Saturday 6 May 2017

ਦੇਖੋ ! ਸਬਰ,ਸਿਦਕ ਤੇ ਸੰਤੋਖ ਪਾਤਸ਼ਾਹ ਦਾ !!!

ਚਮਕੌਰ ਦੀ ਗੜੀ ਚ ਪੁੱਤ ਅਤੇ ਪੁੱਤਾਂ ਜਿੰਨੇ ਪਿਆਰੇ ਕੁਝ ਸਿੰਘ ਸ਼ਹੀਦ ਹੋ ਚੁੱਕੇ ਨੇ ਤੇ ਕੁਝ ਵਿਛੜ ਚੁੱਕੇ ਨੇ !!!
ਕਹਿੰਦੇ ਨਾਂ ਪੈਰੀ ਜੋੜਾ ਹੈ,ਚੋਲਾ ਪਾਟਿਆ ਹੋਇਆ ਹੈ,ਨਾਂ ਤਾਜ ਹੈ ਨਾਂ ਬਾਜ ਹੈ,ਨਾਂ ਬਾਦਸ਼ਾਹਤ ਦੀ ਨਿਸ਼ਾਨੀ ਦਸਤਾਰ ਤੇ ਕਲਗੀ ਹੈ !!!!

ਪਰ ਫਿਰ ਵੀ ਝਾੜੀਦਾਰ ਜੰਗਲ ਚ ਖਿਆਲ ਚ ਬੈਠੇ ਮਨ ਚ ਬੈਰਾਗ ਭਰ ਖਿਆਲ/ਧਿਆਨ/ਚਿੰਤਨ ਚ ਕਹਿ ਰਹੇ ਨੇ !

ਖਿਆਲ ਪਾਤਿਸ਼ਾਹੀ ੧੦॥

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥
ਅਰਥ :
ਮਿਤ੍ਰ = ਮਿੱਤਰ(ਆਪਣੇ ਮਨ ਨੂੰ ਸੰਬੋਧਨ ਸ਼ਬਦ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਚ ਨੰਬਰ 79 ਤੋਂ 80 ਤੇ ਇੱਕ ਸ਼ਬਦ ਆਇਆ ਹੈ "ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ਤੋਂ ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥" ਤੱਕ  )

ਪਿਆਰੇ = ਪਿਆਰਾ ( ਆਪਣੇ ਪ੍ਰੇਮੀ ਪਰਮੇਸ਼ਵਰ ਨੂੰ ਸੰਬੋਧਨ ਸ਼ਬਦ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਚ ਹਵਾਲੇ ਨੇ,
ਹਵਾਲਾ ਨੰ 1. ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ॥ ( ਪੰਨਾ ਨੰਬਰ : 51)
ਹਵਾਲਾ ਨੰ 2. ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥ ( ਪੰਨਾ ਨੰਬਰ : 80 )
ਹਵਾਲਾ ਨੰ 3. ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ ( ਪੰਨਾ ਨੰਬਰ : 83 )
ਹਵਾਲਾ ਨੰ 4.ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥( ਪੰਨਾ ਨੰਬਰ : 99 )
ਹਵਾਲਾ ਨੰ 5.ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥( ਪੰਨਾ ਨੰਬਰ : 105 ) ਇਹਨਾਂ ਹਵਾਲਿਆਂ ਤੋਂ ਇਲਾਵਾ ਹੋਰ ਵੀ ਅਨੇਕਾਂ ਹਵਾਲੇ ਨੇ।

ਨੂੰ = ਨੂੰ

ਹਾਲ = ਹਾਲ/ਹਾਲਤ/ਦਸ਼ਾ ( ਜਿਵੇਂ ਸਤਿਗੁਰੂ ਗੁਰੂ ਨਾਨਕ ਜੀ ਇੱਕ ਸ਼ਬਦ ਚ ਕਹਿੰਦੇ ਨੇ "ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥")

ਮੁਰੀਦਾਂ = ਚੇਲੇ/ਪੈਰੋਕਾਰ ( ਜਿਵੇਂ ਕਿ ਬਾਬਾ ਫ਼ਰੀਦ ਜੀ ਗੁਰੂ ਗ੍ਰੰਥ ਸਾਹਿਬ ਚ ਦਰਜ਼ ਸ਼ਬਦ ਚ ਕਹਿੰਦੇ ਨੇ "ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥)

