Monday 20 March 2017

ਜਦੋ ਕੇਵਲ ਤਿੰਨ ਸਿੱਖਾਂ ਨੇ ਮੁਗਲਾਂ ਦੀ ਪੂਰੀ ਰੈਜਿਮੈਂਟ ਭਜਾ ਦਿੱਤੀ..... ਮਾਰਚ-1754

ਪੰਜਾਬ ਦੇ ਮੁਗਲ ਸੂਬੇਦਾਰਾਂ ਨਾਲ ਟਕਰਾਅ ਦੇ ਦੌਰਾਨ ਸਿੱਖਾਂ ਨੇ ਬੇਮਿਸਾਲ ਜਵਾਂਮਰਦੀ ਅਤੇ ਬਹਾਦਰੀ ਦਿਖਾਈ। ਕਿਸੇ ਵੀ ਕਿਸਮ ਦੇ ਬੁਰੇ ਹਾਲਾਤ ਨਾਲ ਨਜਿੱਠਣ ਲਈ ਜਿਵੇਂ ਸਿੱਖਾਂ ਨੇ ਇੱਕ ਨਿਪੁੰਨ ਜੰਗਬਾਜ਼ ਹੋਣ ਦਾ ਸਬੂਤ ਦਿੱਤਾ ਉਹ ਇਸ ਉਦਾਹਰਣ ਤੋਂ ਸਪੱਸ਼ਟ ਹੁੰਦਾ ਹੈ।
ਨਵੰਬਰ. 1753 ਵਿੱਚ ਮੀਰ ਮੰਨੂ ਦੀ ਮੌਤ ਹੋ ਗਈ। ਉਸ ਦੀ ਜਗ੍ਹਾ ਉਸਦੀ ਘਰਵਾਲੀ ਮੁਗਲਾਨੀ ਬੇਗ਼ਮ ਨੇ ਲਾਹੌਰ ਦਾ ਰਾਜ ਭਾਗ ਸੰਭਾਲਿਆ। ਦਿੱਲੀ ਦੀ ਹਕੂਮਤ ਪੰਜਾਬ ਦੇ ਮਸਲਿਆਂ ਦਾ ਪੂਰਾ ਧਿਆਨ ਨਹੀਂ ਕਰਦੀ ਸੀ। ਮੁਗਲਾਨੀ ਬੇਗ਼ਮ ਦੀ ਸਰਕਾਰ ਦੇ ਖਿਲਾਫ ਕਈ ਬਗ਼ਾਵਤਾਂ ਹੋਈਆਂ। ਸਿੱਖਾਂ ਨੇ ਹਰ ਜਗ੍ਹਾ ਉੱਧਮੂਲ ਮਚਾਇਆ ਹੋਇਆ ਸੀ। ਉਨ੍ਹਾਂ ਦਾ ਇੱਕ ਗੜ੍ਹ ਪੱਟੀ ਦਾ ਇਲਾਕਾ ਸੀ। ਮੁਗਲਾਨੀ ਬੇਗ਼ਮ ਨੇ ਤੁਰਕੀ ਮੂਲ ਦੇ ਇੱਕ ਜਮਾਦਾਰ ਕਾਸਿਮ ਖਾਂ ਨੂੰ ਪੱਟੀ ਦਾ ਦਰੋਗਾ ਬਣਾ ਦਿੱਤਾ। ਉਸ ਨੂੰ ਬਦਖਸ਼ਾਂ ਦੇ ਇਲਾਕੇ ਦੀਆਂ ਬਣੀਆਂ 300 ਛੋਟੀਆਂ ਬੰਦੂਕਾਂ, 100 ਤੁਰਕੀ ਘੋੜਸਵਾਰ, ਹਜ਼ਾਰਾਂ ਮੁਗਲ ਘੋੜਸਵਾਰ ਅਤੇ ਪਿਆਦੇ ਦੇ ਕੇ ਬਹੁਤ ਸਾਰਾ ਨਗਦ ਪੈਸਾ ਵੀ ਦਿੱਤਾ। ਤਮ੍ਹਸ ਖਾਨ ਮਿਸਕਿਨ ਜੋ ਕਾਸਿਮ ਖਾਨ ਦਾ ਕਮਾਂਡਰ ਸੀ, ਲਿਖਦਾ ਹੈ :-
