Sunday 5 February 2017

ਗੁਰਬਾਣੀ ਵਿਗਿਆਨ

ਵਿਗਿਆਨ ਦੇ ਹਿਸਾਬ ਨਾਲ 4.5 ਲੱਖ ਕਰੋੜ ਸਾਲ ਪਹਿਲਾਂ ਧਰਤੀ ਦੀ ਪੈਦਾਇਸ਼ ਹੋਈ। 3.5 ਲੱਖ ਕਰੋੜ ਸਾਲ ਪਹਿਲਾਂ ਸਮੁੰਦਰ ਦੇ ਪਾਣੀ ਵਿੱਚ ਜੀਵਨ ਦਾ ਆਰੰਭ ਸੈੱਲਾਂ ਦੇ ਰੂਪ ਵਿੱਚ ਹੋਇਆ। ਇਸ ਖੋਜ ਤੋਂ ਪਹਿਲਾਂ ਹੀ ਗੁਰਬਾਣੀ ਵਿੱਚ ਇਹ ਗੱਲ ਦਰਜ ਕੀਤੀ ਹੋਈ ਮਿਲਦੀ ਹੈ ਕਿ ਜੀਵਨ ਦਾ ਆਰੰਭ ਪਾਣੀ ਤੋਂ ਹੋਇਆ ਹੈ। ਗੁਰੂ ਜੀ ਦਾ ਮਹਾਂਵਾਕ ਹੈ :

ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ
(ਵਾਰ ਸਾਰੰਗ, ਮ: ੧, ਪੰਨਾ 1240)

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ
(ਸਿਰੀਰਾਗੁ ਮ: ੧, ਪੰਨਾ 19)

ਗੁਰਬਾਣੀ ਸਾਨੂੰ ਇਹ ਵੀ ਦ੍ਰਿੜ ਕਰਵਾਉਂਦੀ ਹੈ ਕਿ ਇਹ ਪਾਤਾਲ, ਅਕਾਸ਼, ਧਰਤੀ, ਚੰਦ, ਸੂਰਜ, ਤਾਰੇ, ਹਵਾ, ਦਰਿਆ ਆਦਿ ਸਮੁੱਚਾ ਬ੍ਰਹਿਮੰਡ ਉਸ ਅਕਾਲ ਪੁਰਖ ਅਕਾਲ ਜੋਤਿ ਦੇ ਹੁਕਮ ਵਿੱਚ ਹੀ ਪੂਰੇ ਨਿਯਮਬੱਧ ਤਰੀਕੇ ਨਾਲ ਕਾਰਜਸ਼ੀਲ ਤਥਾ ਆਪਣੇ-ਆਪਣੇ ਦਾਇਰੇ ਅੰਦਰ ਘੁੰਮ ਰਹੇ ਹਨ ਅਤੇ ਇਨ੍ਹਾਂ ਵਿੱਚ ਕਦੀ ਟਕਰਾਅ ਨਹੀਂ ਆਉਂਦਾ ਅਤੇ ਇਹ ਤਾਰਿਕਾ ਮੰਡਲ, ''ਕਈ ਕੋਟਿ ਸਸੀਅਰ ਸੂਰ ਨਖਤ੍ਰ'' (ਸੁਖਮਨੀ ਸਾਹਿਬ) ਹਨ। ਵਿਗਿਆਨ ਨੇ ਬੜੀ ਦੇਰ ਬਾਅਦ ਸਿੱਧ ਕੀਤਾ ਹੈ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਗੁਰਬਾਣੀ ਨੇ ਸਾਨੂੰ ਚੰਦ-ਤਾਰਿਆਂ ਦੀ ਗਤੀਸ਼ੀਲਤਾ ਬਾਰੇ (ਤਾਰਾ ਵਿਗਿਆਨ) ਦੱਸਿਆ ਹੈ। ਗੁਰਵਾਕ ਹੈ :

ਭੈ ਵਿਚਿ ਪਵਣੁ ਵਹੈ ਦਸਵਾਉ
ਭੈ ਵਿਚਿ ਚਲਹਿ ਲਖ ਦਰੀਆਉ
ਭੈ ਵਿਚਿ ਅਗਨਿ ਕਢੈ ਵੇਗਾਰਿ
ਭੈ ਵਿਚਿ ਧਰਤੀ ਦਬੀ ਭਾਰਿ
ਭੈ ਵਿਚਿ ਇੰਦੁ ਫਿਰੇ ਸਿਰ ਭਾਰਿ
ਭੈ ਵਿਚਿ ਰਾਜਾ ਧਰਮ ਦੁਆਰੁ
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ
ਕੋਹ ਕਰੋੜੀ ਚਲਤ ਨਾ ਅੰਤੁ
(ਵਾਰ ਆਸਾ ਮ: ੧, ਪੰਨਾ 464)

ਲੇਖਕ: ਪ੍ਰੋ. ਕਿਰਪਾਲ ਸਿੰਘ ਬਡੂੰਗਰ

No comments:

Post a Comment