ਦਾ = ਦਾ

ਕਹਿਣਾ = ਕਥਨ/ਬਿਆਨ/ਆਖ ਦੇਣਾ।

ਵਿਆਖਿਆ : ਐ ! ਮਨ ਪਰਮੇਸ਼ਵਰ ਨੂੰ ਉਸਦੇ ਚੇਲੇ ਦੀ ਹਾਲਤ ਆਖ ਦੇ। (ਦੇਖੋ ! ਦੁਨਿਆਵੀ ਤੌਰ ਤੇ ਕਿ ਕੁਝ ਬੀਤ ਚੁੱਕੀ ਹੈ ਫੇਰ ਵੀ ਪਰਮੇਸ਼ਵਰ ਨੂੰ ਤਾਹਨੇ-ਮੇਹਣੇ ਮਾਰਨ ਦੀ ਬਿਜਾਏ ! ਹਾਲੇ ! ਵੀ ਉਸ ਰੱਬ ਨੂੰ ਪਿਆਰਾ ਕਹਿ ਰਹੇ ਨੇ,ਦੇਖੋ ਅਵਸਥਾ)
________________________________________________
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥
ਅਰਥ :
ਤੁਧੁ = ਤੇਰੇ

ਬਿਨੁ = ਬਿਨ੍ਹਾਂ/ਬਗੈਰ

ਰੋਗੁ = ਬਿਮਾਰੀ

ਰਜਾਈਆਂ = ਰਜਾਈ(ਰਜਾਈ ਜਾਂ ਲੇਫ਼ ਜਾਂ ਤੁਲਾਈ ਇੱਕ ਤਰਾਂ ਦਾ ਬਿਸਤਰਾ ਹੁੰਦਾ ਹੈ। ਇਹ ਇੱਕ ਕੂਲ਼ਾ ਅਤੇ ਪੱਧਰਾ ਥੈਲੀਨੁਮਾ ਹੁੰਦਾ ਹੈ ਜਿਸ ਵਿੱਚ ਲੂੰ, ਨਰਮ ਖੰਭ, ਉੱਨ, ਰੇਸ਼ਮ ਜਾਂ ਹੋਰ ਬਣਾਉਟੀ ਸਮਾਨ ਭਰਿਆ ਹੁੰਦਾ ਹੈ ਅਤੇ ਕਿਸੇ ਸਿਰ੍ਹਾਣੇ ਵਾਙ ਇੱਕ ਲਾਹੁਣਯੋਗ ਗਲਾਫ਼ ਨਾਲ਼ ਢਕੀ ਹੋਈ ਹੁੰਦੀ ਹੈ।ਜਿਸ ਨੂੰ ਠੰਡ ਤੋਂ ਬਚਣ ਲਈ ਵਰਤਿਆ ਜਾਂਦਾ !
ਹੁਣ ਦੇਖੋ ! ਗੁਰੂ ਪਾਤਸ਼ਾਹ ਨੇ ਰਜਾਈ ਦਾ ਜ਼ਿਕਰ ਕਿਉਂ ਕੀਤਾ ਖਿਆਲ ਚ ਦੇਖੋ ਹੁਣ ਕਿਹੜਾ ਮਹੀਨਾਂ ਸੀ,ਜਿਸ ਚ ਚਮਕੌਰ ਦੀ ਜੰਗ ਹੋਈ ਤੇ ਗੁਰੂ ਮਹਾਰਾਜ ਮਾਛੀਵਾੜੇ ਦੇ ਜੰਗਲ ਚ ਪਹੁੰਚੇ,ਦਿਸੰਬਰ ਮਹੀਨਾ ਸੀ ? ਕਿੰਨੀ ਠੰਡ ਦਾ ਮਹੀਨਾਂ ਹੁੰਦਾ ?)