"ਕਾਸਿਮ ਖਾਨ ਲਾਹੌਰ ਤੋਂ ਤੁਰਿਆ ਅਤੇ ਛੇ ਕਿਲੋਮੀਟਰ ਦੀ ਦੂਰੀ ਤੇ ਉਸ ਨੇ ਲਖਪਤ ਰਾਇ ਦੇ ਬਾਗ਼ ਵਿੱਚ ਟਿਕਾਣਾ ਕੀਤਾ। ਇੱਕ ਦਿਨ ਬਾਅਦ ਅਸੀਂ ਵੀ ਉਸ ਬਾਗ ਵਿੱਚ ਮਿਲ ਪਏ। ਉਸ ਨੇ ਸਾਡਾ ਨਿੱਘਾ ਸਵਾਗਤ ਕੀਤਾ ਅਤੇ ਸਾਨੂੰ ਸਾਰਿਆਂ ਨੂੰ ਮਹਿਮਾਨ ਨਿਵਾਜ਼ੀ ਵੱਜੋਂ ਰਾਤ ਨੂੰ ਨਾਚ ਗਾਣਾ ਦੇਖਣ ਲਈ ਸੋਨੇ ਦੇ ਦੋ ਦੋ ਸਿੱਕੇ ਦਿੱਤੇ। ਅਚਾਨਕ ਉਸੇ ਰਾਤ ਸਾਡੀ ਸਿੱਖਾਂ ਨਾਲ ਮੁੱਠਭੇੜ ਹੋ ਗਈ। ਲੋਕਾਂ ਨੇ ਕਾਸਿਮ ਖਾਂ ਨੂੰ, ਨੀਚ ਸਿੱਖਾਂ ਦਾ ਤਲਵਾਰ ਵਾਹ ਕੇ ਮੌਤ ਦੇ ਘਾਟ ਉਤਾਰ ਕੇ ਉਹਨਾ ਦਾ ਖੁਰਾ ਖੋਜ ਮਿਟਾ ਦੇਣ ਵਾਸਤੇ ਪਹਿਲ ਕਰਨ ਲਈ ਜ਼ਿਦ ਕੀਤੀ। ਪਰ ਕਾਸਿਮ ਖਾਂ ਨਹੀਂ ਮੰਨਿਆ। ਸ਼ਾਮ ਨੂੰ ਅਸੀਂ ਅਪਣੇ ਕੈਂਪ ਵਿੱਚ ਵਾਪਿਸ ਆ ਗਏ।
ਏਨੇ ਨੂੰ ਸਿੱਖ ਪਿਛਲੇ ਪਾਸਿਓਂ ਲੜਦੇ ਹੋਏ ਸਾਡੇ ਕੈਂਪ ਨੇੜੇ ਆਏ ਤੇ ਅਚਾਨਕ ਵਾਪਿਸ ਮੁੜ ਗਏ। ਅਸੀਂ ਸਾਰੀ ਰਾਤ ਭੰਬਲਭੂਸੇ ਵਿੱਚ ਕੱਟੀ। ਅਗਲੇ ਦਿਨ ਅਸੀਂ ਪੱਟੀ ਵੱਲ ਕੂਚ ਕੀਤਾ ਅਤੇ 36 ਕਿਲੋਮੀਟਰ ਦੂਰ ਤੇ ਦਮੋਦਰਾਂ ਨਾਮਕ ਮੁਗਲਾਂ ਦੇ ਪਿੰਡ ਵਿੱਚ ਟਿਕਾਣਾ ਕਰ ਲਿਆ। ਪਿੰਡ ਦਾ ਮੁਖੀਆ ਲੋਕਾਂ ਨੂੰ ਨਾਲ ਲੈ ਕੇ ਸਾਡਾ ਸਨਮਾਨ ਕਰਨ ਆਇਆ। ਅਸੀਂ ਉਹ ਸਾਰੇ ਗ੍ਰਿਫਤਾਰ ਕਰ ਲਏ ਅਤੇ ਉੱਥੋਂ ਦਾ ਕਿਲ੍ਹਾ ਪਿੰਡ ਸਮੇਤ ਲੁੱਟ ਲਿਆ। ਉਸ ਪਿੰਡ ਨੂੰ ਸਿੱਖਾਂ ਨਾਲ ਮਿਲੇ ਹੋਏ ਹੋਣ ਦੇ ਸ਼ੱਕ ਵਿੱਚ ਘੇਰਾ ਪਾਇਆ ਗਿਆ। ਅਸੀਂ ਉੱਥੇ ਇੱਕ ਮਹੀਨਾ ਰਹੇ ਅਤੇ ਕਿਸੇ ਵੀ ਔਰਤ ਜਾਂ ਬੱਚੇ ਨੂੰ ਰਿਹਾ ਨਹੀਂ ਕੀਤਾ ਗਿਆ। ਸਿੱਖ ਹਰ ਰੋਜ਼ ਸੁਭਾ ਸ਼ਾਮ ਸਾਡੇ ਨਾਲ ਲੜਦੇ ਅਤੇ ਵਾਪਿਸ ਜਾਂਦੇ ਰਹੇ। "
