਉਂ ਗਨਕਾ ਬਣਦੀ ਹੈ?, ਔਰ ਪੁਰਸ਼ ਵਿਭਚਾਰੀ ਤੇ ਬਲਾਤਕਾਰੀ ਕਿਉਂ ਤੇ ਕਿਵੇਂ ਬਣਦੇ ਹਨ?, ਇਸ ਦੀ ਬਾਰੀਕੀ ਤੇ ਵਿਸਤਾਰ ਸਹਿਤ ਵੀਚਾਰ ਦਸਮ ਗ੍ਰੰਥ ਵਿਚ ਮਿਲਦੀ ਹੈ, ਜਿਸ ਉਪਰ ਉਲਟੀ ਦ੍ਰਿਸ਼ਟੀ ਰੱਖਣ ਵਾਲਿਆ ਨੇ ਕਿੰਤੂ-ਪ੍ਰੰਤੂ ਕੀਤੇ ਹਨ। ਕਾਮ ਇਕ ਐਸਾ ਬੀਜ ਹੈ, ਇਸ ਦਾ ਉਤੰਗ ਵੇਗ ਕਾਮ ਰਸ ਨੂੰ ਜਨਮ ਦੇਂਦਾ ਹੈ, ਔਰ ਰਾਮ ਰਸਕ ਦਾ ਕਾਮ ਨਿਵਾਣ ਵੱਲ ਚੱਲ ਕੇ ਇਕ ਸੁੰਦਰ ਸੁਸ਼ੀਲ ਧਾਰਮਿਕ ਸੰਤਾਨ ਨੂੰ ਜਨਮ ਦੇਂਦਾ ਹੈ।


       -  ਗਿ.ਸੰਤ ਸਿੰਘ ਮਸਕੀਨ

No comments:

Post a Comment