ਦਾ = ਦਾ

ਓਢਣ = ਉੱਪਰ ਲੈਣੀ

ਨਾਗ = ਸੱਪ
 
ਨਿਵਾਸਾਂ = ਰਹਿਣ ਦਾ ਸਥਾਨ/ਘਰਾਂ

ਦੇ = ਦੇ

ਰਹਿਣਾ = ਰਹਿਣਾ  ॥

ਵਿਆਖਿਆ : ਤੇਰੀ ਯਾਦ ਤੋਂ ਬਗੈਰ ਰਜਾਈ ਉੱਪਰ ਲੈਣੀ ਮੈਨੂੰ ਇੰਝ ਬਿਮਾਰੀ ਵਾਂਗ ਜਾਪਦੀ ਹੈ ਜਿਵੇਂ ਮੈਂ ਜ਼ਹਿਰੀਲੇ ਸੱਪਾਂ ਦੇ ਵਿੱਚ ਰਹਿ ਰਿਹਾਂ ਹੋਵਾਂ। ( ਹੁਣ ਦੇਖੋ ! ਕਿੰਨੀ ਦ੍ਰਿੜ੍ਹਤਾ ਤੇ ਨਿਸਚੈ ਹੈ, ਪੋਹ ਦਾ ਮਹੀਨਾਂ ਸਰੀਰ ਨੂੰ ਚੀਰਦੀ ਖੂਨ ਖੜਾਉਂਦੀ ਠੰਡ ਹੈ,ਤੇ ਕਹਿ ਰਹੇ ਨੇ,ਮੈਨੂੰ ਤੇਰੀ ਰਜ਼ਾ ਤੋਂ ਬਿਨ੍ਹਾਂ ਰਜਾਈ ਇੰਝ ਜਾਪਦੀ ਹੈ ਜਿਵੇਂ ਕੋਈ ਰੋਗ ਹੈ " ਜਿਵੇਂ ਕਿ ਇਹੀ ਗੱਲ ਬਾਬਾ ਫ਼ਰੀਦ ਜੀ ਗੁਰੂ ਗ੍ਰੰਥ ਸਾਹਿਬ ਚ ਦਰਜ਼ ਆਪਣੀ ਬਾਣੀ ਚ ਕਹਿੰਦੇ ਨੇ ਕਿ "ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ, ਮਤਲਬ ਫਰੀਦਾ, ਫਿਕਰ ਚਿੰਤਾ ਮੇਰੀ ਮੰਜੀ ਹੈ, ਤਕਲੀਫ ਮੇਰਾ ਬਾਣ ਅਤੇ ਵਾਹਿਗੁਰੂ ਨਾਲੋ ਵਿਛੋੜੇ ਦਾ ਦੁਖ ਮੇਰਾ ਬਿਸਤਰਾ ਅਤੇ ਰਜਾਈ।)
________________________________________________

ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥

ਅਰਥ :
ਸੂਲ = ਕੰਡਾ/ਸੂਲੀ/ਕਿੱਕਰ ਦਾ ਲੰਬਾ ਕੰਡਾ/ਚੋਭ

ਸੁਰਾਹੀ = ਲੰਬੇ ਪਤਲੇ ਗਲੇ ਵਾਲਾ ਬਰਤਨ/ਝੱਜਰ

ਖੰਜਰੁ = ਲੰਬਾ ਛੁਰਾ ( ਜਿਸ ਦੇ ਕਟਾਰ,ਪੇਸ਼ਕਬਜ ਆਦਿ ਰੂਪ ਹਨ)

ਪਿਆਲਾ = ਛੋਟਾ ਚੌੜਾ ਜਿਹਾ ਗਲਾਸ ਜਿਸ ਨੇ ਸਮਾਂ ਪਾ ਕੁੰਡੇ ਲੱਗਣ ਨਾਲ ਕੱਪ ਦਾ ਰੂਪ ਧਾਰ ਲਿਆ।

ਬਿੰਗ = ਤਿੱਖਾ ਜਾਂ ਦੰਦਿਆਂ ਵਾਲਾ ਛੁਰਾ/ਨਸ਼ਤਰ(ਜਿਸ ਨਾਲ ਕਸਾਈ ਮਾਸ ਚੀਰਦੇ ਨੇ)