"ਕੁਝ ਦਿਨਾਂ ਪਿੱਛੋਂ ਕਾਸਿਮ ਖਾਂ ਨੇ ਆਪਣੇ ਭਰਾ ਆਲਮ ਬੇਗ਼ ਖਾਂ ਨੂੰ ਇੱਕ ਹਜ਼ਾਰ ਘੋੜ ਸਵਾਰ ਅਤੇ ਪਿਆਦੇ ਮੁਹੱਈਆ ਕਰ ਕੇ ਸਿੱਖਾਂ ਦੇ ਪਿੰਡ ਉੱਤੇ ਅਚਾਨਕ ਧਾਵਾ ਬੋਲਣ ਲਈ ਭੇਜਿਆ। ਸਿੱਖ ਅੱਗੋਂ ਤਿਆਰ ਬਰ ਤਿਆਰ ਮਿਲੇ ਅਤੇ ਲੜਾਈ ਸ਼ੁਰੂ ਹੋ ਗਈ। ਆਲਿਮ ਬੇਗ਼ ਨੇ ਆਪਣੇ ਆਪ ਨੂੰ ਸਿੱਖਾਂ ਦੀ ਟੱਕਰ ਨਾ ਸਹਾਰਦੇ ਹੋਏ ਤਿੰਨ ਸੌ ਪਿਆਦੇ ਮਰਵਾ ਕੇ ਮੈਦਾਨ ਛੱਡਣ ਦਾ ਫੈਸਲਾ ਕਰ ਲਿਆ। ਇਹ ਸੁਣ ਖੇ ਦਰੋਗਾ ਕਾਸਿਮ ਖਾਂ ਘੋੜੇ ਉੱਤੇ ਸਵਾਰ ਹੋ ਕੇ ਆਪ ਲੜਾਈ ਦੇ ਮੈਦਾਨ ਵੱਲ ਵਧਿਆ "।
ਮੈਂ ਵੀ ਛੇ ਕੁ ਕਿਲੋਮੀਟਰ ਤੇ ਦੋ ਘੋੜਸਵਾਰਾਂ ਨੂੰ ਨਾਲ ਲੈ ਕੇ ਉਸ ਨਾਲ ਜਾ ਮਿਲਿਆ। ਮੈਂ ਦੇਖਿਆ ਸਾਡੇ ਸਿਪਾਹੀ ਵਾਪਿਸ ਭੱਜੇ ਆ ਰਹੇ ਸਨ ਜਿਨ੍ਹਾਂ ਵਿੱਚ ਮੇਰੇ ਆਪਣੇ ਮੁਹੰਮਦ ਆਕਿਲ ਵਰਗੇ ਵੀ ਸਨ ਜਿਨ੍ਹਾਂ ਨੂੰ ਮੈਂ ਪੂਰੀ ਸੁਰੱਖਿਆ ਦੇ ਕੇ ਸਹੀ ਸਲਾਮਤ ਭੇਜਿਆ ਸੀ।"
ਅਸੀਂ ਹੋਰ ਅੱਗੇ ਵਧੇ ਤਾਂ ਕੀ ਦੇਖਿਆ ਕਿ ਕੇਵਲ ਤਿੰਨ ਸਿੱਖ ਸਾਡੇ ਸਿਪਾਹੀਆਂ ਨੂੰ ਅੱਗੇ ਲਾਈ ਆ ਰਹੇ ਸਨ। ਮੈਂ ਉਨ੍ਹਾਂ ਦੇ ਪਿੱਛੇ ਚਾਰ ਪੰਜ ਕਿਲੋਮੀਟਰ ਘੋੜਾ ਭਜਾਇਆ ਅਤੇ ਆਪਣੇ ਅਨੇਕਾਂ ਸਿਪਾਹੀ ਰਸਤੇ ਵਿੱਚ ਮਰੇ ਪਏ ਦੇਖੇ "।
ਏਥੇ ਸਿੱਖਾਂ ਨੇ 'ਸਵਾ ਲਾਖ ਸੇ ਏਕ ਲੜਾਊਂ ' ਵਾਲੀ ਪ੍ਰੰਪਰਾ ਪ੍ਰਤੱਖ ਕਰ ਕੇ ਦਿਖਾ ਦਿੱਤੀ।
-----------------------------

No comments:

Post a Comment