ਕਸਾਈਆਂ = ਜਾਨਵਰ ਵੱਢ ਕੇ ਜਾਨਵਰ ਦੇ ਸਰੀਰ ਚੋ ਖਾਣ ਯੋਗ ਮਾਸ ਕੱਢਣ ਚ ਨਿਪੁਨ

ਦਾ = ਦਾ

ਸਹਿਣਾ = ਹੰਢਾਉਣਾ/ਝੱਲਣਾ/ਬਰਦਾਸ਼ਤ/ਸਹਾਰਨਾ  ॥

ਵਿਆਖਿਆ : ਸੁਰਾਹੀ ਕੰਡਿਆਂ ਦੀ ਚੋਬ ਸਮਾਨ ਹੈ ਤੇ ਪਿਆਲੇ ਚ ਕੁਝ ਪੀਨਾ/ਹੰਢਾਉਣਾ ਇਸ ਤਰ੍ਹਾਂ ਲਗਦਾ ਜਿਵੇਂ ਕਸਾਈਆਂ ਦੇ ਛੁਰੇ ਤੇ ਚਾਕੂ ਵੱਜ ਰਹੇ ਹੋਣ ( ਕੁਝ ਲੋਕ ਕਹਿੰਦੇ ਨੇ ਕਿ ਸੁਰਾਹੀ ਤੇ ਪਿਆਲਾ ਸ਼ਰਾਬ ਪਾਉਣ ਲਈ ਵਰਤਿਆ,ਪਰ ਪੁਰਾਣੇ ਸਮੇਂ ਤੋਂ ਅੰਗਰੇਜ਼ਾਂ ਦੇ ਸਮੇਂ 19ਵੀਂ ਸਦੀ ਦੇ ਸ਼ੁਰੂ ਤੱਕ ਸੁਰਾਹੀ ਨੂੰ ਠੰਡ ਦੇ ਮੌਸਮ ਚ ਕੁਝ ਗਰਮ ਚੀਜ਼ਾਂ ਪਾਉਣ ਜਿਵੇਂ ਕਿ ਪਾਣੀ ਅਤੇ ਦੁੱਧ ਆਦਿ ਅਤੇ ਗਰਮੀਆਂ ਚ ਠੰਡਾ ਸ਼ਰਬਤ ਪਾਉਣ ਲਈ ਵੀ ਵਰਤਿਆ ਜਾਂਦਾ ਸੀ,ਤੇ ਜਾਹਿਰ ਜੀ ਗੱਲ ਹੈ,ਕਿ ਬਾਦਸ਼ਾਹ ਤੇ ਰਾਜੇ ਜਦੋਂ ਭੋਜਨ ਕਰਦੇ ਸੀ ਤਾਂ ਉਹ ਪਿਆਲੇ ਨੂੰ ਪਾਣੀ ਪੀਣ ਲਈ ਵੀ ਵਰਤਦੇ ਸੀ ਤੇ ਸ਼ਰਬਤ ਪੀਣ ਲਈ ਵੀ )
________________________________________________________
ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥੧॥
ਅਰਥ :
ਯਾਰੜੇ = ਪਿਆਰਾ ਮਿੱਤਰ/ਪੱਕਾ ਮਿੱਤਰ ( ਪਰਮੇਸ਼ਵਰ ਨੂੰ ਸੰਬੋਧਨ )
ਦਾ = ਦਾ
ਸਾਨੂੰ = ਸਾਨੂੰ
ਸੱਥਰੁ = ਫੂਹੜ ਦੀ ਵਿਛਾਈ/ਸੁੱਕੇ ਘਾਹ ਦਾ ਬਿਸਤਰਾ/ਜਮੀਨ ਦੇ ਵਿਛਾਈ
ਚੰਗਾ = ਚੰਗਾ/ਉੱਤਮ/ਵਧੀਆ
ਭੱਠ = ਤੱਤੀ ਰੇਤ ਤੋਂ ਉੱਠਣ ਵਾਲਾ ਸੇਕ/ਗਰਮ ਥਾਂ/ਵੱਡਾ ਚੁਲ੍ਹਾ/ਗਰਮ ਜਗ੍ਹਾ
ਖੇੜਿਆਂ = ਖੁਸ਼ੀਆਂ/ਪਿੰਡ ( ਜਿਵੇਂ ਗੁਰੂ ਗ੍ਰੰਥ ਸਾਹਿਬ ਚ ਹਵਾਲਾ ਹੈ " ਪ੍ਰਥਮੇ ਵਸਿਆ ਸਤ ਕਾ ਖੇੜਾ ॥(ਪੰਨਾ 886) )
ਦਾ = ਦਾ 
ਰਹਿਣਾ = ਰਹਿਣਾ ॥

ਵਿਆਖਿਆ : ਹੇ ! ਪਰਮੇਸ਼ਵਰ ! ਤੇਰੀ ਰਜ਼ਾ ਚ ਸਾਨੂੰ ਜਮੀਨ ਤੇ ਸੁੱਕਾ ਘਾਹ ਵਿਛਾ ਕੇ ਹੀ ਸੌਣਾ ਹੀ ਚੰਗਾ ਲਗਦਾ ਜਿਵੇਂ ਮੈਂ ਖੁਸ਼ੀਆਂ ਦੇ ਪਿੰਡ ਤੇ ਗਰਮੀ/ਨਿੱਘ ਚ ਹੋਵਾਂ। ( ਇਸ ਪੰਕਤੀ ਤੋਂ ਜਾਹਿਰ ਹੋ ਰਿਹਾ ਕਿ ਠੰਡ ਬਹੁਤ ਹੈ,ਪਰ ਗੁਰੂ ਪਾਤਸ਼ਾਹ ਨੂੰ ਪ੍ਰਭੂ ਦੇ ਪ੍ਰੇਮ ਚ ਡੁੱਬੇ ਹੋਣ ਕਰਕੇ ਨਿੱਘ ਮਹਿਸੂਸ ਹੋ ਰਹੀ ਹੈ )

No comments:

Post a Comment